ਫਿਲੌਰ, (ਸਮਾਜ ਵੀਕਲੀ ਬਿਊਰੋ) – ਸੂਬੇ ਭਰ ਅੰਦਰ ਨੈਸ਼ਨਲ ਹਾਈਵੇ ਸਮੇਤ ਸ਼ਹਿਰਾਂ, ਮੁਹੱਲਿਆਂ ਅੰਦਰ ਘੁੰਮਦੇ ਅਵਾਰਾ ਪਸੂ ਜਿੱਥੇ ਹਰ ਸਾਲ ਕਿਸਾਨਾਂ ਦੀਆਂ ਪੁੱਤਰਾਂ ਵਾਗ ਪਾਲਿਆ ਫਸਲਾਂ ਦਾ ਨਾਸ਼ ਮਾਰ ਕੇ ਕਿਸਾਨਾਂ ਨੂੰ ਘਾਟੇ ਵੱਲ ਧਕੇਲ ਰਹੇ ਹਨ ਉਥੇ ਹੀ ਇਨ੍ਹਾਂ ਅਵਾਰਾ ਪਸ਼ੂਆਂ ਦੀ ਵਜਾ ਨਾਲ ਸੂਬੇ ਅੰਦਰ ਹਰ ਰੋਜ ਸੜਕੀਂ ਦੁਰਘਟਨਾਵਾਂ ਕਾਰਨ ਅਨੇਕਾਂ ਬੇਸਕੀਮਤੀ ਜਾਨਾ ਜਾ ਰਹੀਆ ਹਨ। ਬੇਸ਼ਕ ਸੂਬਾ ਸਰਕਾਰ ਵਲੋਂ ਵੱਖ ਵੱਖ ਮਾਧਿਅਮ ਰਾਹੀ ਗਾਊ ਕਰ ਦੇ ਨਾਮ ਤੇ ਟੈਕਸ ਲਗਾ ਕੇ ਜਨਤਾ ਕੋਲੋਂ ਪੈਸੇ ਦੀ ਵਸੂਲੀ ਕੀਤੀ ਜਾਂਦੀ ਹੈ ਪਰ ਉਸ ਦੇ ਬਾਵਜੂਦ ਵੀ ਸੂਬੇ ਅੰਦਰ ਲੱਖਾਂ ਦੀ ਤਦਾਦ ਵਿਚ ਅਵਾਰਾ ਪਸ਼ੂਆਂ ਨੂੰ ਸੜਕਾਂ ਤੇ ਘੁੰਮਦੇ ਹੋਏ ਮੌਤ ਦਾ ਤਾਂਡਵ ਕਰਦੇ ਆਮ ਵੇਖਿਆ ਜਾ ਸਕਦਾ ਹੈ। ਬੇਸ਼ਕ ਸੂਬੇ ਅੰਦਰ 800 ਦੇ ਕਰੀਬ ਗਾਊਸਾਲਵਾਂ ਹਨ ਪਰ ਉਸ ਦੇ ਬਾਵਜੂਦ ਵੀ ਸੂਬਾ ਸਰਕਾਰ ਤੇ ਸਮਾਜ ਸੇਵੀ ਜੱਥੇਬੰਦਿਆਂ ਅਵਾਰਾ ਪਸੂਆਂ ਦੀ ਸਾਂਭ ਸੰਭਾਲ ਵਿਚ ਨਾਕਾਮਯਾਬ ਸਾਬਤ ਹੋ ਰਹੇ ਹਨ। ਸੜਕਾਂ ਤੇ ਝੰੁਡ ਬਣਾ ਬਣਾ ਘੁੰਮਦੇ ਇਹ ਅਵਾਰਾ ਪਸੂ ਜਦੋਂ ਭੂਤਰ ਕੇ ਇਕ ਦੂਸਰੇ ਨਾਲ ਲੜਾਈ ਕਰਦੇ ਹਨ ਤਾ ਸੜਕਾਂ ਤੇ ਚੱਲਣ ਵਾਲਿਆਂ ਦਾ ਤੇ ਰੱਬ ਹੀ ਰਾਖਾ ਹੁੰਦਾ ਹੈ। ਸਥਾਨਕ ਇਲਾਕੇ ਅੰਦਰ ਵੀ ਨੈਸ਼ਨਲ ਹਾਈਵੇ ਸਮੇਤ ਨੂਰਮਹਿਲ ਰੋਡ, ਅਕਲਪੁਰ ਰੋਡ, ਤਲਵਣ ਰੋਡ ਸਮੇਤ ਹਰ ਗਲੀ ਮੁਹੱਲੇ ਅੰਦਰ ਅਵਾਰਾ ਪਸ਼ੂ ਦੁਰਘਟਨਾਵਾਂ ਦਾ ਕਾਰਨ ਬਣ ਰਹੇ ਹਨ। ਸਥਾਨਕ ਇਲਾਕੇ ਅੰਦਰ ਬੀਤੇ ਸਾਲ ਇਕ ਅਵਾਰਾ ਪਸ਼ੂ ਦੇ ਹਮਲੇ ਵਿਚ ਇਕ ਵਿਅਕਤੀ ਨੂੰ ਆਪਣੀ ਜਾਨ ਤੋਂ ਵੀ ਹੱਥ ਧੋਣਾ ਪਿਆ ਸੀ। ਇਸ ਤਰ੍ਹਾਂ ਦੇ ਪਤਾ ਨਹੀ ਕਿੰਨੇ ਕੁ ਹਾਦਸੇ ਸੂਬੇ ਦੀਆਂ ਸੜਕਾਂ ਤੇ ਹਰ ਰੋਜ ਹੋ ਰਹੇ ਹਨ ਜਿਸ ਪ੍ਰਤਿ ਸਰਕਾਰ ਗੰਭੀਰ ਵਿਖਾਈ ਨਹੀਂ ਦੇ ਰਹੀ।
ਗੋਰਤਲਬ ਹੈ ਕਿ ਬੀਤੇ ਕੁਝ ਮਹੀਨਿਆਂ ਅੰਦਰ ਫਿਲੌਰ ਇਲਾਕੇ ਅੰਦਰ ਅਵਾਰਾ ਪਸ਼ੂਆਂ ਦੀ ਸੰਖਿਆ ਪਹਿਲਾ ਦੇ ਮੁਕਾਬਲੇ ਕਾਫੀ ਜਿਆਦਾ ਵੱਧ ਚੁੱਕੀ ਹੈ ਜੋ ਸਥਾਨਕ ਲੋਕਾਂ ਲਈ ਅਨੇਕਾਂ ਸਮੱਸਿਆਵਾਂ ਦਾ ਸਬੱਬ ਬਣ ਰਹੀ ਹੈ। ਜਿਕਰਯੋਗ ਹੈ ਕਿ ਸੂਬੇ ਸਮੇਤ ਦੇਸ਼ ਭਰ ਅੰਦਰ ਗਾਊ ਰੱਖਿਆਂ ਦੇ ਨਾਮ ਤੇ ਹੋ ਰਹੀ ਬੇਹਦ ਸਖ਼ਤੀ ਕਾਰਨ ਲੋਕ ਪਿੰਡਾਂ ਅੰਦਰ ਘੁੰਮਦੇ ਅਵਾਰਾ ਪਸ਼ੂਆਂ ਨੂੰ ਟੈਂਪੂ ਆਦਿ ਵਿਚ ਲੱਦ ਕੇ ਗਾਊਸ਼ਾਲਾ ਛੱਡਣ ਦੀ ਕੋਸ਼ਿਸ਼ ਵੀ ਨਹੀਂ ਕਰਦੇ ਅਤੇ ਜੇਕਰ ਕੋਈ ਅਵਾਰਾ ਪਸ਼ੂ ਸੜਕੀਂ ਦੁਰਘਟਨਾ ਅੰਦਰ ਮਰ ਜਾਂਦਾ ਹੈ ਤਾ ਚਮੜਾ ਵਪਾਰੀਆਂ ਵਲੋਂ ਉਸ ਨੂੰ ਉਠਾਇਆ ਵੀ ਨਹੀਂ ਜਾਂਦਾ ਜਿਸ ਦੇ ਕਈ ਮਾਮਲੇ ਸਥਾਨਕ ਇਲਾਕੇ ਅੰਦਰ ਸਾਹਮਣੇ ਆ ਚੁੱਕੇ ਹਨ। ਅਜੋਕੇ ਸਮੇਂ ਅੰਦਰ ਸੜਕਾਂ ਤੇ ਘੁੰਮਦੇ ਹੋਏ ਮੌਤ ਦਾ ਤਾਂਡਵ ਕਰਦੇ ਬੇਹਿਸਾਬਾ ਅਵਾਰਾ ਪਸੂ ਰਾਹਗੀਰਾਂ ਲਈ ਸਭ ਤੋਂ ਵੱਡੀ ਪ੍ਰੇਸਾਨੀ ਦਾ ਕਾਰਨ ਬਣ ਚੁੱਕੇ ਹਨ ਜਿਸ ਵੱਲ ਪ੍ਰਸ਼ਾਸ਼ਨ ਨੂੰ ਜਲਦ ਤੋਂ ਜਲਦ ਧਿਆਨ ਕੇਂਦਰਿਤ ਕਰਨ ਦੀ ਜਰੂਰਤ ਹੈ।