ਬਰਨਾਲਾ-ਲੁਧਿਆਣਾ ਮੁੱਖ ਮਾਰਗ ’ਤੇ ਮਹਿਲ ਕਲਾਂ ਨਜ਼ਦੀਕ ਅੱਜ ਸਵੇਰੇ ਇੱਕ ਟੈਂਪੂ ਟਰੈਵਲਰ ਅਤੇ ਟਰੱਕ ਦਰਮਿਆਨ ਹੋਈ ਟੱਕਰ ’ਚ 4 ਪਰਵਾਸੀ ਮਜ਼ਦੂਰਾਂ ਦੀ ਮੌਤ ਹੋ ਗਈ। ਹਾਦਸੇ ’ਚ ਤਿੰਨ ਹੋਰ ਵਿਅਕਤੀ ਜ਼ਖ਼ਮੀ ਹੋਏ ਹਨ। ਜਾਣਕਾਰੀ ਅਨੁਸਾਰ ਜੰਮੂ ਕਸ਼ਮੀਰ ਤੋਂ ਸੇਬਾਂ ਦਾ ਭਰਿਆ ਟਰੱਕ ਬਰਨਾਲਾ ਵੱਲ ਆ ਰਿਹਾ ਸੀ। ਟੈਂਪੂ ਟਰੈਵਲਰ ’ਚ ਸਵਾਰ ਵਿਅਕਤੀ ਲੁਧਿਆਣਾ ਦੀ ਇੱਕ ਕੈਟਰਿੰਗ ’ਚ ਕੰਮ ਕਰਦੇ ਸਨ ਅਤੇ ਉਹ ਸਿਰਸਾ ਤੋਂ ਵਿਆਹ ਦਾ ਕੰਮ ਮੁਕਾ ਕੇ ਵਾਪਿਸ ਪਰਤ ਰਹੇ ਸਨ। ਮਹਿਲ ਕਲਾਂ ਨੇੜੇ ਪਿੰਡ ਨਿਹਾਲੂਵਾਲ ਕੋਲ ਆ ਕੇ ਦੋਵੇਂ ਵਾਹਨਾਂ ਦੀ ਟੱਕਰ ਹੋ ਗਈ। ਟੱਕਰ ਇੰਨੀ ਭਿਆਨਕ ਸੀ ਕਿ ਤਿੰਨ ਵਿਅਕਤੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ ਇੱਕ ਵਿਅਕਤੀ ਦੀ ਸਿਵਲ ਹਸਪਤਾਲ ਬਰਨਾਲਾ ਵਿਖੇ ਮੌਤ ਹੋਈ। ਹਾਦਸੇ ਦਾ ਪਤਾ ਲੱਗਦੇ ਸਾਰ ਨੇੜਲੇ ਪਿੰਡਾਂ ਦੇ ਲੋਕਾਂ ਨੇ ਜ਼ਖ਼ਮੀ ਵਿਅਕਤੀਆਂ ਨੂੰ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਬਰਨਾਲਾ ਵਿਖੇ ਪਹੁੰਚਾਇਆ। ਥਾਣਾ ਮਹਿਲ ਕਲਾਂ ਦੇ ਜਾਂਚ ਅਧਿਕਾਰੀ ਜੋਗਿੰਦਰ ਸਿੰਘ ਨੇ ਦੱਸਿਆ ਕਿ ਹਾਦਸੇ ’ਚ ਝਾਰਖੰਡ ਵਾਸੀ ਰਾਮ ਵਿਲਾਸ (26), ਉੱਤਰ ਪ੍ਰਦੇਸ਼ ਨਾਲ ਸਬੰਧਤ ਸਚਿਨ ਕੁਮਾਰ (19), ਜੰਮੂ ਕਸ਼ਮੀਰ ਦੇ ਵਰਲੀਨ ਨਾਲ ਸਬੰਧਤ ਪੱਪੂ ਸਿੰਘ ਉਰਫ਼ ਪ੍ਰਿੰਸ (24) ਅਤੇ ਉੱਤਰ ਪ੍ਰਦੇਸ਼ ਦੇ ਸਾਵਨ ਕੁਮਾਰ (19) ਦੀ ਮੌਤ ਹੋ ਗਈ ਹੈ। ਗੰਭੀਰ ਰੂਪ ’ਚ ਜ਼ਖ਼ਮੀ ਹੋਏ ਤਿੰਨ ਵਿਅਕਤੀਆਂ ਨੂੰ ਰਜਿੰਦਰਾ ਹਸਪਤਾਲ ਪਟਿਆਲਾ ਰੈਫ਼ਰ ਕੀਤਾ ਗਿਆ ਹੈ।