ਦਿੱਲੀ ਰੋਡ ਕੰਗਣਵਾਲ ਨੇੜੇ ਇੱਕ ਟਰੱਕ ਨੂੰ ਓਵਰਟੇਕ ਕਰਨ ਦੇ ਚੱਕਰ ’ਚ ਕਾਰ ਦੀ ਟਰੱਕ ਨਾਲ ਟੱਕਰ ਹੋ ਗਈ। ਫਿਲਮੀ ਅੰਦਾਜ਼ ’ਚ ਪਲਟੀਆਂ ਖਾਂਦੀ ਹੋਈ ਕਾਰ ਦੂਸਰੇ ਪਾਸੇ ਜਾ ਡਿੱਗੀ ਤੇ ਸੜਕ ਦੇ ਦੂਸਰੇ ਪਾਸੇ ਵੀ ਟਰੱਕ ਨੇ ਕਾਰ ਨੂੰ ਟੱਕਰ ਮਾਰ ਦਿੱਤੀ। ਕਾਰ ’ਚ ਸਵਾਰ ਦੋਵੇਂ ਭਰਾ ਬੁਰੀ ਤਰ੍ਹਾਂ ਫੱਟੜ ਹੋ ਗਏ ਤੇ ਉਨ੍ਹਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਛੋਟਾ ਭਰਾ ਵੱਡੇ ਭਰਾ ਨੂੰ ਹਸਪਤਾਲ ਤੋਂ ਛੁੱਟੀ ਕਰਵਾ ਕੇ ਘਰ ਵਾਪਸ ਲਿਜਾ ਰਿਹਾ ਸੀ। ਹਾਦਸੇ ਦੀ ਸੂਚਨਾ ਮਿਲਦੇ ਹੀ ਥਾਣਾ ਸਾਹਨੇਵਾਲ ਤੇ ਚੌਕੀ ਕੰਗਣਵਾਲ ਦੀ ਪੁਲੀਸ ਮੌਕੇ ’ਤੇ ਪੁੱਜ ਗਈ। ਪੁਲੀਸ ਨੇ ਜਾਂਚ ਤੋਂ ਬਾਅਦ ਸਾਹਨੇਵਾਲ ਡੇਹਲੋਂ ਰੋਡ ’ਤੇ ਰਹਿਣ ਵਾਲੇ ਜ਼ਿਮੀਦਾਰ ਦਰਸ਼ਨ ਸਿੰਘ (68) ਤੇ ਨਿਰਮਲ ਸਿੰਘ (73) ਦੀ ਲਾਸ਼ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤੀ ਹੈ। ਪੁਲੀਸ ਮਾਮਲੇ ਦੀ ਜਾਂਚ ’ਚ ਲੱਗੀ ਹੋਈ ਹੈ। ਜਾਣਕਾਰੀ ਅਨੁਸਾਰ ਨਿਰਮਲ ਸਿੰਘ ਕੁਝ ਦਿਨ ਪਹਿਲਾਂ ਘਰ ’ਚ ਡਿੱਗ ਕੇ ਜ਼ਖਮੀ ਹੋ ਗਿਆ ਸੀ। ਪਰਿਵਾਰ ਵਾਲਿਆਂ ਨੇ ਉਸਨੂੰ ਇਲਾਜ ਲਈ ਡੀਐਮਸੀ ਹਸਪਤਾਲ ’ਚ ਭਰਤੀ ਕਰਵਾਇਆ ਸੀ। ਮੰਗਲਵਾਰ ਨੂੰ ਹਸਪਤਾਲ ’ਚ ਨਿਰਮਲ ਸਿੰਘ ਨੂੰ ਛੁੱਟੀ ਮਿਲੀ ਸੀ। ਦਰਸ਼ਨ ਸਿੰਘ ਆਪਣੇ ਵੱਡੇ ਭਰਾ ਨੂੰ ਕਾਰ ਰਾਹੀਂ ਘਰ ਲੈ ਕੇ ਜਾ ਰਿਹਾ ਸੀ। ਉਹ ਕਾਰ ਖੁਦ ਚਲਾ ਰਿਹਾ ਸੀ ਤੇ ਘਰ ’ਚ ਕੰਮ ਕਰਨ ਵਾਲਾ ਨੌਜਵਾਨ ਪਿੱਛੇ ਬੈਠਾ ਹੋਇਆ ਸੀ। ਕੰਗਣਵਾਲ ਕੋਲ ਪੁੱਜਣ ’ਤੇ ਦਰਸ਼ਨ ਸਿੰਘ ਆਪਣੀ ਡਸਟਰ ਕਾਰ ਨੂੰ ਟਰੱਕ ਤੋਂ ਓਵਰਟੇਕ ਕਰਨ ਲੱਗਾ ਤਾਂ ਟਰੱਕ ਦਾ ਪਿਛਲਾ ਹਿੱਸਾ ਗੱਡੀ ਨਾਲ ਟਕਰਾ ਗਿਆ। ਗੱਡੀ ਨਾਲ ਟਕਰਾਉਣ ਤੋਂ ਤੁਰੰਤ ਬਾਅਦ ਗੱਡੀ ਪਲਟੀਆਂ ਖਾਂਦੀ ਹੋਈ ਸੜਕ ਦੇ ਦੂਸਰੇ ਪਾਸੇ ਜਾ ਪੁੱਜੀ। ਉਧਰੋਂ ਵੀ ਟਰੱਕ ਆ ਰਿਹਾ ਸੀ ਜੋ ਗੱਡੀ ਨਾਲ ਟਕਰਾ ਗਿਆ। ਦੋਵੇਂ ਪਾਸਿਓਂ ਆ ਰਹੇ ਵਾਹਨ ਉਥੇ ਰੁਕ ਗਏ ਤੇ ਲੋਕਾਂ ਨੇ ਇੱਕ ਵਾਰ ਤਾਂ ਕਾਰ ਦੇ ਅੱਗੇ ਜਾਣ ਤੱਕ ਦੀ ਵੀ ਹਿੰਮਤ ਨਾ ਕੀਤੀ। ਗੱਡੀ ਦੇ ਪਿੱਛੇ ਬੈਠਾ ਨੌਜਵਾਨ ਬਾਹਰ ਨਿਕਲਿਆ, ਪਰ ਦੋਹਾਂ ਦੀ ਮੌਤ ਹੋ ਚੁੱਕੀ ਸੀ। ਉਸ ਦੇ ਬਾਵਜੂਦ ਲੋਕ ਦਰਸ਼ਨ ਸਿੰਘ ਨੂੰ ਇਲਾਜ ਲਈ ਨੇੜਲੇ ਹਸਪਤਾਲ ਲੈ ਗਏ। ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਥਾਣਾ ਸਾਹਨੇਵਾਲ ਦੇ ਐਸਐਚਓ ਇਕਬਾਲ ਸਿੰਘ ਨੇ ਦੱਸਿਆ ਕਿ ਦੋਹਾਂ ਦੀ ਮੌਕੇ ’ਤੇ ਮੌਤ ਹੋ ਗਈ ਸੀ। ਹੁਣ ਜਾਂਚ ਕੀਤੀ ਜਾ ਰਹੀ ਹੈ ਕਿ ਗਲਤੀ ਕਿਸ ਦੀ ਸੀ। ਜਾਂਚ ਤੋਂ ਬਾਅਦ ਅੱਗੇ ਦੀ ਕਾਰਵਾਈ ਹੋਵੇਗੀ। ਫਿਲਹਾਲ ਪੁਲੀਸ ਨੇ ਦੋਹਾਂ ਭਰਾਵਾਂ ਦੀਆਂ ਲਾਸ਼ਾਂ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤੀਆਂ ਹਨ।
INDIA ਸੜਕ ਹਾਦਸੇ ਵਿੱਚ ਸਕੇ ਭਰਾਵਾਂ ਦੀ ਮੌਤ