ਸੜਕ ਹਾਦਸਿਆਂ ਵਿੱਚ ਗਈਆਂ 7 ਜਾਨਾਂ

ਬਰਾਤੀਆਂ ਦੀ ਕਾਰ ਹਾਦਸਾਗ੍ਰਸਤ, ਤਿੰਨ ਮੌਤਾਂ
ਪਠਾਨਕੋਟ- ਪਠਾਨਕੋਟ-ਜੰਮੂ ਕੌਮੀ ਮਾਰਗ ’ਤੇ ਮੰਗਤੀਆਂ ਮੋੜ ਉਤੇ ਸੜਕ ਹਾਦਸੇ ’ਚ ਕਾਰ ਸਵਾਰ ਤਿੰਨ ਬਰਾਤੀਆਂ ਦੀ ਮੌਤ ਹੋ ਗਈ ਤੇ ਦੋ ਔਰਤਾਂ ਗੰਭੀਰ ਜ਼ਖ਼ਮੀ ਹੋ ਗਈਆਂ। ਜ਼ਖ਼ਮੀਆਂ ਨੂੰ ਜੰਮੂ ਦੇ ਮੈਡੀਕਲ ਕਾਲਜ ਰੈਫ਼ਰ ਕਰ ਦਿੱਤਾ ਗਿਆ ਹੈ। ਮ੍ਰਿਤਕਾਂ ਵਿੱਚ ਲਾੜੇ ਦਾ ਦਾਦਾ, ਦਾਦੀ ਤੇ ਕਾਰ ਡਰਾਈਵਰ ਸ਼ਾਮਲ ਹਨ। ਮ੍ਰਿਤਕਾਂ ਦੀ ਸ਼ਨਾਖ਼ਤ ਓਮ ਪ੍ਰਕਾਸ਼ (90), ਕ੍ਰਿਸ਼ਨਾ ਦੇਵੀ (85) ਤੇ ਕਾਰ ਚਾਲਕ ਰਾਮਪਾਲ (55) ਵਜੋਂ ਹੋਈ ਹੈ। ਇਹ ਸਾਰੇ ਬਿਸ਼ਨਾਹ ਦੇ ਰਹਿਣ ਵਾਲੇ ਹਨ। ਦੇਹਾਂ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਵਾਰਿਸਾਂ ਹਵਾਲੇ ਕਰ ਦਿੱਤੀਆਂ ਗਈਆਂ ਹਨ। ਵੇਰਵਿਆਂ ਮੁਤਾਬਕ ਬਰਾਤ ਬਿਸ਼ਨਾਹ (ਸਾਂਬਾ) ਤੋਂ ਪਠਾਨਕੋਟ ਆਈ ਸੀ ਤੇ ਹਾਦਸੇ ਵੇਲੇ ਵਾਪਸ ਪਰਤ ਰਹੀ ਸੀ। ਕਠੂਆ ਤੋਂ ਕਰੀਬ 15 ਕਿਲੋਮੀਟਰ ਦੂਰ ਕਾਰ ਡਰਾਈਵਰ ਨੂੰ ਨੀਂਦ ਆਉਣ ਕਾਰਨ ਇਹ ਡਿਵਾਈਡਰ ਨਾਲ ਜਾ ਟਕਰਾਈ ਤੇ ਹਾਦਸਾ ਵਾਪਰ ਗਿਆ। ਹਾਦਸੇ ’ਚ ਕਾਰ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਹਾਦਸੇ ਦੀ ਸੂਚਨਾ ਮਿਲਦੇ ਸਾਰ ਪੁਲੀਸ ਮੌਕੇ ’ਤੇ ਪੁੱਜੀ ਤੇ ਸਥਾਨਕ ਲੋਕਾਂ ਦੀ ਸਹਾਇਤਾ ਨਾਲ ਕਾਰ ਵਿਚ ਫ਼ਸੇ ਪੰਜ ਸਵਾਰਾਂ ਨੂੰ ਬਾਹਰ ਕੱਢਿਆ ਗਿਆ। ਹਸਪਤਾਲ ਲਿਜਾਂਦਿਆਂ ਤਿੰਨ ਜਣਿਆਂ ਦੀ ਰਸਤੇ ਵਿੱਚ ਮੌਤ ਹੋ ਗਈ। ਜ਼ਖ਼ਮੀ ਔਰਤਾਂ ਲਾੜੇ ਦੀਆਂ ਭੂਆ ਹਨ।

ਬੱਸ ਸਫ਼ੈਦੇ ਨਾਲ ਟਕਰਾਈ, ਡਰਾਈਵਰ-ਕੰਡਕਟਰ ਦੀ ਮੌਤ
