ਪਹਿਲੀ ਜੂਨ ਤੋਂ ਬਰਗਾੜੀ ਵਿੱਚ ਚੱਲ ਰਿਹਾ ‘ਇਨਸਾਫ਼ ਮੋਰਚਾ’ ਪੰਜਾਬ ਸਰਕਾਰ ਵੱਲੋਂ ‘ਮੰਗਾਂ ਮੰਨ’ ਲਏ ਜਾਣ ਪਿੱਛੋਂ ਆਪਣੇ ਮੁਕਾਮ ਨੂੰ ਛੂਹ ਗਿਆ। ਸਰਕਾਰ ਦਾ ਸੁਨੇਹਾ ਲੈ ਕੇ ਪਹੁੰਚੇ ਦੋ ਵਜ਼ੀਰਾਂ ਅਤੇ ਮੋਰਚੇ ਨਾਲ ਜੁੜੇ ਆਗੂਆਂ ਨੇ ਆਪਣੀਆਂ ਤਕਰੀਰਾਂ ਰਾਹੀਂ ਮੰਗਾਂ ਮੰਨੇ ਜਾਣ ’ਤੇ ਸਹੀ ਪਾਈ। ਇਸ ਮਗਰੋਂ ਜਥੇਦਾਰ ਧਿਆਨ ਸਿੰਘ ਮੰਡ ਨੇ ਮੋਰਚੇ ਦੀ ਸਮਾਪਤੀ ਦਾ ਐਲਾਨ ਕੀਤਾ। ਮੋਰਚਾ ਸਥਾਨ ’ਤੇ ਪਹੁੰਚੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਮੰਗਾਂ ਮੰਨੇ ਜਾਣ ਦਾ ਜ਼ਿਕਰ ਕਰਦਿਆਂ ਆਖਿਆ ਕਿ ਡੀਆਈਜੀ ਰਣਬੀਰ ਸਿੰਘ ਖੱਟੜਾ ਦੀ ਅਗਵਾਈ ’ਚ ਬਣੀ ‘ਸਿੱਟ’ ਦੀ ਪੜਤਾਲ ਦੇ ਆਧਾਰ ’ਤੇ ਬੇਅਦਬੀ ਨਾਲ ਸਬੰਧਤ 23 ਮੁਲਜ਼ਮ ਫੜੇ ਗਏ ਹਨ। ਉਨ੍ਹਾਂ ਕਿਹਾ ਕਿ ਬਹਿਬਲ ਗੋਲੀ ਕਾਂਡ ਲਈ ਦੋਸ਼ੀ ਬਾਦਲਾਂ ਦੀ ‘ਅਣਪਛਾਤੀ ਪੁਲੀਸ’ ਉਪਰ ਐਫਆਈਆਰ ਦਰਜ ਕਰ ਕੇ ਦੋਸ਼ੀ ਪੁਲੀਸ ਅਧਿਕਾਰੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ ਅਤੇ ਸਜ਼ਾ ਪੂਰੀ ਕਰ ਚੁੱਕੇ ਕੈਦੀਆਂ ’ਚੋਂ ਇੱਕ ਦੀ ਰਿਹਾਈ ਕਰ ਦਿੱਤੀ ਗਈ ਹੈ ਜਦਕਿ ਬਾਕੀਆਂ ਲਈ ਹੋਰਨਾਂ ਰਾਜਾਂ ਨਾਲ ਸੰਪਰਕ ਕਰਨ ਸਮੇਤ ਆਗ਼ਾਮੀ ਵਿਧਾਨ ਸਭਾ ਸੈਸ਼ਨ ਵਿੱਚ ਠੋਸ ਕਾਨੂੰਨੀ ਪ੍ਰਕਿਰਿਆ ਅਮਲ ’ਚ ਲਿਆਂਦੀ ਜਾਵੇਗੀ। ਸ੍ਰੀ ਰੰਧਾਵਾ ਨੇ ਸ਼੍ਰੋਮਣੀ ਕਮੇਟੀ ਅਤੇ ਬਾਦਲਾਂ ਨੂੰ ‘ਨਰੈਣੂ ਮਹੰਤ’ ਦੱਸਦਿਆਂ ਉਨ੍ਹਾਂ ਵੱਲੋਂ ਭੁੱਲਾਂ ਬਖ਼ਸ਼ਵਾਉਣ ਦੀ ਕਵਾਇਦ ’ਤੇ ਤਨਜ਼ ਕਸੇ। ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਸੁਖਜਿੰਦਰ ਸਿੰਘ ਰੰਧਾਵਾ ਦੇ ਐਲਾਨ ਦੀ ਪ੍ਰੋੜ੍ਹਤਾ ਕਰਦਿਆਂ ਬਰਗਾੜੀ ਦਾ ਨਾਮ ‘ਬਰਗਾੜੀ ਸਾਹਿਬ’ ਰੱਖੇ ਜਾਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਲੋਕ ਬਾਦਲਾਂ ਨੂੰ ਬੂਟ ਪਾਲਿਸ਼ ਕਰਦੇ ਨਹੀਂ, ਸਗੋਂ ਜੇਲ੍ਹ ’ਚ ਵੇਖਣਾ ਚਾਹੁੰਦੇ ਹਨ। ਵਿਧਾਇਕ ਹਰਿਮੰਦਰ ਸਿੰਘ ਗਿੱਲ ਨੇ ਸ਼ਾਂਤੀ ਅਤੇ ਤਹੱਮਲ ਨਾਲ ਮੋਰਚੇ ਨੂੰ ਇਸ ਮੁਕਾਮ ਤੱਕ ਪਹੁੰਚਾਉਣ ਲਈ ਪ੍ਰਬੰਧਕਾਂ ਦੀ ਤਾਰੀਫ਼ ਕਰਦਿਆਂ ਕਿਹਾ ਕਿ ਉਨ੍ਹਾਂ ਬਰਗਾੜੀ ਦੇ ਪਵਿੱਤਰ ਸਥਾਨ ਨੂੰ ਮੱਕਾ ਬਣਾ ਦਿੱਤਾ ਹੈ। ਤਖ਼ਤ ਦਮਦਮਾ ਸਾਹਿਬ ਦੇ ਮੁਤਵਾਜ਼ੀ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਸਵਾਲ ਉਠਾਇਆ ਕਿ ਦੇਸ਼ ’ਚ ਆਮ ਨਾਗਰਿਕਾਂ ਅਤੇ ਪਹੁੰਚ ਵਾਲਿਆਂ ਲਈ ਕਾਨੂੰਨ ਵੱਖੋ-ਵੱਖਰੇ ਕਿਉਂ ਹਨ। ਉਨ੍ਹਾਂ ਸੰਗਤ ਨੂੰ ਅਪੀਲ ਕੀਤੀ ਕਿ ਰਵਾਇਤੀ ਪਾਰਟੀਆਂ ਦੇ ਚੱਕਰਵਿਊਹ ’ਚੋਂ ਨਿਕਲ ਕੇ ਅਗਲੀ ਵਾਰ ਪੰਥਕ ਆਗੂਆਂ ਨੂੰ ਸਿਆਸੀ ਅਤੇ ਧਾਰਮਿਕ ਚੋਣਾਂ ਵਿੱਚ ਸਫ਼ਲ ਬਣਾਇਆ ਜਾਵੇ। ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਬਾਦਲ ਪਿਉ-ਪੁੱਤਰ ਅਤੇ ਸਾਬਕਾ ਪੁਲੀਸ ਮੁਖੀ ਸੁਮੇਧ ਸੈਣੀ ਨੂੰ ਗ੍ਰਿਫ਼ਤਾਰ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਬਰਗਾੜੀ ਮੋਰਚੇ ਦੇ ਦਬਾਅ ਕਾਰਨ ਹਿੰਦ-ਪਾਕਿ ਸਰਕਾਰਾਂ ਨੂੰ ਕਰਤਾਰਪੁਰ ਲਾਂਘਾ ਖੋਲ੍ਹਣ ਦਾ ਫ਼ੈਸਲਾ ਲੈਣ ਲਈ ਮਜਬੂਰ ਹੋਣ ਪਿਆ। ਭਾਈ ਮੋਹਕਮ ਸਿੰਘ, ਹਰਪਾਲ ਸਿੰਘ ਚੀਮਾ, ਪਰਮਜੀਤ ਸਿੰਘ ਸਹੌਲੀ, ਬੂਟਾ ਸਿੰਘ ਰਣਸੀਂਹ ਅਤੇ ਬਾਬਾ ਫੌਜਾ ਸਿੰਘ ਨੇ ਵੀ ਇਕੱਠ ਨੂੰ ਸੰਬੋਧਨ ਕੀਤਾ। ਅਕਾਲ ਤਖ਼ਤ ਦੇ ਕਾਰਜਕਾਰੀ ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਨੇ ਕਿਹਾ ਕਿ ਝੂਠੀਆਂ ਇਲਜ਼ਾਮ ਤਰਾਸ਼ੀਆਂ ਦਰਮਿਆਨ ਇਨਸਾਫ਼ ਮੋਰਚਾ ਚੜ੍ਹਦੀ ਕਲਾ ’ਚ ਰਹਿ ਕੇ ਸਫ਼ਲ ਹੋਇਆ ਹੈ। ਪ੍ਰਬੰਧਕਾਂ ’ਤੇ ਮਾਇਆ ਦੀ ਦੁਰਵਰਤੋਂ ਦੇ ਦੋਸ਼ਾਂ ਨੂੰ ਰੱਦ ਕਰਦਿਆਂ ਉਨ੍ਹਾਂ ਕਿਹਾ ਕਿ ਮੋਰਚੇ ਦੌਰਾਨ 1.48 ਕਰੋੜ ਰੁਪਏ ਮਿਲੇ ਅਤੇ ਇਨ੍ਹਾਂ ਵਿੱਚੋਂ ਸਾਰੇ ਖ਼ਰਚੇ ਕੱਢ ਕੇ ਬਾਕੀ 22 ਲੱਖ ਰੁਪਏ ਸੰਗਤ ਆਪਣੀ ਇੱਛਾ ਨਾਲ ਜਿੱਥੇ ਮਰਜ਼ੀ ਵਰਤ ਸਕਦੀ ਹੈ। ਜਥੇਦਾਰ ਮੰਡ ਨੇ ਸੰਗਤ ਦੀ ਭਾਵਨਾ ਨੂੰ ਧਿਆਨ ’ਚ ਰੱਖਦਿਆਂ ਮੋਰਚੇ ਨੂੰ ਸਮੇਟਣ ਦੀ ਬਜਾਇ ਐਲਾਨ ਕੀਤਾ,‘‘ਮੋਰਚੇ ਦਾ ਪਹਿਲਾ ਪੜਾਅ ਅੱਜ ਖ਼ਤਮ ਹੋਵੇਗਾ ਅਤੇ ਅਗਲੇ ਪੜਾਅ ਬਾਰੇ ਜਲਦੀ ਐਲਾਨ ਕੀਤਾ ਜਾਵੇਗਾ।’’ ਭਲਕੇ ਸੋਮਵਾਰ ਨੂੰ ਮੋਰਚਾ ਸਥਾਨ ’ਤੇ ਸਮਰਥਕਾਂ ਦਾ ਸਨਮਾਨ ਕੀਤਾ ਜਾਵੇਗਾ ਅਤੇ ਮੰਗਲਵਾਰ ਨੂੰ ਅੰਮ੍ਰਿਤਸਰ ’ਚ ਹਰਿਮੰਦਰ ਸਾਹਿਬ ਵਿਖੇ ਸੰਗਤ ਨਤਮਸਤਕ ਹੋਵੇਗੀ। ਇਸ ਮੌਕੇ ਤਖ਼ਤ ਕੇਸਗੜ੍ਹ ਸਾਹਿਬ ਦੇ ਮੁਤਵਾਜ਼ੀ ਜਥੇਦਾਰ ਅਮਰੀਕ ਸਿੰਘ ਅਜਨਾਲਾ, ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ, ਵਿਧਾਇਕ ਕੁਲਬੀਰ ਸਿੰਘ ਜ਼ੀਰਾ, ਵੱਸਣ ਸਿੰਘ ਜ਼ੱਫ਼ਰਵਾਲ, ਅਮਰ ਸਿੰਘ ਚਾਹਲ ਸਮੇਤ ਅਹਿਮ ਸ਼ਖ਼ਸੀਅਤਾਂ ਹਾਜ਼ਰ ਸਨ।
HOME ਸੰਗਤ ਦੇ ਰਲੇ-ਮਿਲੇ ਫ਼ਤਵੇ ਨਾਲ ਬਰਗਾੜੀ ਮੋਰਚਾ ‘ਫ਼ਤਹਿ’