ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਸ਼ੁਰੂ ਹੋਣਗੀਆਂ ਨਵੀਆਂ ਉਡਾਣਾਂ

ਤੁਰਕਮੇਨੀਸਤਾਨ ਏਅਰਲਾਈਨ ਦੀ ਅਸ਼ਗਾਬਾਦਅੰਮ੍ਰਿਤਸਰ ਸਿੱਧੀ ਉਡਾਣ 7 ਮਾਰਚ ਤੋਂ

ਸਿੰਗਾਪੁਰ ਏਅਰ ਦੀ ਘੱਟ ਕਿਰਾਏ ਵਾਲੀ ਸਕੂਟ ਏਅਰਲਾਈਨ ਵਲੋਂ ਹੋਣਗੀਆਂ ਹਫਤੇ ਵਿਚ ਛੇ ਉਡਾਣਾਂ   

ਮਾਰਚ 2, 2020: ਗਰਮੀਆਂ ਦੇ ਮੌਸਮ ਦੀ ਸ਼ੁਰੂਆਤ, ਪੰਜਾਬ ਅਤੇ ਵਿਦੇਸ਼ਾਂ ਵਿੱਚ ਵਸਦੇ ਪੰਜਾਬੀਆਂ ਲਈ ਕੁਝ ਖੁਸ਼ਖਬਰੀ ਲਿਆਉਣ ਜਾ ਰਹੀ ਹੈ। ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ (ਉਪਰਾਲਾ) ਦੇ ਗਲੋਬਲ ਕਨਵੀਨਰ ਸਮੀਪ ਸਿੰਘ ਗੁਮਟਾਲਾ ਨੇ ਪ੍ਰੈਸ ਨੂੰ ਜਾਰੀ ਬਿਆਨ ਵਿੱਚ ਜਾਣਕਾਰੀ ਦਿੱਤੀ ਕਿ ਅੰਮ੍ਰਿਤਸਰ ਦੇ ਸ੍ਰੀ ਗੁਰੁ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਗਰਮੀਆਂ ਸ਼ੁਰੂ ਹੋਣ ਤੋਂ ਪਹਿਲਾਂ ਕੁੱਝ ਨਵੀਆਂ ਅੰਤਰਰਾਸ਼ਟਰੀ ਉਡਾਣਾਂ ਸ਼ੁਰੂ ਹੋਣ ਜਾ ਰਹੀਆਂ ਹਨ।

ਏਅਰ ਲਾਈਨ ਉਦਯੋਗ ਲਈ ਗਰਮੀਆਂ ਦਾ ਮੌਸਮ 29 ਮਾਰਚ ਤੋਂ ਸ਼ੁਰੂ ਮੰਨਿਆ ਜਾਂਦਾ ਹੈ ਪਰ ਤੁਰਕਮੇਨੀਸਤਾਨ ਏਅਰ ਲਾਈਨ ਅਸ਼ਗਾਬਾਦ ਤੋਂ ਅੰਮ੍ਰਿਤਸਰ ਲਈ ਆਪਣੀਆਂ ਉਡਾਣਾਂ 7 ਮਾਰਚ ਤੋਂ ਮੁੜ ਸ਼ੁਰੂ ਕਰ ਰਹੀ ਹੈ। ਅਪ੍ਰੈਲ 2019 ਵਿੱਚ ਇਸ ਨੇ ਅੰਮ੍ਰਿਤਸਰ ਲਈ ਆਪਣੀਆਂ ਉਡਾਣਾਂ ਨੂੰ ਰੱਦ ਕਰ ਦਿੱਤਾ ਸੀ। ਇਸ ਦਾ ਕਾਰਣ ਯੂਰਪੀਅਨ ਯੂਨੀਅਨ ਦੁਆਰਾ ਇਸ ਦੀਆਂ ਅਸ਼ਗਾਬਾਦ ਤੋਂ ਬਰਮਿੰਘਮ, ਫ੍ਰੈਂਕਫਰਟ ਅਤੇ ਲੰਡਨ ਸਮੇਤ ਯੂਰਪ ਦੀਆਂ ਸਾਰੀਆਂ ਉਡਾਣਾਂ ਉੱਪਰ ਲਗਾਈ ਗਈ ਪਾਬੰਦੀ ਦੱਸਿਆ ਗਿਆ ਸੀ। ਨਤੀਜੇ ਵਜੋਂ, ਇਸ ਨੇ ਅੰਮ੍ਰਿਤਸਰ ਲਈ ਆਪਣੀਆਂ ਉਡਾਣਾਂ ਨੂੰ ਮੁਅੱਤਲ ਕਰ ਦਿੱਤਾ ਕਿਉਂਕਿ ਅਸ਼ਗਾਬਾਦ ਦੀ ਇਸ ਉਡਾਣ ਵਿਚ ਬਹੁਤੇ ਯਾਤਰੀ ਬਰਮਿੰਘਮ ਅਤੇ ਹੋਰਨਾਂ ਯੂਰਪੀ ਮੁਲਕਾਂ ਲਈ ਉਡਾਣਾਂ ਲੈਂਦੇ ਸਨ।

ਪਿਛਲੇ ਸਾਲ ਦੇ ਅਖੀਰ ਵਿੱਚ, ਏਅਰ ਲਾਈਨ ਨੂੰ ਯੂਰਪੀਅਨ ਯੂਨੀਅਨ ਤੋਂ ਮਨਜ਼ੂਰੀ ਮਿਲਨ ਤੋਂ ਬਾਦ ਉਸਨੇ ਆਪਣੀਆਂ ਉਡਾਣਾਂ ਫ੍ਰੈਂਕਫਰਟ ਅਤੇ ਬਰਮਿੰਘਮ ਲਈ ਦੁਬਾਰਾ ਬਹਾਲ ਕਰ ਦਿੱਤੀਆਂ ਸਨ। ਇਹ ਅੰਮ੍ਰਿਤਸਰ ਤੋਂ ਸੰਨ 2001 ਤੋਂ ਉਡਾਣਾਂ ਭਰ ਰਹੀ ਸੀ ਅਤੇ ਹੁਣ ਤੱਕ ਦੀਆਂ ਸਭ ਤੋਂ ਲੰਬੇ ਸਮੇਂ ਤੋਂ ਉਡਾਣ ਭਰਨ ਵਾਲੀਆਂ ਏਅਰਲਾਈਨਾਂ ਵਿੱਚੋਂ ਇੱਕ ਹੈ। ਆਪਣੀ ਵੈਬਸਾਈਟ ਉੱਤੇ ਉਪਲੱਬਧ ਸਮਾਂ ਸੂਚੀ ਦੇ ਅਨੁਸਾਰ, ਇਹ ਹਵਾਈ ਕੰਪਨੀ ਸੋਮਵਾਰ, ਸ਼ੁੱਕਰਵਾਰ, ਸ਼ਨੀਵਾਰ ਅਤੇ ਐਤਵਾਰ ਨੂੰ ਅੰਮ੍ਰਿਤਸਰ ਲਈ ਉਡਾਣ ਭਰੇਗੀ ਅਤੇ ਯਾਤਰੀਆਂ ਨੂੰ ਅਸ਼ਗਾਬਾਦ ਰਾਹੀਂ ਇਕ ਵਾਰ ਫਿਰ ਯੂਰਪ ਦੀਆਂ ਆਪਣੀਆਂ ਮੰਜ਼ਿਲਾਂ ਨਾਲ ਜੋੜ ਦੇਵੇਗੀ।

