ਫਗਵਾੜਾ- ਬੀਤੀ ਰਾਤ ਇੱਥੇ ਬੰਗਾ ਰੋਡ ’ਤੇ ਵਾਪਰੇ ਸੜਕ ਹਾਦਸੇ ’ਚ ਦੋ ਨੌਜਵਾਨਾਂ ਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨਾਂ ਦੀ ਪਛਾਣ ਸਾਹਿਬ ਸਿੰਘ ਪੁੱਤਰ ਸਤਨਾਮ ਵਾਸੀ ਪਿੰਡ ਜੱਸੋਮਜਾਰਾ ਤੇ ਕਿਰਨਦੀਪ ਪੁੱਤਰ ਰਾਮਪਾਲ ਵਾਸੀ ਪਿੰਡ ਚੱਕ ਮੰਡਰੇ ਵਜੋਂ ਹੋਈ ਹੈ।
ਜਾਣਕਾਰੀ ਮੁਤਾਬਕ ਬੀਤੀ ਦੇਰ ਰਾਤ ਇਹ ਦੋਨੋਂ ਨੌਜਵਾਨ ਆਪਣੇ ਸਪਲੈਂਡਰ ਮੋਟਰਸਾਈਕਲ ਨੰਬਰ ਪੀ.ਬੀ.32.ਜੇ 9358 ’ਤੇ ਫਗਵਾੜਾ ਤੋਂ ਬੰਗਾ ਰੋਡ ਵੱਲ ਜਾ ਰਹੇ ਸੀ ਜਦੋਂ ਇਹ ਬਿਜਲੀ ਘਰ ਨਜ਼ਦੀਕ ਪੁੱਜੇ ਤਾਂ ਪਿੱਛੋਂ ਆ ਰਹੇ ਇੱਕ ਕੈਂਟਰ ਪੀ.ਬੀ.10.ਏ.ਯੂ.5534 ਨੇ ਇਨ੍ਹਾਂ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਇਹ ਦੋਨੋਂ ਨੌਜਵਾਨ ਬੁਰੀ ਤਰ੍ਹਾਂ ਜ਼ਖਮੀ ਦੀ ਤਾਬ ਨਾ ਸਹਾਰਦਿਆਂ ਦਮ ਤੋੜ ਗਏ। ਘਟਨਾ ਦੀ ਸੂਚਨਾ ਪੁਲੀਸ ਨੂੰ ਦਿੱਤੀ ਗਈ। ਸਿਟੀ ਪੁਲੀਸ ਨੇ ਮੌਕੇ ’ਤੇ ਪੁੱਜ ਕੇ ਘਟਨਾ ਸਥਾਨ ਦਾ ਜਾਇਜ਼ਾ ਲਿਆ ਅਤੇ ਦੋਨਾਂ ਦੀਆਂ ਲਾਸ਼ਾਂ ਨੂੰ ਸਿਵਲ ਹਸਪਤਾਲ ਵਿੱਚ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਐਸਐਚਓ ਸਿਟੀ ਓਂਕਾਰ ਸਿੰਘ ਬਰਾੜ ਨੇ ਦੱਸਿਆ ਕਿ ਕੈਂਟਰ ਚਾਲਕ ਮੌਕੇ ’ਤੇ ਗੱਡੀ ਛੱਡ ਕੇ ਫ਼ਰਾਰ ਹੋ ਗਿਆ ਹੈ। ਪੁਲੀਸ ਨੇ ਇਸ ਸਬੰਧੀ ਅਣਪਛਾਤੇ ਕੈਂਟਰ ਚਾਲਕ ਖਿਲਾਫ਼ ਕੇਸ ਦਰਜ ਕਰ ਲਿਆ ਹੈ।
ਮ੍ਰਿਤਕ ਸਾਹਿਬ ਸਿੰਘ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਸਾਹਿਬ ਆਪਣੇ ਪਿਤਾ ਨੂੰ ਵਿਦੇਸ਼ ਜਾਣ ਲਈ ਅਜੇ ਦੋ ਦਿਨ ਪਹਿਲਾਂ ਹੀ ਅੰਮ੍ਰਿਤਸਰ ਏਅਰਪੋਰਟ ’ਤੇ ਛੱਡ ਕੇ ਆਇਆ ਹੈ ਤੇ ਉਸ ਨੇ ਕੁੱਝ ਦਿਨਾ ਬਾਅਦ ਵਿਦੇਸ਼ ਜਾਣਾ ਸੀ ਪਰ ਹੋਣੀ ਨੂੰ ਕੁੱਝ ਹੋਰ ਹੀ ਮਨਜ਼ੂਰ ਸੀ।
ਚੇਤਨਪੁਰਾ (ਰਣਬੀਰ ਸਿੰਘ ਮਿੰਟੂ): ਅੱਜ ਸਵੇਰੇ ਪਈ ਸੰਘਣੀ ਧੁੰਦ ਤੇ ਸੜਕ ਦੀ ਖਸਤਾ ਹਾਲਤ ਕਾਰਨ ਅੰਮ੍ਰਿਤਸਰ-ਫਤਿਹਗੜ੍ਹ ਚੂੜੀਆਂ ਰੋਡ ’ਤੇ ਸਥਿਤ ਪਿੰਡ ਸੰਗਤਪੁਰਾ ਨੇੜੇ ਇਕ ਬੱਸ ਤੇ ਸਕੂਲ ਵੈਨ ਦੀ ਟੱਕਰ ਹੋ ਗਈ, ਜਿਸ ਕਾਰਨ ਸਕੂਲ ਵੈਨ ਦਾ ਡਰਾਈਵਰ ਅਨਮੋਲਪ੍ਰੀਤ ਸਿੰਘ ਵਾਸੀ ਪਿੰਡ ਅਨੈਤਪੁਰਾ ਗੰਭੀਰ ਜ਼ਖਮੀ ਹੋ ਗਿਆ। ਜਦੋਂ ਕਿ ਬੱਸ ਬੇਕਾਬੂ ਹੋ ਕੇ ਸੜਕ ਦੇ ਕੰਢੇ ਪਏ ਟੋਇਆਂ ਵਿੱਚ ਪਲਟ ਗਈ, ਜਿਸ ਦੌਰਾਨ ਬੱਸ ਵਿੱਚ ਸਵਾਰ 9 ਸਵਾਰੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ।
