ਸੜਕ ਹਾਦਸਿਆਂ ਿਵੱਚ ਪਿਓ-ਪੁੱਤਰ ਸਣੇ ਚਾਰ ਹਲਾਕ; ਇੱਕ ਜ਼ਖ਼ਮੀ

ਗੁਰਦਾਸਪੁਰ (ਸਮਾਜ ਵੀਕਲੀ) : ਮੁਕੇਰੀਆਂ ਤੇ ਗੁਰਦਾਸਪੁਰ ਵਿੱਚ ਵਾਪਰੇ ਦੋ ਸੜਕ ਹਾਦਸਿਆਂ ਵਿੱਚ ਪਿਓ-ਪੁੱਤਰ ਸਣੇ ਚਾਰ ਜਣਿਆਂ ਦੀ ਮੌਤ ਹੋ ਗਈ ਤੇ ਇੱਕ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਿਆ। ਮੁਕੇਰੀਆਂ ਕੌਮੀ ਮਾਰਗ ’ਤੇ ਬੱਸ ਅੱਡੇ ਸਾਹਮਣੇ ਰੇਤ ਦੇ ਭਰੇ ਟਿੱਪਰ ਦੀ ਲਪੇਟ ’ਚ ਆਉਣ ਕਾਰਨ ਪਿਓ-ਪੁੱਤਰ ਦੀ ਮੌਤ ਹੋ ਗਈ। ਏਐੱਸਆਈ ਬਲਵੀਰ ਸਿੰਘ ਨੇ ਦੱਸਿਆ ਕਿ ਕੁਲਦੀਪ ਸਿੰਘ (28) ਆਪਣੇ ਪਿਤਾ ਇੰਦਰਜੀਤ ਸਿੰਘ ਵਾਸੀ ਪਿੰਡ ਹਲੇੜ ਜਨਾਰਧਨ ਨਾਲ ਮੋਟਰਸਾਈਕਲ ’ਤੇ ਸਵਾਰ ਹੋ ਕੇ ਮੁਕੇਰੀਆਂ ਦਵਾਈ ਲੈਣ ਆ ਰਿਹਾ ਸੀ ਕਿ ਜਦੋਂ ਉਹ ਮੁਕੇਰੀਆਂ ਬੱਸ ਅੱਡੇ ਸਾਹਮਣੇ ਪੁੱਜੇ ਤਾਂ ਪਠਾਨਕੋਟ ਵੱਲੋਂ ਆ ਰਹੇ ਤੇਜ਼ ਰਫ਼ਤਾਰ ਰੇਤ ਦੇ ਭਰੇ ਟਿੱਪਰ ਦੀ ਲਪੇਟ ਵਿੱਚ ਆਉਣ ਕਾਰਨ ਉਹ ਸੜਕ ’ਤੇ ਡਿੱਗ ਗਏ।

