ਮਾਛੀਵਾੜਾ ਨੇੜੇ ਸਰਹਿੰਦ ਨਹਿਰ ਕੰਢੇ ਅੱਜ ਸਵੇਰੇ ਸੰਘਣੀ ਧੁੰਦ ਕਾਰਨ ਵਾਪਰੇ ਸੜਕ ਹਾਦਸੇ ਵਿੱਚ ਦੋ ਨੌਜਵਾਨਾਂ ਅਵਤਾਰ ਸਿੰਘ (42) ਵਾਸੀ ਗੰਗੂਵਾਲ ਅਤੇ ਉਸ ਦੇ ਦੋਸਤ ਰਿਸ਼ੀਪਾਲ ਸਿੰਘ (32) ਵਾਸੀ ਬਣੀ, ਥਾਣਾ ਆਨੰਦਪੁਰ ਸਾਹਿਬ ਦੀ ਮੌਤ ਹੋ ਗਈ ਜਦੋਂਕਿ ਅਵਤਾਰ ਸਿੰਘ ਦੀ ਪਤਨੀ ਹਰਪਾਲ ਕੌਰ, ਸੱਸ ਗੁਰਮੀਤ ਕੌਰ ਅਤੇ ਧੀ ਸਹਿਜਲੀਨ (9) ਗੰਭੀਰ ਜ਼ਖ਼ਮੀ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਦੁਕਾਨਦਾਰ ਅਵਤਾਰ ਸਿੰਘ ਆਪਣੀ ਕਾਰ ਰਾਹੀਂ ਦੋਸਤ ਅਤੇ ਬਾਕੀ ਪਰਿਵਾਰਕ ਮੈਂਬਰਾਂ ਨੂੰ ਨਾਲ ਲੈ ਕੇ ਅੱਜ ਤੜਕੇ ਆਪਣੇ ਪਿੰਡ ਤੋਂ ਦੁਕਾਨ ਦਾ ਸਾਮਾਨ ਖਰੀਦਣ ਲਈ ਲੁਧਿਆਣਾ ਆਇਆ ਸੀ। ਇਸ ਦੌਰਾਨ ਜਦੋਂ ਉਹ ਮਾਛੀਵਾੜਾ ਨੇੜੇ ਗੜ੍ਹੀ ਪੁਲ ਕੋਲ ਪੁੱਜੇ ਤਾਂ ਸੰਘਣੀ ਧੁੰਦ ਕਾਰਨ ਸੜਕ ’ਤੇ ਹੀ ਖੜ੍ਹੇ ਇੱਕ ਟਰਾਲੇ ਵਿੱਚ ਵਿੱਚ ਉਨ੍ਹਾਂ ਦੀ ਕਾਰ ਜਾ ਵੱਜੀ। ਇਹ ਟੱਕਰ ਐਨੀ ਜ਼ਬਰਦਸਤ ਸੀ ਕਿ ਕਾਰ ਦੇ ਪਰਖੱਚੇ ਉੱਡ ਗਏ ਅਤੇ ਉਸ ਵਿੱਚ ਸਵਾਰ ਅਵਤਾਰ ਸਿੰਘ ਤੇ ਰਿਸ਼ੀਪਾਲ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ। ਸੂਚਨਾ ਮਿਲਦੇ ਹੀ ਪੁਲੀਸ ਵੀ ਮੌਕੇ ’ਤੇ ਪੁੱਜ ਗਈ ਅਤੇ ਬੜੀ ਮੁਸ਼ਕਿਲ ਨਾਲ ਮ੍ਰਿਤਕਾਂ ਦੀਆਂ ਲਾਸ਼ਾਂ ਕਾਰ ’ਚੋਂ ਕੱਢੀਆਂ ਗਈਆਂ। ਹਾਦਸੇ ਵਿੱਚ ਜ਼ਖ਼ਮੀ ਹੋਈਆਂ ਹਰਪਾਲ ਕੌਰ, ਗੁਰਮੀਤ ਕੌਰ ਤੇ ਬੱਚੀ ਸਹਿਜਲੀਨ ਨੂੰ ਮਾਛੀਵਾੜਾ ਦੇ ਹਸਪਤਾਲ ਵਿੱਚ ਲਿਆਂਦਾ ਗਿਆ, ਜਿੱਥੇ ਤਿੰਨਾਂ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਲੁਧਿਆਣਾ ਰੈਫ਼ਰ ਕਰ ਦਿੱਤਾ ਗਿਆ। ਪੁਲੀਸ ਵੱਲੋਂ ਟਰਾਲਾ ਚਾਲਕ ਦੀ ਪਛਾਣ ਕਰ ਕੇ ਉਸ ਖਿਲਾਫ਼ ਅਣਗਹਿਲੀ ਵਰਤਣ ਦਾ ਕੇਸ ਦਰਜ ਕੀਤਾ ਜਾ ਰਿਹਾ ਹੈ। ਪੁਲੀਸ ਵਲੋਂ ਲਾਸ਼ਾਂ ਨੂੰ ਕਬਜ਼ੇ ’ਚ ਲੈ ਕੇ ਪੋਸਟ ਮਾਰਟਮ ਲਈ ਭਿਜਵਾ ਦਿੱਤਾ ਗਿਆ ਹੈ। ਸੂਚਨਾ ਮਿਲਣ ਉਪਰੰਤ ਮ੍ਰਿਤਕਾਂ ਦੇ ਪਰਿਵਾਰਕ ਮੈਂਬਰ ਵੀ ਮੌਕੇ ਉੱਤੇ ਪਹੁੰਚ ਗਏ ਸਨ।
INDIA ਸੰਘਣੀ ਧੁੰਦ ਕਾਰਨ ਹਾਦਸੇ ’ਚ ਦੋ ਵਿਅਕਤੀਆਂ ਦੀ ਮੌਤ