ਸੜਕ ਸੁਰੱਖਿਆ ਨੇਮ ਸਖ਼ਤੀ ਨਾਲ ਲਾਗੂ ਕਰਨ ਦੀ ਲੋੜ: ਨਾਇਡੂ

ਉਪ ਰਾਸ਼ਟਰਪਤੀ ਐੱਮ. ਵੈਂਕਈਆ ਨਾਇਡੂ ਨੇ ਅੱਜ ਇੱਥੇ ਕਿਹਾ ਕਿ ਸਕੂਲਾਂ ਤੇ ਕਾਲਜਾਂ ਵਿਚ ਸੜਕ ਸੁਰੱਖਿਆ ਸਬੰਧੀ ਵੱਧ ਤੋਂ ਵੱਧ ਮੁਹਿੰਮਾਂ ਆਰੰਭਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਜਾਗਰੂਕਤਾ ਫੈਲੇਗੀ ਤੇ ਸੜਕ ਹਾਦਸਿਆਂ ਨੂੰ ਠੱਲ੍ਹ ਪਾਉਣ ਵਿਚ ਮਦਦ ਮਿਲੇਗੀ। ਸ੍ਰੀ ਨਾਇਡੂ ਕਾਂਸਟੀਟਿਊਸ਼ਨ ਕਲੱਬ ਆਫ਼ ਇੰਡੀਆ ਵਿਚ ਸੰਸਦ ਮੈਂਬਰਾਂ ਦੀ ਸਾਲਾਨਾ ਕਾਰ ਰੈਲੀ ਨੂੰ ਰਵਾਨਾ ਕਰਨ ਮੌਕੇ ਵਿਚਾਰ ਪ੍ਰਗਟ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਸੜਕ ਹਾਦਸਿਆਂ ਕਾਰਨ ਦੇਸ਼ ਵਿਚ ਹਰ ਸਾਲ ਇਕ ਲੱਖ ਤੋਂ ਵੱਧ ਮੌਤਾਂ ਹੋ ਰਹੀਆਂ ਹਨ ਤੇ ਮਰਨ ਵਾਲੇ ਜ਼ਿਆਦਾਤਰ ਨੌਜਵਾਨ ਹੁੰਦੇ ਹਨ। ਉਨ੍ਹਾਂ ਕਿਹਾ ਕਿ ਮੀਡੀਆ, ਖਾਸ ਕਰ ਕੇ ਇਲੈਕਟ੍ਰੌਨਿਕ ਮੀਡੀਆ ਦੀ ਵਰਤੋਂ ਸੁਰੱਖਿਅਤ ਡਰਾਇਵਿੰਗ ਦੇ ਵੱਖ-ਵੱਖ ਪੱਖਾਂ ਨੂੰ ਉਭਾਰਨ ਲਈ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਸਕੂਲਾਂ-ਕਾਲਜਾਂ ਵਿਚ ਨੌਜਵਾਨਾਂ ਨੂੰ ਮੁਹਿੰਮਾਂ ਚਲਾ ਕੇ ਜਾਗਰੂਕ ਕੀਤਾ ਜਾ ਸਕਦਾ ਹੈ। ਉੱਪ ਰਾਸ਼ਟਰਪਤੀ ਨੇ ਕਿਹਾ ਕਿ ਕਲਾ, ਖੇਡਾਂ ਤੇ ਹੋਰ ਖੇਤਰਾਂ ਨਾਲ ਜੁੜੀਆਂ ਉੱਘੀਆਂ ਸ਼ਖ਼ਸੀਅਤਾਂ ਦਾ ਵੀ ਜਾਗਰੂਕਤਾ ਫੈਲਾਉਣ ਲਈ ਸਹਿਯੋਗ ਲਿਆ ਜਾ ਸਕਦਾ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਪੈਟਰੋਲ ਤੇ ਗੈਸ ਸਟੇਸ਼ਨ ਵੀ ਇਸ ਵਿਚ ਅਹਿਮ ਯੋਗਦਾਨ ਦੇ ਸਕਦੇ ਹਨ। ਸ੍ਰੀ ਨਾਇਡੂ ਨੇ ਕਿਹਾ ਕਿ ਹੈਲਮੈੱਟ ਤੇ ਸੀਟ ਬੈਲਟ ਜਿਹੇ ਨੇਮ ਸਖ਼ਤੀ ਨਾਲ ਲਾਗੂ ਕਰਨ ਦੀ ਲੋੜ ਹੈ। ਇਸ ਰੈਲੀ ਵਿਚ 60 ਕਾਰਾਂ ਹਿੱਸਾ ਲੈ ਰਹੀਆਂ ਹਨ। ਰੈਲੀ ਦੇ 34 ਕਿਲੋਮੀਟਰ ਲੰਮੇ ਇਸ ਰੂਟ ਦੌਰਾਨ ਕਾਰਾਂ ਰਫ਼ੀ ਮਾਰਗ ਤੋਂ ਤਿਆਗਰਾਜ ਰੋਡ ਹੁੰਦੀਆਂ ਹੋਈਆਂ ਤੀਨ ਮੂਰਤੀ ਮਾਰਗ ’ਤੇ ਇਕੱਠੀਆਂ ਹੋ ਕੇ ਵਾਪਸ ਕਾਂਸਟੀਟਿਊਸ਼ਨ ਕਲੱਬ ’ਤੇ ਹੀ ਰੈਲੀ ਖ਼ਤਮ ਕਰਨਗੀਆਂ।

Previous articleਪੰਚਾਇਤੀ ਚੋਣ: ਮਹਿਲਾ ਉਮੀਦਵਾਰ ਦੇ ਪਤੀ ’ਤੇ ਹਮਲਾ, ਗੰਂਭੀਰ ਜ਼ਖ਼ਮੀ
Next articleਮੁਹਾਲੀ ਦੇ ਹੋਟਲ ਵਿੱਚ ਖੇਡ ਪ੍ਰਮੋਟਰ ਦੀ ਮੌਤ