ਇਸ ਮਗਰੋਂ ਟਿੱਪਰ ਹੇਠਾਂ ਆਉਣ ਕਾਰਨ ਉਨ੍ਹਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਕੁਲਦੀਪ ਸਿੰਘ ਦਾ ਦੋ ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ। ਏਐੱਸਆਈ ਬਲਵੀਰ ਸਿੰਘ ਨੇ ਦੱਸਿਆ ਕਿ ਦੋਵੇਂ ਵਾਹਨ ਕਬਜ਼ੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਅਰੰਭ ਦਿੱਤੀ ਗਈ ਹੈ। ਇਸੇ ਤਰ੍ਹਾਂ ਬੀਤੀ ਰਾਤ ਗੁਰਦਾਸਪੁਰ ਦੇ ਨਬੀਪੁਰ ਬਾਈਪਾਸ ’ਤੇ ਇੱਕ ਤੇਜ਼ ਰਫ਼ਤਾਰ ਵਾਹਨ ਨੇ ਮੋਟਰਸਾਈਕਲ ਸਵਾਰ ਤਿੰਨ ਦੋਸਤਾਂ ਨੂੰ ਟੱਕਰ ਮਾਰ ਦਿੱਤੀ। ਹਾਦਸੇ ਵਿੱਚ ਦੋ ਨੌਜਵਾਨਾਂ ਦੀ ਮੌਤ ਹੋ ਗਈ ਤੇ ਤੀਜੇ ਦੀ ਹਾਲਤ ਗੰਭੀਰ ਹੈ। ਮ੍ਰਿਤਕਾਂ ਦੀ ਪਛਾਣ ਵਿਕਟਰ ਮਸੀਹ (20) ਪੁੱਤਰ ਸੁਰਿੰਦਰ ਮਸੀਹ ਵਾਸੀ ਬਥਵਾਲਾ ਅਤੇ ਅਭੀ (17) ਪੁੱਤਰ ਰੋਜ਼ੀ ਮਸੀਹ ਵਾਸੀ ਔਜਲਾ ਕਲੋਨੀ ਵਜੋਂ ਹੋਈ ਹੈ। ਜ਼ਖ਼ਮੀ ਕਾਲਾ ਸੁਚੇਤਗੜ੍ਹ ਦਾ ਵਸਨੀਕ ਹੈ।

ਦੱਸਣਯੋਗ ਹੈ ਕਿ ਵਿਕਟਰ ਮਸੀਹ ਦੇ ਭਰਾ ਦਾ ਅੱਜ ਵਿਆਹ ਸੀ ਤੇ ਖ਼ੁਦ ਵਿਕਟਰ ਦਾ ਵਿਆਹ 17 ਜਨਵਰੀ ਦਾ ਤੈਅ ਸੀ। ਬੀਤੇ ਦਿਨ ਵਿਕਟਰ ਆਪਣੇ ਭਰਾ ਦੇ ਵਿਆਹ ਦਾ ਜਸ਼ਨ ਮਨਾਉਣ ਲਈ ਅਭੀ ਨਾਲ ਆਪਣੇ ਦੋਸਤ ਕਾਲਾ ਨੂੰ ਲੈਣ ਪਿੰਡ ਬਥਵਾਲਾ ਤੋਂ ਸੁਚੇਤਗੜ੍ਹ ਲਈ ਨਿਕਲੇ ਸਨ। ਜਦੋਂ ਉਹ ਰਾਤ ਕਰੀਬ ਸਾਢੇ ਅੱਠ ਵਜੇ ਵਾਪਸ ਆ ਰਹੇ ਸਨ ਤਾਂ ਨਬੀਪੁਰ ਬਾਈਪਾਸ ਨੇੜੇ ਇੱਕ ਗੱਡੀ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ ਅਤੇ ਚਾਰ ਪਹੀਆ ਵਾਹਨ ਉਨ੍ਹਾਂ ਦੇ ਉੱਪਰੋਂ ਲੰਘ ਗਿਆ। ਵਿਕਟਰ ਅਤੇ ਅਭੀ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਕਾਲਾ ਜ਼ਖ਼ਮੀ ਹੋ ਗਿਆ। ਵਾਹਨ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ। ਥਾਣਾ ਸਦਰ ਦੇ ਇੰਚਾਰਜ ਜਤਿੰਦਰ ਪਾਲ ਨੇ ਦੱਸਿਆ ਕਿ ਅਣਪਛਾਤੇ ਵਾਹਨ ਚਾਲਕ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

Previous articleਜੇਤਲੀ ਦਾ ਬੁੱਤ ਲਾਉਣ ਤੋਂ ਖਫ਼ਾ ਬੇਦੀ ਨੇ ਡੀਡੀਸੀਏ ਮੈਂਬਰਸ਼ਿਪ ਛੱਡੀ
Next articleShah’s BCCI Secretary’s XI beats Ganguly’s BCCI President’s XI