ਗੁਮਟਾਲਾ ਨੇ ਦੱਸਿਆ ਕਿ ਸਿੰਗਾਪੁਰ ਏਅਰ ਦੀ ਘੱਟ ਕਿਰਾਏ ਵਾਲੀ ਸਕੂਟ ਵੀ ਆਪਣੀ ਸਿੰਗਾਪੁਰ-ਅੰਮ੍ਰਿਤਸਰ ਉਡਾਣ ਨੂੰ ਮਾਰਚ ਦੇ ਮਹੀਨੇ ਅਤੇ ਫਿਰ 1 ਮਈ ਤੋਂ 31 ਅਗਸਤ ਤੱਕ ਲਈ ਹਫਤੇ ਦੇ ਚਾਰ ਦਿਨਾਂ ਤੋਂ ਵਧਾ ਕੇ ਛੇ ਦਿਨ ਕਰਨ ਜਾ ਰਹੀ ਹੈ। ਸਕੂਟ ਇਸ ਉਡਾਣ ਲਈ 335 ਜਾਂ 375-ਸੀਟਾਂ ਦਾ ਬੋਇੰਗ 787-8/787-9 ਡ੍ਰੀਮਲਾਈਨਰ ਜਹਾਜ਼ ਵਰਤਦੀ ਹੈ। ਇਹ ਯਾਤਰੀਆਂ ਨੂੰ ਥਾਈਲੈਂਡ, ਆਸਟਰੇਲੀਆ ਅਤੇ ਨਿਉਜ਼ੀਲੈਂਡ ਸਮੇਤ ਕਈ ਦੱਖਣ ਪੂਰਬੀ ਏਸ਼ੀਆਈ ਮੁਲਕਾਂ ਨਾਲ ਵੀ ਜੋੜਦੀ ਹੈ।

ਮਲੇਸ਼ੀਆ ਦੀਆਂ ਏਅਰਲਾਈਨ, ਏਅਰ ਏਸ਼ੀਆ ਐਕਸ ਅਤੇ ਮਲਿੰਡੋ ਏਅਰ ਅਤੇ ਸਿੰਗਾਪੁਰ ਦੀ ਸਕੂਟ ਨੂੰ ਆਸਟਰੇਲੀਆ ਅਤੇ ਨਿਉਜ਼ੀਲੈਂਡ ਵਿਚਲੇ ਪੰਜਾਬੀਆਂ ਦਾ ਚੰਗਾ ਹੁੰਗਾਰਾ ਮਿਲ ਰਿਹਾ ਹੈ ਕਿਉਂਕਿ ਇਹਨਾਂ ੳਡਾਣਾਂ ਨਾਲ ਕੁਆਲਾਲੰਪੁਰ ਅਤੇ ਸਿੰਗਾਪੁਰ ਰਾਹੀਂ ਆਸਟਰੇਲੀਆ ਦੇ ਕਈ ਪ੍ਰਮੁੱਖ ਸ਼ਹਿਰ ਮੈਲਬੌਰਨ, ਸਿਡਨੀ, ਪਰਥ, ਬ੍ਰਿਸਬੇਨ, ਗੋਲਡ ਕੋਸਟ, ਐਡੀਲੇਡ ਆਦਿ ਲਈ ਬਹੁਤ ਸੁਵਿਧਾਜਨਕ ਸੰਪਰਕ ਉਪਲੱਬਧ ਹਨ। ਹਾਲ ਹੀ ਵਿੱਚ, ਇਹਨਾਂ ਉਡਾਣਾਂ ਵਿੱਚ ਅੰਮ੍ਰਿਤਸਰ ਤੋਂ ਆਸਟਰੇਲੀਆ ਜਾਣ ਵਾਲੀ ਟ੍ਰੈਫਿਕ ਵਿੱਚ ਇੱਕ ਵੱਡਾ ਵਾਧਾ ਹੋਇਆ ਹੈ। ਇਸ ਦਾ ਕਾਰਨ ਕੋਰੋਨਾ ਵਾਇਰਸ ਕਾਰਣ ਦਿੱਲੀ ਤੋਂ ਵੱਖ-ਵੱਖ ਚੀਨੀ ਏਅਰ ਲਾਈਨਾਂ ਦੀਆਂ ਉਡਾਣਾਂ ਰੱਦ ਹੋਣਾ ਮੰਨਿਆ ਜਾ ਸਕਦਾ ਹੈ। ਵੱਡੀ ਗਿਣਤੀ ਵਿਚ ਪੰਜਾਬੀ, ਖਾਸ ਕਰਕੇ ਮਾਲਵਾ ਖੇਤਰ ਤੋਂ, ਇਹਨਾਂ ਉਡਾਣਾਂ ਬਾਰੇ ਜਾਣਕਾਰੀ ਜਾਂ ਕਈ ਹੋਰਨਾਂ ਕਾਰਨਾਂ ਕਰਕੇ ਹਾਲੇ ਵੀ ਦਿੱਲੀ ਤੋਂ ਚੀਨ ਜਾਂ ਹਾਂਗਕਾਂਗ ਦੀਆਂ ਇਹਨਾਂ ਏਅਰ ਲਾਈਨਾਂ ‘ਤੇ ਯਾਤਰਾ ਕਰਦੇ ਹਨ।