ਮੁਕੇਰੀਆਂ- ਜਲੰਧਰ-ਪਠਾਨਕੋਟ ਕੌਮੀ ਮਾਰਗ ’ਤੇ ਮੁਕੇਰੀਆਂ ਨੇੜਲੇ ਪਿੰਡ ਜੰਡਵਾਲ ਸਾਹਮਣੇ ਲਤੀਫਪੁਰ ਮੋੜ ’ਤੇ ਹਰਿਆਣਾ ਰੋਡਵੇਜ਼ ਦੀ ਬੱਸ ਸੜਕ ਕਿਨਾਰੇ ਸਫ਼ੈਦੇ ਨਾਲ ਟਕਰਾ ਗਈ ਤੇ ਡਰਾਈਵਰ-ਕੰਡਕਟਰ ਦੀ ਮੌਤ ਹੋ ਗਈ। ਹਾਦਸੇ ਵਿਚ 8 ਹੋਰ ਜ਼ਖ਼ਮੀ ਹੋ ਗਏ। ਬੱਸ ਦਿੱਲੀ ਤੋਂ ਕਟੜਾ ਨੂੰ ਜਾ ਰਹੀ ਸੀ। ਸਥਾਨਕ ਲੋਕਾਂ ਤੇ ਪੁਲੀਸ ਦੀ ਮਦਦ ਨਾਲ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਮੁਕੇਰੀਆਂ ਪਹੁੰਚਾਇਆ ਗਿਆ। ਜਾਣਕਾਰੀ ਅਨੁਸਾਰ ਹਰਿਆਣਾ ਰੋਡਵੇਜ਼ ਦੀ ਬੱਸ ਨੰਬਰ- ਐਚਆਰ 67-ਬੀ 9586 ਦਿੱਲੀ ਤੋਂ ਕਟੜਾ ਨੂੰ ਜਾ ਰਹੀ ਸੀ। ਸੁਵੱਖਤੇ ਕਰੀਬ 4.30 ਵਜੇ ਜਦ ਇਹ ਜਲੰਧਰ-ਪਠਾਨਕੋਟ ਮਾਰਗ ’ਤੇ ਪੈਂਦੇ ਪਿੰਡ ਜੰਡਵਾਲ ਕੋਲ ਪੁੱਜੀ ਤਾਂ ਡਰਾਈਵਰ ਨੂੰ ਨੀਂਦ ਆਉਣ ਕਾਰਨ ਬੇਕਾਬੂ ਹੋ ਕੇ ਸੜਕ ਕਿਨਾਰੇ ਸਫ਼ੈਦੇ ਨਾਲ ਜਾ ਟਕਰਾਈ। ਹਾਦਸੇ ’ਚ ਬੱਸ ਚਾਲਕ ਸਲੀਮਦੀਨ (45) ਵਾਸੀ ਪਾਣੀਪਤ ਅਤੇ ਕੰਡਕਟਰ ਕ੍ਰਿਸ਼ਨ ਕੁਮਾਰ (42) ਵਾਸੀ ਪਿੰਡ ਮਨਾਨਾ (ਪਾਣੀਪਤ) ਦੀ ਮੌਕੇ ’ਤੇ ਹੀ ਮੌਤ ਹੋ ਗਈ। ਫੱਟੜ ਸਵਾਰੀਆਂ ’ਚ ਸਨੀ ਵਾਸੀ ਡਗਿਆਣਾ (ਜੰਮੂ), ਡੇਨਜ਼ਨ ਵਾਸੀ ਕਾਰਗਿਲ, ਸ਼ਾਮ ਲਾਲ ਵਾਸੀ ਕੱਟੜਾ, ਨੋਵਜ਼ਨ ਵਾਸੀ ਜਸਕਰ (ਲੱਦਾਖ), ਸ਼ਿਵਾਂਗ ਵਾਸੀ ਲੱਦਾਖ, ਮਹਿੰਦਰ ਕੁਮਾਰ ਵਾਸੀ ਰੈਲੀ (ਚੰਬਾ), ਚਾਰੂ ਰਾਮ ਵਾਸੀ ਚੰਬਾ, ਸ਼ਿਵ ਸੰਕਰ ਵਾਸੀ ਗਯਾ (ਬਿਹਾਰ) ਸ਼ਾਮਲ ਹਨ। ਚਾਲਕ ਤੇ ਡਰਾਈਵਰ ਦੀ ਦੇਹ ਨੂੰ ਪੋਸਟਮਾਰਟਮ ਲਈ ਹਸਪਤਾਲ ਦੇ ਮੁਰਦਾਘਰ ਵਿਚ ਰੱਖਿਆ ਗਿਆ ਹੈ। ਪੁਲੀਸ ਵੱਲੋਂ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ। ਜ਼ਖ਼ਮੀਆਂ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ ਜਾ ਰਿਹਾ ਹੈ।

ਸੜਕ ਹਾਦਸੇ ਵਿੱਚ ਦੋ ਭਰਾਵਾਂ ਦੀ ਮੌਤ
