ਚੰਡੀਗੜ੍ਹ ਇਥੇ ਸੈਕਟਰ 16-17 ਨੂੰ ਵੰਡਦੀ ਸੜਕ ’ਤੇ ਅੱਜ ਤੜਕੇ ਢਾਈ ਵਜੇ ਦੇ ਕਰੀਬ ਸੜਕ ਹਾਦਸੇ ਦੌਰਾਨ ਭੰਗੜੇ ਦੇ ਦੋ ਕਲਾਕਾਰਾਂ ਦੀ ਮੌਤ ਹੋ ਗਈ ਅਤੇ ਇਕ ਨੌਜਵਾਨ ਜ਼ਖ਼ਮੀ ਹੋ ਗਿਆ ਹੈ। ਮ੍ਰਿਤਕਾਂ ਦੀ ਪਛਾਣ ਯੂਟੀ ਦੇ ਪਿੰਡ ਖੁੱਡਾ ਅਲੀਸ਼ੇਰ ਦੇ ਅਮਰਿੰਦਰ ਸਿੰਘ (25) ਅਤੇ ਤਰਨਵੀਰ ਸਿੰਘ (23) ਵਜੋਂ ਹੋਈ ਹੈ। ਤੀਸਰੇ ਜ਼ਖਮੀ ਦੀ ਪਛਾਣ ਮਨਪ੍ਰੀਤ ਸਿੰਘ ਵਜੋਂ ਹੋਈ ਹੈ, ਜੋ ਸੈਕਟਰ-16 ਦੇ ਸਰਕਾਰੀ ਹਸਪਤਾਲ ਵਿਚ ਜ਼ੇਰੇ ਇਲਾਜ ਹੈ। ਇਸ ਘਟਨਾ ਨਾਲ ਪਿੰਡ ਖੱਡਾ ਅਲੀਸ਼ੇਰ ਸਮੇਤ ਕਲਾਕਾਰ ਹਲਕਿਆਂ ਵਿਚ ਸੋਗ ਪਸਰਿਆ ਹੋਇਆ ਹੈ। ਤਰਨਵੀਰ, ਅਮਰਿੰਦਰ ਤੇ ਮਨਪ੍ਰੀਤ ਨੇ 10 ਜੁਲਾਈ ਨੂੰ ਓਮਾਨ ਵਿਚ ਇਕ ਪ੍ਰੋਗਰਾਮ ਦੌਰਾਨ ਭਗੜਾ ਪਾਉਣ ਜਾਣਾ ਸੀ ਅਤੇ ਉਹ ਇਸ ਪ੍ਰੋਗਰਾਮ ਦੀ ਤਿਆਰੀ ਕਰ ਰਹੇ ਸਨ। ਅਮਰਿੰਦਰ ਸਿੰਘ ਕਈ ਫਿਲਮਾਂ ਤੇ ਗੀਤਾਂ ਦੀਆਂ ਵੀਡੀਓਗ੍ਰਾਫੀ ਸਮੇਤ ਵਿਦੇਸ਼ਾਂ ਵਿਚ ਭੰਗੜਾ ਪੇਸ਼ ਕਰ ਚੁੱਕਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਤਿੰਨੇ ਨੌਜਵਾਨ ਤੜਕੇ ਢਾਈ ਵਜੇ ਮੋਟਰਸਾਈਕਲ ਰਾਹੀਂ ਵਾਪਸ ਆਪਣੇ ਪਿੰਡ ਖੁੱਡਾ ਅਲੀਸ਼ੇਰ ਜਾ ਰਹੇ ਸਨ। ਜਦੋਂ ਉਹ ਸੈਕਟਰ 16-17 ਨੂੰ ਵੰਡਦੀ ਸੜਕ ’ਤੇ ਪੁੱਜੇ ਤਾਂ ਹਾਦਸਾ ਵਾਪਰ ਗਿਆ। ਇਹ ਹਾਦਸਾ ਸੈਕਟਰ 16 ਸਥਿਤ ਰੋਜ਼ ਗਾਰਡਨ ਦੇ ਨੇੜੇ ਵਾਪਰਿਆ। ਪੁਲੀਸ ਮੌਕੇ ਦਾ ਮੁਆਇਨਾ ਕਰਕੇ ਜਾਂਚ ਕਰ ਰਹੀ ਹੈ। ਫਿਲਹਾਲ ਇਹ ਸਪਸ਼ਟ ਨਹੀਂ ਹੋਇਆ ਕਿ ਮੋਟਰਸਾਈਕਲ ਨੂੰ ਕਿਸੇ ਨੇ ਫੇਟ ਮਾਰੀ ਸੀ ਜਾਂ ਮੋਟਰਸਾਈਕਲ ਉਨ੍ਹਾਂ ਕੋਲੋਂ ਖੁਦ ਹੀ ਟਕਰਾਇਆ ਸੀ। ਪੁਲੀਸ ਸੀਸੀਟੀਵੀ ਕੈਮਰਿਆਂ ਦੀ ਰਿਕਾਰਡਿੰਗ ਨੂੰ ਖੰਗਾਲ ਰਹੀ ਹੈ। ਪੁਲੀਸ ਨੇ ਦੋਵਾਂ ਮ੍ਰਿਤਕਾਂ ਦਾ ਅੱਜ ਸਵੇਰੇ ਪੋਸਟਮਾਰਟਮ ਕਰਵਾ ਕੇ ਦੇਹਾਂ ਵਾਰਸਾਂ ਨੂੰ ਸੌਂਪ ਦਿੱਤੀਆਂ ਹਨ। ਪਿੰਡ ਖੁੱਡਾ ਅਲੀਸ਼ੇਰ ਵਿਚ ਦੋਵਾਂ ਨੌਜਵਾਨਾਂ ਦਾ ਸਸਕਾਰ ਕਰ ਦਿੱਤਾ ਹੈ। ਇਕ ਜਾਣਕਾਰੀ ਅਨੁਸਾਰ ਇਹ ਤਿੰਨੇ ਕਲਾਕਾਰ ਕੱਲ੍ਹ ਰਾਤ 8 ਵਜੇ ਕਲਾਗ੍ਰਾਮ ਵਿਚ ਪ੍ਰੋਗਰਾਮ ’ਚ ਸ਼ਾਮਲ ਹੋਣ ਗਏ ਸਨ। ਇਸ ਤੋਂ ਬਾਅਦ ਉਹ ਸੈਕਟਰ 22 ਵਿਚ ਆਪਣੀਆਂ ਟੀ- ਸ਼ਰਟਾਂ ਉਪਰ ਓਮਾਨ ਦੇ ਪ੍ਰੋਗਰਾਮ ਦੇ ਸਬੰਧ ਵਿਚ ਹੀ ਲੋਗੋ ਲਵਾਉਣ ਗਏ ਸਨ। ਸੈਕਟਰ-17 ਥਾਣੇ ਦੇ ਮੁਖੀ ਜਸਪਾਲ ਸਿੰਘ ਭੁੱਲਰ ਨੇ ਦੱਸਿਆ ਕਿ ਪੁਲੀਸ ਨੂੰ ਇਸ ਹਾਦਸੇ ਦੀ ਇਤਲਾਹ ਤੜਕੇ 2.58 ’ਤੇ ਮਿਲੀ। ਪੁਲੀਸ ਨੇ ਤਿੰਨਾਂ ਨੌਜਵਾਨਾਂ ਨੂੰ ਸੈਕਟਰ-16 ਦੇ ਸਰਕਾਰੀ ਹਸਪਤਾਲ ਪਹੁੰਚਾਇਆ ਜਿਥੇ ਡਾਕਟਰਾਂ ਨੇ ਅਮਰਿੰਦਰ ਅਤੇ ਤਰਨਵੀਰ ਨੂੰ ਮ੍ਰਿਤਕ ਐਲਾਨ ਦਿੱਤਾ ਜਦਕਿ ਮਨਪ੍ਰੀਤ ਦਾ ਇਲਾਜ ਚੱਲ ਰਿਹਾ ਹੈ। ਘਟਨਾ ਮੌਕੇ ਮਨਪ੍ਰੀਤ ਮੋਟਰਸਾਈਕਲ ਚਲਾ ਰਿਹਾ ਸੀ ਅਤੇ ਮੋਟਰਸਾਈਕਲ ਸੜਕ ਕਿਨਾਰੇ ਲੱਗੇ ਪੋਲ ਨਾਲ ਟਕਰਾਉਣ ਕਾਰਨ ਹਾਦਸਾ ਵਾਪਰਿਆ। ਪੰਜਾਬ ਸੰਗੀਤ ਨਾਟਕ ਅਕਾਦਮੀ ਦੇ ਸਕੱਤਰ ਪ੍ਰੀਤਮ ਰੁਪਾਲ ਨੇ ਘਟਨਾ ’ਤੇ ਦੁੱਖ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਅਮਰਿੰਦਰ ਨੂੰ ਉਹ ਚਿੰਟੂ ਕਹਿੰਦੇ ਸਨ। ਉਹ ਕਲਾਕਾਰੀ ਦੇ ਖੇਤਰ ਨੂੰ ਪੂਰੀ ਤਰਾਂ ਸਮਰਪਿਤ ਸੀ। ਇਸੇ ਤਰ੍ਹਾਂ ਤਰਨਵੀਰ ਵੀ ਵਧੀਆ ਕਲਾਕਾਰ ਸੀ।
INDIA ਸੜਕ ਹਾਦਸੇ ’ਚ ਦੋ ਭੰਗੜਾ ਕਲਾਕਾਰ ਹਲਾਕ; ਇਕ ਜ਼ਖ਼ਮੀ