ਸੜਕ ਹਾਦਸਿਆਂ ’ਚ ਚਾਰ ਹਲਾਕ, ਸੱਤ ਜ਼ਖ਼ਮੀ

ਪੰਜਾਬ ਵਿਚ ਵਾਪਰੇ ਤਿੰਨ ਸੜਕ ਹਾਦਸਿਆਂ ਵਿੱਚ ਚਾਰ ਜਣਿਆਂ ਦੀ ਮੌਤ ਹੋ ਗਈ ਅਤੇ ਸੱਤ ਜਣੇ ਗੰਭੀਰ ਜ਼ਖ਼ਮੀ ਹੋ ਗਏ। ਪਹਿਲਾ ਹਾਦਸੇ ’ਚ ਇਥੇ ਬਾਅਦ ਦੁਪਹਿਰ ਅੱਜ ਮੁਕੇਰੀਆਂ ਵੱਲੋਂ ਆ ਰਹੀ ਇੱਕ ਨਿੱਜੀ ਕੰਪਨੀ ਦੀ ਤੇਜ਼ ਰਫ਼ਤਾਰ ਬੱਸ ਉਲਟ ਦਿਸ਼ਾ ਵਿੱਚ ਜਾ ਕੇ ਸੜਕ ’ਤੇ ਖੜ੍ਹੇ ਲੋਕਾਂ ਉੱਤੇ ਜਾ ਚੜ੍ਹੀ। ਇਸ ਘਟਨਾ ਵਿੱਚ ਦੋ ਬੱਚਿਆਂ ਸਮੇਤ ਪੰਜ ਜਣੇ ਜ਼ਖ਼ਮੀ ਹੋ ਗਏ, ਜਿਨ੍ਹਾਂ ’ਚੋਂ ਚਾਰ ਨੂੰ ਸਿਵਲ ਹਸਪਤਾਲ ਅਤੇ ਇੱਕ ਨੂੰ ਪ੍ਰਾਈਵੇਟ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਇੱਕ ਬੱਚੇ ਦੀ ਗੰਭੀਰ ਹਾਲਤ ਵੇਖਦਿਆਂ ਉਸ ਨੂੰ ਅੰਮ੍ਰਿਤਸਰ ਰੈਫ਼ਰ ਕਰ ਦਿੱਤਾ ਗਿਆ। ਘਟਨਾ ਮਗਰੋਂ ਪੁਰਾਣਾ ਸ਼ਾਲਾ ਪੁਲੀਸ ਨੇ ਬੱਸ ਕਬਜ਼ੇ ਵਿੱਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਬੱਸ ਦਾ ਡਰਾਈਵਰ ਮੌਕੇ ਤੋਂ ਫ਼ਰਾਰ ਹੋ ਗਿਆ। ਇਸ ਹਾਦਸੇ ਵਿੱਚ ਸੁਮਨ, ਕੁਸ਼ੱਲਿਆ, ਹਰਵਿੰਦਰ ਸਿੰਘ, ਛੇ ਸਾਲਾ ਰਾਘਵਅਤੇ 7 ਸਾਲਾ ਕੇਸ਼ਵ ਸਾਰੇ ਨਿਵਾਸੀ ਚਾਵਾ ਜ਼ਖ਼ਮੀ ਹੋ ਗਏ। ਪਿੰਡ ਚਾਵਾ ਦੇ ਸਰਪੰਚ ਸੁੱਚਾ ਸਿੰਘ ਮੁਲਤਾਨੀ ਨੇ ਦੱਸਿਆ ਕਿ ਨਜ਼ਦੀਕੀ ਪਿੰਡ ਵਿੱਚ ਮੇਲਾ ਲੱਗਿਆ ਹੋਇਆ ਸੀ। ਇਸ ਦੌਰਾਨ ਉਨ੍ਹਾਂ ਦੇ ਪਿੰਡ ਕੋਲ ਸੜਕ ਕੰਢੇ ਖਾਣ ਪੀਣ ਦੀ ਦੁਕਾਨਾਂ ਲੱਗੀਆਂ ਸਨ। ਸ਼ੁੱਕਰਵਾਰ ਬਾਅਦ ਦੁਪਹਿਰ ਪਿੰਡ ਦੇ ਕੁਝ ਲੋਕ ਮੇਲਾ ਵੇਖ ਕੇ ਜਦੋਂ ਵਾਪਸ ਆਏ ਤਾਂ ਸੜਕ ਕੰਢੇ ਜਲੇਬੀਆਂ ਦੀ ਦੁਕਾਨ ’ਤੇ ਰੁਕ ਗਏ।
ਇਸ ਦੌਰਾਨ ਮੁਕੇਰੀਆਂ ਵੱਲੋਂ ਤੇਜ਼ ਰਫ਼ਤਾਰ ਇੱਕ ਨਿੱਜੀ ਕੰਪਨੀ ਦੀ ਬੱਸ ਆਈ। ਏਨੇ ਨੂੰ ਸੜਕ ’ਤੇ ਸਕੂਟਰੀ ’ਤੇ ਲੰਘ ਰਹੀਆਂ ਲੜਕੀਆਂ ਹੇਠਾਂ ਡਿਗ ਪਈਆਂ, ਜਿਨ੍ਹਾਂ ਨੂੰ ਬਚਾਉਣ ਲੱਗਿਆਂ ਬੱਸ ਬੇਕਾਬੂ ਹੋ ਕੇ ਸੜਕ ਕੰਢੇ ਲੋਕਾਂ ’ਤੇ ਜਾ ਚੜ੍ਹੀ। ਇਸ ਨਾਲ ਪੰਜ ਲੋਕ ਜ਼ਖ਼ਮੀ ਹੋ ਗਏ। ਡਾਕਟਰ ਕੰਵਰਪਾਲ ਸਿੰਘ ਨੇ ਦੱਸਿਆ ਕਿ ਪੰਜਾਂ ਨੂੰ ਮੁੱਢਲੀ ਸਹਾਇਤਾ ਦੇ ਕੇ ਇਲਾਜ ਸ਼ੁਰੂ ਕੀਤਾ ਗਿਆ ਜਦਕਿ ਰਾਘਵ ਦੇ ਸਿਰ ’ਤੇ ਗੰਭੀਰ ਸੱਟਾਂ ਹਨ ਅਤੇ ਉਸ ਨੂੰ ਅੰਮ੍ਰਿਤਸਰ ਰੈਫ਼ਰ ਕਰ ਦਿੱਤਾ ਹੈ। ਬਾਕੀਆਂ ਦੇ ਸਿਰ ਅਤੇ ਲੱਤਾਂ ਤੇ ਸੱਟਾਂ ਹਨ ਅਤੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਇਸੇ ਤਰ੍ਹਾਂ ਦੂਜੇ ਹਾਦਸੇ ਵਿਚ ਬਾਜਾਖਾਨਾ-ਭਗਤਾ ਭਾਈ ਕਾ ਮਾਰਗ ’ਤੇ ਤੂੜੀ ਨਾਲ ਲੱਦੇ ਟਰੈਕਟਰ-ਟਰਾਲੀ ਨੇ ਦੋ ਨੌਜਵਾਨਾਂ ਦੀ ਜਾਨ ਲੈ ਲਈ। ਘਟਨਾ ਬੀਤੀ ਦੇਰ ਸ਼ਾਮ ਵਾਪਰੀ। ਹਨੇਰੀ ਰਾਤ ’ਚ ਟਰੈਕਟਰ-ਟਰਾਲੀ ਨੇ ਜਦੋਂ ਅਚਾਨਕ ਮੋੜ ਕੱਟਿਆ ਤਾਂ ਇੱਕ ਪਿੱਛੇ ਤੋਂ ਓਵਰਟੇਕ ਕਰਦੇ ਮੋਟਰਸਾਈਕਲ ਸਵਾਰ ਹਾਦਸੇ ਦਾ ਸ਼ਿਕਾਰ ਹੋ ਗਏ। ਇਸ ਦੌਰਾਨ ਇਕ ਨੌਜਵਾਨ ਬੁਰੀ ਤਰ੍ਹਾਂ ਕੁਚਲਿਆ ਗਿਆ ਤੇ ਦੂਜੇ ਦੀ ਹਾਲਤ ਵੀ ਗੰਭੀਰ ਸੀ। ਹਾਦਸੇ ਦਾ ਸ਼ਿਕਾਰ ਹੋਏ ਨੌਜਵਾਨ ਵਾਸੀ ਪਿੰਡ ਡੋਡ ਦੇ ਗੁਰਜੰਟ ਸਿੰਘ ਪੁੱਤਰ ਭੋਲਾ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਦੂਜੇ ਨੌਜਵਾਨ ਰਾਜ ਕੁਮਾਰ ਪੁੱਤਰ ਗੁਰਨਾਮ ਸਿੰਘ ਨੇ ਹਸਪਤਾਲ ਲਿਜਾਂਦਿਆਂ ਰਸਤੇ ’ਚ ਦਮ ਤੋੜ ਗਿਆ। ਹਾਦਸਾ ਵਾਪਰਨ ਵਾਲੇ ਸੋਨਾਲੀਕਾ ਟਰੈਕਟਰ ਦਾ ਨੰਬਰ ਪੀ.ਬੀ.03ਏ-ਵਾਈ 6227 ਹੈ।

Previous articleਕੌਫੀ ਪੇਅ ਪਦਾਰਥਾਂ ਤੇ ਹੋਟਲ ਕਿਰਾਏ ਦੀਆਂ ਟੈਕਸ ਦਰਾਂ ਸੋਧੀਆਂ
Next articleEC announces bypolls in 17 states, Puducherry on Oct 21