ਗੁਮਟਾਲਾ ਅਨੁਸਾਰ ਏਅਰ ਇੰਡੀਆ ਪਿਛਲੇ ਸਾਲ 31 ਅਕਤੂਬਰ ਨੂੰ ਸ੍ਰੀ ਗੁਰੂ ਨਾਨਕ ਗੁਰਪੁਰਬ ਦੇ 550 ਸਾਲਾ ਪ੍ਰਕਾਸ਼ ਉਤਸਵ ਦੇ ਮੌਕੇ ਹਫਤੇ ਵਿਚ ਤਿੰਨ ਦਿਨ ਲਈ ਸ਼ੁਰੂ ਕੀਤੀ ਗਈ ਅੰਮ੍ਰਿਤਸਰ-ਲੰਡਨ ਸਟੈਨਸਡ ਉਡਾਣ ਵੀ ਜਾਰੀ ਰੱਖ ਰਹੀ ਹੈ। ਉਹਨਾਂ ਦੱਸਿਆ ਕਿ ਯੂ.ਕੇ. ਦੀ ਹਵਾਬਾਜ਼ੀ ਅਥਾਰਟੀ ਵਲੋਂ ਹਰ ਮਹੀਨੇ ਲਈ ਉਪਲਬਧ ਯਾਤਰੀਆਂ ਦੇ ਅੰਕੜਿਆਂ ਦਾ ਵਿਸ਼ਲੇਸ਼ਣ, ਲੰਡਨ ਅਤੇ ਬਰਮਿੰਘਮ ਲਈ ਉਡਾਣਾਂ ਵਿਚ ਯਾਤਰੀਆਂ ਦੀ ਵੱਡੀ ਗਿਣਤੀ ਦਰਸਾਉਂਦਾ ਹੈ।

