ਅੰਮ੍ਰਿਤਸਰ– ਕਰੋਨਾਵਾਇਰਸ ਕਾਰਨ ਕੇਂਦਰ ਸਰਕਾਰ ਵੱਲੋਂ ਅਟਾਰੀ ਸਰਹੱਦ ’ਤੇ ਸੜਕੀ ਲਾਂਘਾ ਅਤੇ ਕੌਮਾਂਤਰੀ ਉਡਾਣਾਂ ਬੰਦ ਕੀਤੇ ਜਾਣ ਕਾਰਨ ਪਾਕਿਸਤਾਨ ਅਤੇ ਮਲੇਸ਼ੀਆ ਦੇ ਕੁਝ ਯਾਤਰੂ ਇੱਥੇ ਫਸ ਗਏ ਹਨ, ਜਿਨ੍ਹਾਂ ਦੀ ਸਿਹਤ ਜਾਂਚ ਮਗਰੋਂ ਉਨ੍ਹਾਂ ਨੂੰ ਵੱਖ ਵੱਖ ਥਾਵਾਂ ’ਤੇ ਠਹਿਰਾਇਆ ਗਿਆ ਹੈ।
ਮਲੇਸ਼ੀਆ ਤੋਂ ਆਏ ਯਾਤਰੂਆਂ ਦਾ 16 ਮੈਂਬਰੀ ਗਰੁੱਪ ਉਡਾਣ ਰੱਦ ਹੋਣ ਕਾਰਨ ਆਪਣੇ ਦੇਸ਼ ਪਰਤਣ ਤੋਂ ਰਹਿ ਗਿਆ ਹੈ। ਉਨ੍ਹਾਂ ਦਾ ਅੱਜ ਵਾਪਸ ਪਰਤਣ ਦਾ ਪ੍ਰੋਗਰਾਮ ਸੀ ਪਰ ਉਡਾਣ ਰੱਦ ਹੋਣ ਕਾਰਨ ਉਹ ਵਾਪਸ ਨਹੀਂ ਜਾ ਸਕੇ। ਉਨ੍ਹਾਂ ਦੀ ਮੈਡੀਕਲ ਜਾਂਚ ਮਗਰੋਂ ਇੱਥੇ ਸ੍ਰੀ ਹਰਿਮੰਦਰ ਸਾਹਿਬ ਨੇੜੇ ਇਕ ਹੋਟਲ ਵਿਚ ਠਹਿਰਾਇਆ ਗਿਆ ਹੈ। ਇਨ੍ਹਾਂ ਵਿਚ ਸ਼ਾਮਲ ਗੁਰਬਚਨ ਸਿੰਘ ਨੇ ਦੱਸਿਆ ਕਿ ਉਹ ਸਾਰੇ ਇਕ ਮਹੀਨੇ ਦੇ ਯਾਤਰੂ ਵੀਜ਼ੇ ’ਤੇ 7 ਮਾਰਚ ਨੂੰ ਇੱਥੇ ਆਏ ਸਨ। ਉਨ੍ਹਾਂ ਨੇ ਅੱਜ ਵਾਪਸੀ ਦਾ ਪ੍ਰੋਗਰਾਮ ਬਣਾਇਆ ਹੋਇਆ ਸੀ। ਹੁਣ ਆਖ਼ਰੀ ਮੌਕੇ ਉਨ੍ਹਾਂ ਨੂੰ ਪਤਾ ਲੱਗਾ ਹੈ ਕਿ ਹਵਾਈ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ ਨੇ ਸਰਕਾਰ ਨੂੰ ਵਾਪਸ ਭੇਜਣ ਲਈ ਢੁੱਕਵੇਂ ਪ੍ਰਬੰਧ ਕਰਨ ਦੀ ਅਪੀਲ ਕੀਤੀ ਹੈ।
ਇਸ ਦੌਰਾਨ ਤਹਿਸੀਲਦਾਰ ਜੇਪੀ ਸਲਵਾਨ ਨੇ ਦੱਸਿਆ ਕਿ ਮਲੇਸ਼ੀਆ ਤੋਂ ਆਏ ਸਾਰੇ ਯਾਤਰੂਆਂ ਦੀ ਸਰਕਾਰੀ ਮੈਡੀਕਲ ਕਾਲਜ ਵਿਚ ਸਿਹਤ ਜਾਂਚ ਕਰਾਈ ਗਈ ਹੈ। ਇਨ੍ਹਾਂ ਵਿਚੋਂ ਕਰੋਨਾਵਾਇਰਸ ਸਬੰਧੀ ਕੋਈ ਸ਼ੱਕੀ ਮਰੀਜ਼ ਨਹੀਂ ਹੈ ਅਤੇ ਸਾਰੇ ਸਿਹਤਮੰਦ ਹਨ। ਇਨ੍ਹਾਂ ਨੂੰ ਫਿਲਹਾਲ ਇੱਥੇ ਇਕ ਹੋਟਲ ਵਿਚ ਠਹਿਰਾਇਆ ਗਿਆ ਹੈ।
