ਸ੍ਰੀ ਗੋਇੰਦਵਾਲ ਸਾਹਿਬ– ਖਡੂਰ ਸਾਹਿਬ-ਤਰਨਤਾਰਨ ਰੋਡ ’ਤੇ ਪਿੰਡ ਮੁਗਲਾਣੀ ਨਜ਼ਦੀਕ ਬੀਤੀ ਦੇਰ ਰਾਤ ਤਰਨਤਾਰਨ ਵੱਲ ਜਾ ਰਹੀ ਇੰਡੀਗੋ ਕਾਰ ਦੀ ਮੋਟਰ ਰੇਹੜੀ ਨਾਲ ਸਿੱਧੀ ਟੱਕਰ ਹੋ ਗਈ ਜਿਸ ਵਿੱਚ ਮੋਟਰ ਰੇਹੜੀ ’ਤੇ ਬੈਠੀ ਔਰਤ ਦੀ ਮੌਤ ਹੋ ਗਈ, ਜਦੋਂਕਿ ਪੰਜ ਹੋਰ ਵਿਅਕਤੀ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਨੇੜੇ ਦੇ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਮੌਕੇ ’ਤੇ ਪਹੁੰਚੀ ਥਾਣਾ ਵੈਰੋਵਾਲ ਦੀ ਪੁਲੀਸ ਨੇ ਵਾਹਨਾਂ ਨੂੰ ਕਬਜ਼ੇ ਵਿੱਚ ਲੈ ਕੇ ਹਾਦਸੇ ਸਬੰਧੀ ਕਾਰਵਾਈ ਆਰੰਭ ਦਿੱਤੀ ਹੈ।
ਇਸ ਹਾਦਸੇ ਸਬੰਧੀ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਖਡੂਰ ਸਾਹਿਬ ਤੋਂ ਤਰਨਤਾਰਨ ਜਾ ਰਹੀ ਕਾਰ ਇੰਡੀਗੋ ਨੰਬਰ ਪੀਬੀ 46 ਜੇ 4161 ਜਿਸ ਨੂੰ ਏਐੱਸਆਈ ਸਤਨਾਮ ਸਿੰਘ ਪੁੱਤਰ ਦਿਆਲ ਸਿੰਘ ਵਾਸੀ ਫਤਿਆਬਾਦ ਚਲਾ ਰਿਹਾ ਸੀ। ਜਦੋਂ ਇਹ ਕਾਰ ਪਿੰਡ ਮੁਗਲਾਣੀ ਨਜ਼ਦੀਕ ਪਹੁੰਚੀ ਤਾਂ ਸਾਹਮਣੇ ਤੋਂ ਆ ਰਹੀ ਮੋਟਰ-ਰੇਹੜੀ ਨੰਬਰ ਪੀਬੀ 46 ਆਰ 3905 ਜਿਸ ਨੂੰ ਮੁਗਲਾਣੀ ਵਾਸੀ ਕੁਲਵੰਤ ਸਿੰਘ ਚਲਾ ਰਿਹਾ ਸੀ, ਨਾਲ ਸਿੱਧੀ ਟੱਕਰ ਹੋ ਗਈ।
ਇਸ ਹਾਦਸੇ ਵਿੱਚ ਕੁਲਵੰਤ ਸਿੰਘ ਦੀ ਪਤਨੀ ਚਰਨ ਕੌਰ ਜੋ ਮੋਟਰ ਰੇਹੜੀ ਪਿੱਛੇ ਬੈਠੀ ਹੋਈ ਸੀ, ਦੀ ਮੌਤ ਹੋ ਗਈ। ਪ੍ਰਤੱਖ ਦਰਸ਼ੀਆਂ ਅਨੁਸਾਰ ਕਾਰ ਚਾਲਕ ਸ਼ਰਾਬ ਦੇ ਨਸ਼ੇ ਵਿੱਚ ਧੁੱਤ ਸੀ ਜਿਸ ਨੇ ਗਲਤ ਪਾਸੇ ਜਾ ਕੇ ਮੋਟਰ ਰੇਹੜੀ ਨੂੰ ਟੱਕਰ ਮਾਰੀ ਜਿਸ ਵਿੱਚ ਚਰਨ ਕੌਰ ਦੀ ਮੌਕੇ ’ਤੇ ਮੌਤ ਹੋ ਗਈ ਅਤੇ ਅੱਧੀ ਦਰਜਨ ਦੇ ਕਰੀਬ ਮੋਟਰ ਰੇਹੜੀ ’ਤੇ ਸਵਾਰ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਖਡੂਰ ਸਾਹਿਬ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਥਾਣਾ ਵੈਰੋਵਾਲ ਦੀ ਪੁਲੀਸ ਨੇ ਦੱਸਿਆ ਕਿ ਹਾਦਸੇ ਸਬੰਧੀ ਕਾਰਵਾਈ ਕੀਤੀ ਜਾ ਰਹੀ ਹੈ।
INDIA ਸੜਕ ਹਾਦਸੇ ’ਚ ਔਰਤ ਹਲਾਕ; ਪੰਜ ਜ਼ਖ਼ਮੀ