ਸੰਗਰੂਰ– ਇੱਥੇ ਅੱਜ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਦੀ ਕੋਠੀ ਦਾ ਘਿਰਾਓ ਕਰਨ ਪੁੱਜੇ ਬੇਰੁਜ਼ਗਾਰ ਅਧਿਆਪਕਾਂ ’ਤੇ ਪੁਲੀਸ ਵਲੋਂ ਲਾਠੀਚਾਰਜ ਕੀਤਾ ਗਿਆ। ਇਸ ਦੌਰਾਨ ਅੱਥਰੂ ਗੈਸ ਦੇ ਗੋਲੇ ਵੀ ਛੱਡੇ ਗਏ ਅਤੇ ਪਾਣੀ ਦੀਆਂ ਬੁਛਾੜਾਂ ਦੀ ਵਰਤੋਂ ਵੀ ਕੀਤੀ ਗਈ। ਲਾਠੀਚਾਰਜ ਦੌਰਾਨ ਇੱੱਕ ਦਰਜਨ ਬੇਰੁਜ਼ਗਾਰ ਅਧਿਆਪਕ ਜ਼ਖ਼ਮੀ ਹੋ ਗਏ ਹਨ। ਸੱਤ ਜਣਿਆਂ ਨੂੰ ਸਿਵਲ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਲਾਠੀਚਾਰਜ ਦੌਰਾਨ ਪੁਲੀਸ ਅਤੇ ਬੇਰੁਜ਼ਗਾਰ ਅਧਿਆਪਕਾਂ ਵਿਚਕਾਰ ਟਕਰਾਅ ਦੌਰਾਨ ਅੱਧੀ ਦਰਜਨ ਪੁਲੀਸ ਮੁਲਾਜ਼ਮ ਵੀ ਜ਼ਖ਼ਮੀ ਹੋਏ ਹਨ। ਉਨ੍ਹਾਂ ਨੂੰ ਵੀ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਪਿਛਲੇ ਕਰੀਬ ਢਾਈ ਮਹੀਨਿਆਂ ਤੋਂ ਰੁਜ਼ਗਾਰ ਖ਼ਾਤਰ ਪੱਕੇ ਮੋਰਚੇ ਲਗਾ ਕੇ ਸੰਘਰਸ਼ ਕਰ ਰਹੇ ਟੈੱਟ ਪਾਸ ਬੇਰੁਜ਼ਗਾਰ ਬੀਐੱਡ ਅਤੇ ਬੇਰੁਜ਼ਗਾਰ ਈਟੀਟੀ ਅਧਿਆਪਕਾਂ ਨੇ ਲਗਭਗ ਦੋ ਦਰਜਨ ਸੰਘਰਸ਼ਸ਼ੀਲ ਕਿਸਾਨ, ਮਜ਼ਦੂਰ, ਨੌਜਵਾਨ, ਵਿਦਿਆਰਥੀ ਜਥੇਬੰਦੀਆਂ ਦੇ ਸਹਿਯੋਗ ਨਾਲ ਸ਼ਹਿਰ ’ਚ ਵਿਸ਼ਾਲ ਰੋਸ ਮਾਰਚ ਕੀਤਾ। ਬੇਰੁਜ਼ਗਾਰ ਅਧਿਆਪਕਾਂ ਦਾ ਕਾਫ਼ਲਾ ਜਦੋਂ ਮੰਤਰੀ ਦੀ ਕੋਠੀ ਨੇੜੇ ਪਹੁੰਚਿਆ ਤਾਂ ਬੈਰੀਕੇਡਾਂ ਅੱਗੇ ਪੁਲੀਸ ਅਤੇ ਬੇਰੁਜ਼ਗਾਰ ਅਧਿਆਪਕਾਂ ਵਿਚਾਲੇ ਟਕਰਾਅ ਹੋ ਗਿਆ। ਟਕਰਾਅ ਮਗਰੋਂ ਪ੍ਰਦਰਸ਼ਨਕਾਰੀ ਅਧਿਆਪਕਾਂ ਵੱਲੋਂ ਕੋਠੀ ਨਜ਼ਦੀਕ ਮੁੱਖ ਸੜਕ ’ਤੇ ਆਵਾਜਾਈ ਠੱਪ ਕਰਕੇ ਧਰਨਾ ਲਗਾ ਦਿੱਤਾ ਗਿਆ ਅਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਪਿਛਲੇ ਢਾਈ ਮਹੀਨਿਆਂ ਦੌਰਾਨ ਸਿੱਖਿਆ ਮੰਤਰੀ ਦੀ ਕੋਠੀ ਅੱਗੇ ਕਈ ਵਾਰ ਬੇਰੁਜ਼ਗਾਰ ਅਧਿਆਪਕਾਂ ਅਤੇ ਪੁਲੀਸ ਵਿਚਾਲੇ ਟਕਰਾਅ ਹੋ ਚੁੱਕਿਆ ਹੈ ਤੇ ਲਾਠੀਚਾਰਜ ਵੀ ਕੀਤਾ ਜਾ ਚੁੱਕਾ ਹੈ। ਸੰਘਰਸ਼ ਦੀ ਹਮਾਇਤ ’ਤੇ ਪਹੁੰਚੀਆਂ ਕਿਸਾਨ ਤੇ ਵਿਦਿਆਰਥੀ ਜਥੇਬੰਦੀਆਂ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਮੰਗਾਂ ਨਾ ਮੰਨੀਆਂ ਗਈਆਂ ਤਾਂ ਜਥੇਬੰਦੀਆਂ ਵੱਲੋਂ ਵੱਡਾ ਸਾਂਝਾ ਘੋਲ ਵਿੱਢਿਆ ਜਾਵੇਗਾ।
INDIA ਸੰਗਰੂਰ: ਬੇਰੁਜ਼ਗਾਰ ਅਧਿਆਪਕਾਂ ’ਤੇ ਲਾਠੀਚਾਰਜ