ਪ੍ਰਾਪਤ ਜਾਣਕਾਰੀ ਅਨੁਸਾਰ ਏਕਮਜੋਤ ਬੱਸ ਸਰਵਿਸ ਕੰਪਨੀ ਦੀ ਬੱਸ ਨੰ: ਪੀ ਬੀ 02 ਏ ਜੇ 9918 ਜੋ ਕਿ ਡੇਰਾ ਬਾਬਾ ਨਾਨਕ ਤੋਂ ਅੰਮ੍ਰਿਤਸਰ ਵਾਇਆ ਸੰਗਤਪੁਰਾ ਜਾ ਰਹੀ ਸੀ ਕਿ ਪਿੰਡ ਸੰਗਤਪੁਰਾ ਨੇੜੇ ਇੱਕ ਨਿੱਜੀ ਪਬਲਿਕ ਸਕੂਲ ਮੱਜੂਪੁਰਾ ਦੀ ਵੈਨ ਜੋ ਕਿ ਪਿੰਡਾਂ ਵਿੱਚੋਂ ਬੱਚਿਆਂ ਨੂੰ ਸਕੂਲ ਲਿਆਉਣ ਲਈ ਜਾ ਰਹੀ ਸੀ। ਜਦ ਇਹ ਦੋਵੇਂ ਵਾਹਨ ਪਿੰਡ ਸੰਗਤਪੁਰਾ ਨੇੜੇ ਪੁੱਜੇ ਤਾਂ ਸੜਕ ਦੀ ਮਾੜੀ ਹਾਲਤ ਤੇ ਸੰਘਣੀ ਧੁੰਦ ਕਰਕੇ ਵਿਖਾਈ ਨਾ ਦੇਣ ਕਰਕੇ ਦੋਵਾਂ ਦੀ ਆਹਮੋ-ਸਾਹਮਣੇ ਟੱਕਰ ਹੋ ਗਈ। ਗੰਭੀਰ ਰੂਪ ’ਚ ਜ਼ਖਮੀ ਹੋਏ ਸਕੂਲ ਵੈਨ ਦੇ ਡਰਾਈਵਰ ਨੂੰ ਅੰਮ੍ਰਿਤਸਰ ਦੇ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਥਾਣਾ ਝੰਡੇਰ ਦੀ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਭਿੱਖੀਵਿੰਡ (ਪੱਤਰ ਪੇ੍ਰਕ): ਪ੍ਰਾਈਵੇਟ ਬੱਸ ਵਿਚੋਂ ਉਤਰਦੇ ਸਮੇਂ ਇਕ ਵਿਅਕਤੀ ਦੀ ਬੱਸ ਦੇ ਥੱਲੇ ਆਉਣ ਨਾਲ ਦੋਵੇਂ ਲੱਤਾਂ ਟੁੱਟ ਗਈਆਂ ਅਤੇ ਹਾਲਤ ਗੰਭੀਰ ਹੋਣ ਕਰਕੇ ਉਸ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ। ਪੱਟੀ ਪੁਲੀਸ ਵੱਲੋਂ ਮੌਕੇ ‘ਤੇ ਪਹੁੰਚ ਕੇ ਬੱਸ ਕਬਜ਼ੇ ਵਿਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹੀਰਾ ਸਿੰਘ (60) ਸਾਲ ਪੁੱਤਰ ਦਰਸ਼ਨ ਸਿੰਘ ਨਿਵਾਸੀ ਵਰਾਣਾ ਥਾਣਾ ਸਰਹਾਲੀ ਨੇ ਦੱਸਿਆ ਕਿ ਉਹ ਬੱਸ ਨੰ: ਪੀ ਬੀ 02 ਵਾਈ 9993 ‘ਤੇ ਪੱਟੀ ਆ ਰਿਹਾ ਸੀ ਅਤੇ ਭੁੱਲਰ ਪੈਟਰੋਲ ਪੰਪ ਖੇਮਕਰਨ ਰੋਡ ਪੱਟੀ ਵਿਖੇ ਬੱਸ ਵਿਚ ਅਗਲੀ ਖਿੜਕੀ ਤੋਂ ਉਤਰ ਰਿਹਾ ਸੀ ਅਤੇ ਉਤਰਨ ਸਮੇਂ ਬੱਸ ਦੀ ਸਪੀਡ ਤੇਜ਼ ਹੋਣ ਕਰਕੇ ਉਹ ਬੱਸ ਦੇ ਮਗਰਲੇ ਟਾਇਰਾਂ ਥੱਲੇ ਆ ਗਿਆ, ਜਿਸ ਨਾਲ ਉਸ ਦੀਆਂ ਦੋਵੇ ਲੱਤਾਂ ਟੁੱਟ ਗਈਆਂ।
INDIA ਸੜਕ ਹਾਦਸਿਆਂ ’ਚ 4 ਹਲਾਕ, 12 ਜ਼ਖ਼ਮੀ