ਇਹਨਾਂ ਨਵੀਆਂ ਉਡਾਣਾਂ ਦੇ ਸ਼ੁਰੂ ਹੋਣ ਨਾਲ, ਅੰਮ੍ਰਿਤਸਰ ਸਿੱਧੇ ਤੌਰ ‘ਤੇ ਨੌਂ ਅੰਤਰਰਾਸ਼ਟਰੀ ਏਅਰਪੋਰਟ- ਲੰਡਨ, ਬਰਮਿੰਘਮ, ਸਿੰਗਾਪੁਰ, ਕੁਆਲਾਲੰਪੁਰ, ਦੁਬਈ, ਸ਼ਾਰਜਾਹ, ਦੋਹਾ, ਤਾਸ਼ਕੰਦ ਅਤੇ ਅਸ਼ਗਾਬਾਦ ਨਾਲ ਜੁੜ ਜਾਵੇਗਾ। ਨਾਲ ਹੀ ਅੰਮ੍ਰਿਤਸਰ ਤੋਂ ਦਿੱਲੀ, ਮੁੰਬਈ, ਕੋਲਕਤਾ, ਬੰਗਲੋਰ, ਪਟਨਾ, ਅਹਿਮਦਾਬਾਦ, ਨਾਂਦੇੜ, ਜੈਪੁਰ ਅਤੇ ਸ੍ਰੀਨਗਰ ਲਈ ਵੀ ਸਿੱਧੀਆਂ ਘਰੇਲੂ ਉਡਾਣਾਂ ਹਨ। ਯਾਤਰੀ ਇਹਨਾਂ ਰਾਹੀ ਦੇਸ਼ ਅਤੇ ਵਿਦੇਸ਼ ਦੇ ਲਈ ਹੋਰਨਾਂ ਸ਼ਹਿਰਾਂ ਨਾਲ ਬਹੁਤ ਹੀ ਸੁਵਿਧਾਜਨਕ ਸੰਪਰਕ ਨਾਲ ਆ ਜਾ ਸਕਦੇ ਹਨ।ਵਿਦੇਸ਼ਾਂ ਤੋਂ ਛੁੱਟੀਆਂ ਮਨਾਉਣ ਲਈ ਪੰਜਾਬ ਆਓਣ ਵਾਲੇ ਪੰਜਾਬੀ ਹੁਣ ਅੰਮ੍ਰਿਤਸਰ ਤੋਂ ਹੁਣ ਕਈ ਸਿੱਧੀਆਂ ਉਡਾਣਾਂ ਦਾ ਲਾਭ ਲੈ ਸਕਦੇ ਹਨ।

ਪੰਜਾਬ ਸਰਕਾਰ ਲਈ ਵੀ ਇਹ ਹੁਣ ਬਹੁਤ ਜਰੂਰੀ ਹੈ ਕਿ ਹਵਾਈ ਅੱਡੇ ਨੂੰ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਨਾਲ ਜਨਤਕ ਆਵਾਜਾਈ ਦੀ ਸਹੂਲਤ ਨਾਲ ਜੋੜਿਆ ਜਾਵੇ। ਆਪਣੀ ਭੂਗੋਲਿਕ ਸਥਿਤੀ ਕਾਰਨ ਅੰਮ੍ਰਿਤਸਰ ਏਅਰਪੋਰਟ, ਨਾਲ ਲਗਦੇ ਸੂਬੇ ਹਿਮਾਚਲ ਪੰਦੇਸ਼, ਜੰਮੂ ਅਤੇ ਕਸ਼ਮੀਰ ਦੇ ਯਾਤਰੀਆਂ ਨੂੰ ਵੀ ਹਵਾਈ ਸੁਵਿਧਾ ਪ੍ਰਦਾਨ ਕਰਦਾ ਹੈ। ਸਰਕਾਰ ਵਲੋਂ ਇਸ ਖੇਤਰ ਦੇ ਕਿਸਾਨਾਂ, ਕਾਰੋਬਾਰਾਂ ਅਤੇ ਵਪਾਰੀਆਂ ਨੂੰ ਸਿਖਲਾਈ ਦੇ ਕੇ ਇਸ ਖੇਤਰ ਤੋਂ ਦੇਸ਼ ਅਤੇ ਵਿਦੇਸ਼ ਲਈ ਕਾਰਗੋ ਨੂੰ ਵਧਾਉਣ ਲਈ ਲੋੜੀਂਦੇ ਯਤਨ ਕਰਨੇ ਚਾਹੀਦੇ ਹਨ।

 ਜਾਰੀ ਕਰਤਾ:

ਸਮੀਪ ਸਿੰਘ ਗੁਮਟਾਲਾ, ਗਲੋਬਲ ਕਨਵੀਨਰ, ਫਲਾਈ ਅੰਮ੍ਰਿਤਸਰ ਇਨਿਸ਼ਿਏਟਿਵ,

Yogesh Kamra, Convener (India), FlyAmritsar Initiative

 

Previous articleNepal appoints business icon Sudhir as Honorary Consul in Uganda  
Next articleਡਾ. ਅਨੰਦ ਤੇਲਤੂੰਬੜੇ ਤੇ ਤਸ਼ੱਦਦ ਬੰਦ ਹੋਵੇ – ਬਾਲੀ