ਡੱਬਵਾਲੀ- ਇੱਥੇ ਡੱਬਵਾਲੀ-ਸੰਗਰੀਆ ਕੌਮੀ ਮਾਰਗ ’ਤੇ ਪਿੰਡ ਅਬੁੱਬਸ਼ਹਿਰ-ਸੁਖੇਰਾਖੇੜਾ ਵਿਚਾਲੇ ਹੋਏ ਸੜਕ ਹਾਦਸੇ ਵਿਚ ਮੋਟਰਸਾਈਕਲ ਸਵਾਰ ਰਿਸ਼ਤੇ ’ਚ ਭਰਾ ਲੱਗਦੇ ਦੋ ਜਣਿਆਂ ਦੀ ਮੌਤ ਹੋ ਗਈ। ਇਹ ਮਾਮੇ-ਭੂਆ ਦੇ ਪੁੱਤ ਸਨ। ਦੋਵੇਂ ਬਠਿੰਡਾ ਜ਼ਿਲ੍ਹੇ ਦੇ ਪਿੰਡ ਸ਼ੇਖਪੁਰਾ ਅਤੇ ਪੱਕਾ ਕਲਾਂ ਨਾਲ ਸਬੰਧਤ ਸਨ। ਹਾਦਸਾ ਅੱਗੇ ਜਾ ਰਹੇ ਟਰੱਕ ਵੱਲੋਂ ਬਰੇਕਾਂ ਲਾਉਣ ਕਾਰਨ ਵਾਪਰਿਆ। ਮ੍ਰਿਤਕ ਨੈਬ ਸਿੰਘ (60) ਦੇ ਫ਼ੌਜੀ ਜਵਾਨ ਪੁੱਤਰ ਗੁਰਲਾਲ ਸਿੰਘ ਨੇ ਦੱਸਿਆ ਕਿ ਉਹ ਦਿੱਲੀ ’ਚ ਤਾਇਨਾਤ ਹੈ। ਉਸ ਦੇ ਮਾਤਾ-ਪਿਤਾ ਵੀ ਨਾਲ ਰਹਿੰਦੇ ਹਨ। ਕਰੀਬ ਪੰਜ ਦਿਨ ਪਹਿਲਾਂ ਉਹ ਅਤੇ ਉਸ ਦੇ ਪਿਤਾ ਨੈਬ ਸਿੰਘ ਪਰਿਵਾਰ ਸਮੇਤ ਜੱਦੀ ਪਿੰਡ ਸ਼ੇਖਪੁਰਾ ਆਏ ਹੋਏ ਸਨ। ਨੈਬ ਸਿੰਘ ਅਤੇ ਉਨ੍ਹਾਂ ਦੀ ਭੂਆ ਦਾ ਪੁੱਤਰ ਮੈਂਗਲ ਸਿੰਘ (52) ਵਾਸੀ ਪੱਕਾ ਕਲਾਂ ਮੋਟਰਸਾਈਕਲ ’ਤੇ ਰਾਜਸਥਾਨ ਦੇ ਪਿੰਡ ਕਾਮਰਾਨੀ ਗਏ ਸਨ। ਵਾਪਸੀ ਸਮੇਂ ਅਬੁੱਬਸ਼ਹਿਰ ਨੇੜੇ ਸੜਕ ’ਤੇ ਅੱਗੇ ਜਾ ਰਹੇ ਟਰੱਕ ਦੇ ਡਰਾਈਵਰ ਨੇ ਅਚਨਚੇਤ ਬਰੇਕ ਲਾ ਦਿੱਤੀ ਤੇ ਮੋਟਰਸਾਈਕਲ ਟਰੱਕ ਨਾਲ ਟਕਰਾ ਗਿਆ। ਇਸੇ ਦੌਰਾਨ ਪਿਛੋਂ ਆਉਂਦਾ ਇਕ ਟਰੱਕ ਵੀ ਉਨ੍ਹਾਂ ਵਿਚ ਟਕਰਾ ਗਿਆ। ਦੋਵਾਂ ਦੀ ਮੌਕੇ ’ਤੇ ਮੌਤ ਹੋ ਗਈ। ਘਟਨਾ ਉਪਰੰਤ ਟਰੱਕ ਡਰਾਈਵਰ ਮੌਕੇ ’ਤੋਂ ਫ਼ਰਾਰ ਹੋ ਗਏ। ਦੇਹਾਂ ਪੋਸਟਮਾਰਟਮ ਮਗਰੋਂ ਵਾਰਿਸਾਂ ਨੂੰ ਸੌਂਪ ਦਿੱਤੀਆਂ ਗਈਆਂ ਹਨ। ਚੌਟਾਲਾ ਚੌਕੀ ਮੁਖੀ ਸ਼ਲਿੰਦਰ ਕੁਮਾਰ ਨੇ ਦੱਸਿਆ ਕਿ ਮ੍ਰਿਤਕਾਂ ਦੇ ਵਾਰਿਸਾਂ ਦੇ ਬਿਆਨਾਂ ’ਤੇ ਟਰੱਕ ਚਾਲਕਾਂ ਖ਼ਿਲਾਫ਼ ਕੇਸ ਦਰਜ ਕਰ ਕੇ ਭਾਲ ਸ਼ੁਰੂ ਕਰ ਦਿੱਤੀ ਗਈ ਹੈ।

Previous articleFormer BJP ally attacks Yogi govt over attacks on Dalits
Next articleAmit Shah to address pro-CAA meeting in Bhubaneswar