ਇਸ ਦੌਰਾਨ ਇਕ ਪਾਕਿਸਤਾਨੀ ਔਰਤ ਖਤੀਜਾ (77) ਵੀ ਅਟਾਰੀ-ਵਾਹਗਾ ਸਰਹੱਦ ਲਾਂਘਾ ਬੰਦ ਹੋਣ ਕਾਰਨ ਇੱਥੇ ਫਸ ਗਈ ਹੈ। ਉਸ ਨੂੰ ਅੱਜ ਪਾਕਿਸਤਾਨ ਜਾਣ ਤੋਂ ਰੋਕ ਦਿੱਤਾ ਗਿਆ ਹੈ। ਉਸ ਨੇ ਦੱਸਿਆ ਕਿ ਉਹ 28 ਫਰਵਰੀ ਨੂੰ ਮੁੰਬਈ ਵਿਚ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਆਈ ਸੀ।
ਇਸ ਦੌਰਾਨ ਉਸ ਨੂੰ ਅਟਾਰੀ-ਵਾਹਗਾ ਸਰਹੱਦੀ ਲਾਂਘਾ ਬੰਦ ਹੋਣ ਬਾਰੇ ਕੋਈ ਜਾਣਕਾਰੀ ਨਹੀਂ ਸੀ। ਉਸ ਦਾ ਵੀਜ਼ਾ ਵੀ 27 ਮਾਰਚ ਤਕ ਹੈ। ਉਹ ਸ਼ਨਿੱਚਰਵਾਰ ਰਾਤ ਨੂੰ ਮੁੰਬਈ ਤੋਂ ਰੇਲਗੱਡੀ ਰਾਹੀਂ ਅੰਮ੍ਰਿਤਸਰ ਵਾਸਤੇ ਰਵਾਨਾ ਹੋਈ ਅਤੇ ਅੱਜ ਸਵੇਰੇ ਅੰਮ੍ਰਿਤਸਰ ਪੁੱਜੀ ਹੈ। ਜਦੋਂ ਉਹ ਅਟਾਰੀ ਸਰਹੱਦ ਤੋਂ ਪੁੱਜੀ ਤਾਂ ਸਰਹੱਦ ਬੰਦ ਹੋਣ ਕਾਰਨ ਬੀਐੱਸਐੱਫ ਤੇ ਹੋਰ ਅਧਿਕਾਰੀਆਂ ਨੇ ਉਸ ਨੂੰ ਪਾਰ ਜਾਣ ਦੀ ਆਗਿਆ ਨਹੀਂ ਦਿੱਤੀ। ਉਸ ਬਾਰੇ ਜਾਣਕਾਰੀ ਮਿਲਣ ਮਗਰੋਂ ਸਿਹਤ ਵਿਭਾਗ ਦੇ ਕਰਮਚਾਰੀ ਉਸ ਨੂੰ ਸਿਹਤ ਦੀ ਮੁੱਢਲੀ ਜਾਂਚ ਵਾਸਤੇ ਲੈ ਗਏ ਸਨ, ਜਿੱਥੇ ਉਸ ਦੀ ਜਾਂਚ ਚੱਲ ਰਹੀ ਹੈ। ਫਿਲਹਾਲ ਉਸ ਨੂੰ ਇਕਾਂਤਵਾਸ ਕੇਂਦਰ ਵਿਚ ਨਿਗਰਾਨੀ ਹੇਠ ਰੱਖਿਆ ਜਾਵੇਗਾ।
HOME ਸੜਕੀ ਲਾਂਘਾ ਤੇ ਉਡਾਣਾਂ ਬੰਦ ਹੋਣ ਕਾਰਨ ਪਾਕਿਸਤਾਨ ਤੇ ਮਲੇਸ਼ੀਆ ਦੇ ਯਾਤਰੀ...