ਜ਼ੀਰਕਪੁਰ ਇਥੋਂ ਦੀ ਪੁਰਾਣੀ ਕਾਲਕਾ ਰੋਡ ’ਤੇ ਪਿੰਡ ਸਨੌਲੀ ਕੋਲ ਕਾਰ ਨੂੰ ਓਵਰਟੇਕ ਕਰਨ ਤੋਂ ਨਾਰਾਜ਼ ਹੋਏ ਚਾਰ ਨੌਜਵਾਨਾਂ ਵਲੋਂ ਬੜੀ ਬੇਰਹਿਮੀ ਨਾਲ ਇੱਕ ਕਾਰ ਸਵਾਰ ਨੌਜਵਾਨ ਦੀ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ ਗਈ। ਵਾਰਦਾਤ ਨੂੰ ਅੰਜਾਮ ਦੇਣ ਮਗਰੋਂ ਨੌਜਵਾਨ ਮੌਕੇ ਤੋਂ ਫ਼ਰਾਰ ਹੋ ਗਏ। ਪੁਲੀਸ ਨੇ ਮ੍ਰਿਤਕ ਦੇ ਨਾਲ ਮੌਜੂਦ ਉਸ ਦੇ ਦੋਸਤ ਦੇ ਬਿਆਨਾਂ ’ਤੇ ਗੱਡੀ ਦੇ ਨੰਬਰ ਦੇ ਆਧਾਰ ’ਤੇ ਚਾਰ ਅਣਪਛਾਤੇ ਨੌਜਵਾਨਾਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ। ਪੁਲੀਸ ਤੋਂ ਮਿਲੀ ਜਾਣਕਾਰੀ ਅਨੁਸਾਰ ਮੁਲਜ਼ਮਾਂ ਵਿੱਚ ਪਿੰਡ ਸਨੌਲੀ ਦੇ ਸਾਬਕਾ ਸਰਪੰਚ ਦਾ ਲੜਕਾ, ਉਸ ਦਾ ਦੋਸਤ ਅਤੇ ਪਿੰਡ ਵਿੱਚ ਪਾਣੀ ਦੇ ਟੈਂਕਰਾਂ ਦਾ ਕੰਮ ਕਰਨ ਵਾਲਾ ਵਿਅਕਤੀ ਇਸ ਵਾਰਦਾਤ ਵਿੱਚ ਸ਼ਾਮਲ ਹੈ। ਖ਼ਬਰ ਲਿਖੇ ਜਾਣ ਤੱਕ ਪੁਲੀਸ ਨੇ ਕੁਝ ਨੌਜਵਾਨਾਂ ਨੂੰ ਸ਼ੱਕ ਦੇ ਆਧਾਰ ’ਤੇ ਕਾਬੂ ਕਰਕੇ ਪੁੱਛ-ਗਿੱਛ ਕੀਤੀ ਜਾ ਰਹੀ ਹੈ। ਮ੍ਰਿਤਕ ਦੀ ਪਛਾਣ 43 ਸਾਲਾ ਦਾ ਕੁਲਦੀਪ ਸਿੰਘ ਵਜੋਂ ਹੋਈ ਹੈ ਜੋ ਪ੍ਰਾਪਰਟੀ ਦਾ ਕਾਰੋਬਾਰ ਕਰਦਾ ਸੀ। ਪੁਲੀਸ ਨੂੰ ਦਿੱਤੇ ਬਿਆਨ ਵਿੱਚ ਮ੍ਰਿਤਕ ਦੇ ਦੋਸਤ ਪਵਨ ਸਰੇਹਾ ਵਾਸੀ ਪਿੰਡ ਰਾੜਦਨਾ ਸੋਨੀਪਤ, ਹਰਿਆਣਾ ਹਾਲ ਵਾਸੀ ਫਲੈਟ ਨੰਬਰ 550 ਪੈਂਟਾ ਹੋਮਜ਼ ਵੀਆਈਪੀ ਰੋਡ ਜ਼ੀਰਕਪੁਰ ਨੇ ਦੱਸਿਆ ਕਿ ਉਹ ਜ਼ੀਰਕਪੁਰ ਵਿਖੇ ਪ੍ਰਾਪਰਟੀ ਦਾ ਕਾਰੋਬਾਰ ਕਰਦਾ ਹੈ। ਲੰਘੇ ਕੱਲ੍ਹ ਉਹ ਆਪਣੇ ਦੋਸਤ ਕੁਲਦੀਪ ਸਿੰਘ ਵਾਸੀ ਫਲੈਟ ਨੰਬਰ 301 ਵਿਜੈ ਅਪਾਰਟਮੈਂਟ ਜ਼ੀਰਕਪੁਰ ਅਤੇ ਨਿਪੁਨ ਜੈਨ ਵਾਸੀ ਮਕਾਨ ਨੰਬਰ 713 ਸੈਕਟਰ 21 ਪੰਚਕੂਲਾ ਨਾਲ ਆਪਣੀ ਸਕੌਡਾ ਕਰ ’ਚ ਪੰਚਕੂਲਾ ਤੋਂ ਪੁਰਾਣੀ ਕਾਲਕਾ ਸੜਕ ਰਾਹੀਂ ਵਾਪਸ ਆ ਰਹੇ ਸੀ। ਇਸ ਦੌਰਾਨ ਜਦ ਉਹ ਪਿੰਡ ਸਨੌਲੀ ਨੇੜੇ ਪੁੱਜੇ ਤਾਂ ਉਨ੍ਹਾਂ ਨੇ ਇੱਕ ਫੋਰਡ ਫੀਗੋ ਕਾਰ ਨੰਬਰ ਪੀਬੀ 65-ਏਕੇ 9297 ਨੂੰ ਓਵਰਟੇਕ ਕੀਤਾ ਜਿਸ ਵਿੱਚ ਕੁਝ ਨੌਜਵਾਨ ਸਵਾਰ ਸੀ ਤੇ ਸ਼ਰਾਬ ਨਾਲ ਪੂਰੀ ਤਰ੍ਹਾਂ ਰੱਜੇ ਹੋਏ ਸੀ। ਇਨ੍ਹਾਂ ਨੌਜਵਾਨਾਂ ਨੇ ਪਿੰਡ ਸਨੌਲੀ ਦੇ ਹੀ ਆਪਣੇ ਇਕ ਪਾਣੀ ਦੇ ਟੈਂਕਰ ਸਪਲਾਈ ਕਰਨ ਵਾਲੇ ਸਾਥੀ ਨੂੰ ਫੋਨ ਰਾਹੀਂ ਇਤਲਾਹ ਦੇ ਕੇ ਉਨ੍ਹਾਂ ਨੂੰ ਅੱਗੇ ਘੇਰ ਲਿਆ। ਐਨੀ ਦੇਰ ਵਿੱਚ ਪਿੱਛੋਂ ਕਾਰ ਸਵਾਰ ਚਾਰੇ ਨੌਜਵਾਨ ਆ ਗਏ ਜਿਨ੍ਹਾਂ ਨੇ ਆਉਂਦੇ ਹੀ ਗਾਲੀ ਗਲੋਚ ਕਰਨੀ ਸ਼ੁਰੂ ਕਰ ਦਿੱਤੀ। ਇਸ ਦਾ ਡਰਾਈਵਰ ਦੇ ਨਾਲ ਵਾਲੀ ਸੀਟ ’ਤੇ ਬੈਠ ਕੁਲਦੀਪ ਸਿੰਘ ਵੱਲੋਂ ਵਿਰੋਧ ਕੀਤਾ ਗਿਆ ਜਿਸ ਤੋਂ ਰੋਹ ਵਿੱਚ ਆਏ ਨੌਜਵਾਨਾਂ ਨੇ ਕਾਰ ਵਿੱਚ ਬੈਠੇ ਕੁਲਦੀਪ ਸਿੰਘ ਦੀ ਮਾਰਕੁੱਟ ਸ਼ੁਰੂ ਕਰ ਦਿੱਤੀ। ਉਨ੍ਹਾਂ ਦੱਸਿਆ ਕਿ ਜਦੋਂ ਉਸ ਨੇ ਅਤੇ ਉਸ ਦੇ ਦੋਸਤ ਨਿਪੁਨ ਨੇ ਅਪਣੇ ਦੋਸਤ ਕੁਲਦੀਪ ਨੂੰ ਛੁਡਵਾਉਣ ਦੀ ਕੋਸ਼ਿਸ ਕੀਤੀ ਤਾਂ ਹਮਲਾਵਰਾਂ ਨੇ ਉਨ੍ਹਾਂ ਦੀ ਇਕ ਨਾ ਸੁਣੀ। ਉਸ ਨੇ ਦੋਸ਼ ਲਾਇਆ ਕਿ ਹਮਲਾਵਰ ਕੁਲਦੀਪ ਸਿੰਘ ਨੂੰ ਉਦੋਂ ਤਕ ਮਾਰਦੇ ਰਹੇ ਜਦ ਤੱਕ ਉਹ ਬੇਹੋਸ਼ ਨਹੀਂ ਹੋ ਗਿਆ। ਕੁਲਦੀਪ ਦੇ ਬੇਹੋਸ਼ ਹੋਣ ਮਗਰੋਂ ਹਮਲਾਵਰ ਮੌਕੇ ਤੋਂ ਫ਼ਰਾਰ ਹੋ ਗਏ। ਪਵਨ ਨੇ ਦੱਸਿਆ ਕਿ ਅਤਿ ਗੰਭੀਰ ਹਾਲਤ ਵਿੱਚ ਕੁਲਦੀਪ ਸਿੰਘ ਨੂੰ ਇਲਾਜ ਲਈ ਇਕ ਨਿੱਜੀ ਹਸਪਤਾਲ ਵਿੱਚ ਲਿਜਾਇਆ ਗਿਆ ਜਿਥੇ ਡਾਕਟਰਾਂ ਨੇ ਕੁਲਦੀਪ ਸਿੰਘ (43) ਨੂੰ ਮ੍ਰਿਤਕ ਕਰਾਰ ਦੇ ਦਿੱਤਾ।
INDIA ਸੜਕ ’ਤੇ ਤਕਰਾਰ ਮਗਰੋਂ ਨੌਜਵਾਨ ਦੀ ਕੁੱਟ-ਕੁੱਟ ਕੇ ਹੱਤਿਆ