ਕਪੂਰਥਲਾ (ਸਮਾਜ ਵੀਕਲੀ) ( ਕੌੜਾ ): ਰੇਲ ਕੋਚ ਫੈਕਟਰੀ ਸਾਹਮਣੇ ਸਥਿਤ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਨੂੰ ਐੱਨ ਸੀ ਸੀ ਦੀ ਮਾਨਤਾ ਮਿਲਣ ਉਪਰੰਤ ਸਕੂਲ ਦਾ ਐੱਨ ਸੀ ਸੀ ਯੂਨਿਟ ਸਥਾਪਤ ਕੀਤਾ ਗਿਆ । ਇਸ ਮੌਕੇ ਛੇਵੀਂ ਤੋਂ ਅੱਠਵੀਂ ਜਮਾਤ ਦੇ 25 ਵਿਦਿਆਰਥੀਆਂ ਐੱਨ ਸੀ ਸੀ ਜੁਆਇਨ ਕੀਤੀ, ਜਿਨ੍ਹਾਂ ਵਿਚ 9 ਲੜਕੀਆਂ ਤੇ 16 ਲੜਕੇ ਸ਼ਾਮਲ ਸਨ । ਇਸ ਦੌਰਾਨ ਪਹੁੰਚੇ ਕਰਨਲ ਹਤੀਸ਼ ਦੁੁੱੱਗਲ ਨੇ ਜੁਆਇਨ ਕਰਨ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਵਲੰਟੀਅਰਾਂ ਨੂੰ ਫੁਲ ਡਰੈੱਸ ‘ਚ ਦੇਖ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ ।
ਇਸ ਦੌਰਾਨ ਉਨ੍ਹਾਂ ਲੀਡਰਸ਼ਿਪ, ਅਨੁਸ਼ਾਸਨ, ਵਿਕਾਸਸ਼ੀਲ ਚਰਿੱਤਰ, ਸਰੀਰਕ ਤੇ ਮਾਨਸਿਕ ਤੰਦਰੁਸਤੀ ਸਬੰਧੀ ਦਸਦਿਆਂ ਵਿਦਿਆਰਥੀਆਂ ਨੂੰ ਫੌਜੀ ਪਰੇਡ ਦੀਆਂ ਬਰੀਕੀਆਂ ਸਬੰਧੀ ਵੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ । ਰਾਜਨਦੀਪ ਸਿੰਘ ਅਤੇ ਰਮਨਦੀਪ ਕੌਰ ਨੂੰ ਕੈਪਟਨ ਵਜੋਂ ਸੇਵਾਵਾਂ ਨਿਭਾਉਣ ਦੀ ਜਿੰਮੇਵਾਰੀ ਸੌਂਪੀ ਗਈ । ਇਸ ਤੋਂ ਪਹਿਲਾਂ ਪ੍ਰਿੰਸੀਪਲ ਪ੍ਰਭਦੀਪ ਕੌਰ ਮੌਂਗਾ ਤੇ ਵਾਇਸ ਪ੍ਰਿੰਸੀਪਲ ਰੇਨੂੰ ਅਰੋੜਾ ਨੇ ਸਕੂਲ ਪਹੁੰਚੇ ਐੱਨ ਸੀ ਸੀ ਕਮਾਂਡਰ ਸ੍ਰੀ ਦੁੱਗਲ ਦਾ ਸਵਾਗਤ ਕੀਤਾ । ਸਕੂਲ ਦੀ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਗੁਰਪ੍ਰੀਤ ਕੌਰ ਮੈੈਂਬਰ ਸ੍ਰੋਮਣੀ ਕਮੇਟੀ, ਇੰਜੀਨੀਅਰ ਸਵਰਨ ਸਿੰਘ ਪ੍ਰਧਾਨ ਗੁਰੂ ਨਾਨਕ ਖਾਲਸਾ ਕਾਲਜ ਅਤੇ ਇੰਜੀਨੀਅਰ ਹਰਨਿਆਮਤ ਕੌਰ ਡਾਇਰੈਕਟਰ ਸਕੂਲ ਨੇ ਐੱਨ ਸੀ ਸੀ ਜੁਆਇਨ ਕਰਨ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਆਪਣੀਆਂ ਸ਼ੁਭ ਕਾਮਨਾਵਾਂ ਭੇਂਟ ਕੀਤੀਆਂ ।