ਪਿੰਡ ਸੰਗੂਧੌਨ ਵਿੱਚ ਪੰਚਾਇਤੀ ਜ਼ਮੀਨ ’ਤੇ ਸ਼ਾਂਤੀਪੂਰਵਕ ਬੈਠੇ ਬੇਘਰ ਪਰਿਵਾਰਾਂ ਨੂੰ ਸਦਰ ਪੁਲੀਸ ਨੇ ਅੱਧੀ ਰਾਤ ਨੂੰ ਖਦੇੜ ਦਿੱਤਾ ਤੇ ਅੱਜ ਸਵੇਰੇ ਪੁਲੀਸ ਫੋਰਸ ਦੀ ਹਾਜ਼ਰੀ ’ਚ ਇਸ ਜ਼ਮੀਨ ਨੂੰ ਪੰਚਾਇਤ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ। ਦੱਸਣਯੋਗ ਹੈ ਕਿ ਇਕ ਹਫਤੇ ਤੋਂ ਇਸ ਜ਼ਮੀਨ ਨੂੰ ਲੈ ਕੇ ਸਥਿਤੀ ਤਣਾਅਪੂਰਨ ਬਣੀ ਹੋਈ ਹੈ। ਦੋ ਸਤੰਬਰ ਨੂੰ ਇਸ ਜ਼ਮੀਨ ਉੱਪਰ ਪਹਿਲਾਂ ਕਰੀਬ 50 ਸਾਲ ਤੋਂ ਨਾਜਾਇਜ਼ ਕਾਬਜ਼ ਰਹੇ ਪਿੰਡ ਦੇ ਧਨਾਢ ਜ਼ਿਮੀਂਦਾਰਾਂ ਨੇ ਹਮਲਾ ਕਰਕੇ ਮਜ਼ਦੂਰਾਂ ਦੀ ਕੁੱਟਮਾਰ ਕੀਤੀ ਸੀ ਜਿਸ ਦੀ ਵੀਡੀਓ ਵਾਇਰਲ ਹੋਣ ਮਗਰੋਂ ਸਦਰ ਪੁਲੀਸ ਨੇ ਅਮਰਜੀਤ ਸਿੰਘ, ਉਸ ਦੇ ਪੁੱਤਰ ਸ਼ਮਿੰਦਰ ਸਿੰਘ ਤੇ ਪੋਤਰੇ ਯਾਦਵਿੰਦਰ ਸਿੰਘ ਅਤੇ ਠੇਕੇਦਾਰ ਬੂਟਾ ਸਿੰਘ ਖ਼ਿਲਾਫ਼ ਧਾਰਾ 354 ਬੀ, 323, 341 ਆਈ. ਪੀ. ਸੀ. ਤਹਿਤ ਕੇਸ ਦਰਜ ਕਰਕੇ ਅਮਰਜੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਸੀ ਪਰ ਇਸ ਤੋਂ ਬਾਅਦ ਅੱਜ ਪੁਲੀਸ ਨੇ ਕਾਰਵਾਈ ਕਰਦਿਆਂ ਬਘਰਿਆਂ ਨੂੰ ਖੁਦ ਹੀ ਜਬਰਦਸਤੀ ਉਠਾ ਦਿੱਤਾ। ਦਿਹਾਤੀ ਮਜ਼ਦੂਰ ਸਭਾ ਦੇ ਆਗੂ ਸੂਬਾ ਜਨਰਲ ਸਕੱਤਰ ਗੁਰਨਾਮ ਸਿੰਘ ਦਾਊਦ, ਜਮਹੂਰੀ ਕਿਸਾਨ ਸਭਾ ਦੇ ਸੂਬਾ ਪ੍ਰੈਸ ਸਕੱਤਰ ਪ੍ਰਗਟ ਸਿੰਘ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਆਗੂ ਕਾਕਾ ਸਿੰਘ ਖੁੰਡੇ ਹਲਾਲ ਨੇ ਪੁਲੀਸ ਵੱਲੋਂ ਕੀਤੀ ਕਾਰਵਾਈ ਨੂੰ ਧੱਕੇਸ਼ਾਹੀ ਕਰਾਰ ਦਿੱਤਾ। ਆਗੂਆਂ ਕਿਹਾ ਕਿ ਇਕ ਪਾਸੇ ਤਾਂ ਪੰਜਾਬ ਸਰਕਾਰ ਨੇ ਲਿਖਤੀ ਸਰਕੂਲਰ ਜਾਰੀ ਕਰ ਕੇ ਅਤੇ ਅਰਜ਼ੀਆਂ ਦੀ ਮੰਗ ਕਰ ਕੇ 5-5 ਮਰਲੇ ਦੇ ਪਲਾਟ ਦੇਣ ਦਾ ਐਲਾਨ ਕੀਤਾ ਹੈ ਤੇ ਦੂਜੇ ਪਾਸੇ ਬੇਘਰੇ ਮਜ਼ਦੂਰਾਂ ਦੀ ਕੁੱਟਮਾਰ ਕਰ ਕੇ ਉਨ੍ਹਾਂ ਦੇ ਜਬਰ ਢਾਹਿਆ ਜਾ ਰਿਹਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਵੀਰਵਾਰ ਦੀ ਰਾਤ ਨੂੰ ਪੁਲੀਸ ਨੇ ਬੇਘਰੇ ਲੋਕਾਂ ਦੀ ਕੁੱਟਮਾਰ ਕੀਤੀ ਜਿਨ੍ਹਾਂ ’ਚ ਔਰਤਾਂ ਵੀ ਸ਼ਾਮਲ ਹਨ, ਤੇ ਉਨ੍ਹਾਂ ਜਬਰੀ ਜ਼ਮੀਨ ਵਿਚੋਂ ਬਾਹਰ ਕੱਢ ਦਿੱਤਾ। ਇਸ ਮੌਕੇ ਪੁਲੀਸ ਨਾਲ ਕੋਈ ਔਰਤ ਪੁਲੀਸ ਕਰਮਚਾਰੀ ਨਹੀਂ ਸੀ। ਪੁਲੀਸ ਨੇ ਪੀੜਤ ਪਰਿਵਾਰਾਂ ਦੀ ਬੈਟਰੀਆਂ ਤੇ ਮੋਬਾਈਲ ਫੋਨ ਵੀ ਤੋੜ ਦਿੱਤੇ। ਕਈ ਪੀੜਤ ਇਲਾਜ ਅਧੀਨ ਹਨ। ਉਨ੍ਹਾਂ ਚਿਤਾਵਨੀ ਦਿੱਤੀ ਕਿ ਮਜ਼ਦੂਰ ਹਮਾਇਤੀ ਜਥੇਬੰਦੀਆਂ 8 ਸਤੰਬਰ ਨੂੰ ਥਾਣਾ ਸਦਰ ਦਾ ਘਿਰਾਓ ਕਰਕੇ ਪਹਿਲਾਂ ਦਰਜ ਮੁਕਦਮੇ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਅਤੇ ਕੁੱਟਮਾਰ ਕਰਨ ਵਾਲੇ ਪੁਲੀਸ ਅਧਿਕਾਰੀਆਂ ਤੇ ਕਰਮਚਾਰੀਆਂ ਖਿਲਾਫ ਕਾਰਵਾਈ ਕਰਨ ਦੀ ਮੰਗ ਕਰਨਗੇ। ਬਲਾਕ ਵਿਕਾਸ ਤੇ ਪੰਚਾਇਤ ਅਫਸਰ ਹਾਕਮ ਸਿੰਘ ਨੇ ਦੱਸਿਆ ਕਿ ਸੰਗੂਧੌਣ ਦੀ ਪੰਚਾਇਤ ਨੇ ਜ਼ਮੀਨ ਦਾ ਕਬਜ਼ਾ ਖਾਲੀ ਕਰਾਉਣ ਲਈ ਮਤਾ ਪਾਇਆ ਸੀ ਜਿਸ ’ਤੇ ਵਿਭਾਗ ਨੇ ਇਹ ਮਾਮਲਾ ਡਿਪਟੀ ਕਮਿਸ਼ਨਰ ਦੇ ਧਿਆਨ ਵਿੱਚ ਲਿਆਂਦਾ ਅਤੇ ਡਿਪਟੀ ਕਮਿਸ਼ਨਰ ਦੇ ਹੁਕਮਾਂ ’ਤੇ ਪੁਲੀਸ ਕਾਰਵਾਈ ਨਾਲ ਕਬਜ਼ਾ ਖਾਲੀ ਕਰਵਾਇਆ ਹੈ। ਡੀਐੱਸਪੀ ਤਲਵਿੰਦਰ ਸਿੰਘ ਨੇ ਦੱਸਿਆ ਕਿ ਪੁਲੀਸ ਨੂੰ ਵੀਰਵਾਰ ਦੀ ਰਾਤ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਸੰਗੂਧੌਣ ਦੇ ਕਬਜ਼ੇ ਵਾਲੀ ਜ਼ਮੀਨ ’ਦੇ ਲੜਾਈ ਹੋਣ ਦਾ ਖਤਰਾ ਹੈ, ਇਸ ਲਈ ਪੁਲੀਸ ਨੇ ਤੁਰੰਤ ਕਾਰਵਾਈ ਕਰਕੇ ਲੜਾਈ ਦਾ ਖਤਰਾ ਟਾਲ ਦਿੱਤਾ। ਇਸ ਮਗਰੋਂ ਡਿਪਟੀ ਕਮਿਸ਼ਨਰ ਦੇ ਹੁਕਮ ’ਤੇ ਕਾਰਵਾਈ ਕਰਦਿਆਂ ਅੱਜ ਜ਼ਮੀਨ ਕਾਬਜ਼ਕਾਰਾਂ ਤੋਂ ਖਾਲ੍ਹੀ ਕਰਵਾ ਕੇ ਪੰਚਾਇਤ ਹਵਾਲੇ ਕਰ ਦਿੱਤੀ ਹੈ।
INDIA ਸੰਗੂਧੌਨ ਦੇ ਬੇਘਰਿਆਂ ਨੂੰ ਪੁਲੀਸ ਨੇ ਅੱਧੀ ਰਾਤ ਖਦੇੜਿਆ