(ਸਮਾਜ ਵੀਕਲੀ)
ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਲੋਕਾਂ ਨੂੰ ਸਿੱਧੇ ਰਸਤੇ ਪਾਉਣ,ਜਾਤ ਪਾਤ ਦੇ ਭੇਦਭਾਵ ਨੂੰ ਮਿਟਾਉਣ ਲਈ, ਧਾਰਮਿਕ ਅਡੰਬਰਾਂ ਅਤੇ ਰੀਤੀ ਰਿਵਾਜਾਂ ਦੇ ਵਿੱਚੋਂ ਮਨੁੱਖਤਾ ਨੂੰ ਕੱਢਣ ਦੇ ਲਈ ਸਿੱਖ ਧਰਮ ਦੀ ਦੀ ਸਥਾਪਨਾ ਕੀਤੀ। ਇਹ ਧਰਮ ਕਿਸੇ ਇੱਕ ਜਾਤ ਜਾਂ ਵਰਗ ਦਾ ਨਾ ਹੋ ਕੇ ਸਮੁੱਚੀ ਮਾਨਵਤਾ ਨੂੰ ਸਿੱਧੇ ਰਸਤੇ ਪਾਉਣ ਦੇ ਲਈ ਥਾਪਿਆ ਗਿਆ।ਗੁਰੂ ਨਾਨਕ ਦੇਵ ਜੀ ਦਾ ਸੁਪਨਾ ਵਿਸ਼ਵ ਭਾਈਚਾਰੇ ਨੂੰ ਸਥਾਪਤ ਕਰਨਾ ਸੀ । ਇਸ ਸੁਪਨੇ ਨੂੰ ਪੂਰਾ ਕਰਨ ਦੇ ਲਈ ਗੁਰੂ ਸਾਹਿਬਾਨ ਨੇ ਆਪਣੇ- ਆਪਣੇ ਗੁਰੂ ਕਾਲ ਦੇ ਵਿੱਚ ਸਿੱਖ ਧਰਮ ਨੂੰ ਹੋਰ ਅੱਗੇ ਵਧਾਇਆ।
ਮੁਗ਼ਲਾਂ ਦੀ ਸਿੱਖਾਂ ਨਾਲ਼ ਈਰਖਾ ਸ੍ਰੀ ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ ਹੀ ਸ਼ੁਰੂ ਹੋ ਚੁੱਕੀ ਸੀ ਜੋ ਕਿ ਅੱਗੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸਮੇਂ ਤੱਕ ਬਹੁਤ ਗੰਭੀਰ ਰੂਪ ਧਾਰਨ ਕਰ ਗਈ ਜਿਸ ਕਾਰਨ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦੀ ਦੇਣੀ ਪਈ। ਇਸ ਤਰ੍ਹਾਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਮੀਰੀ-ਪੀਰੀ ਦੀਆਂ ਤਲਵਾਰਾਂ ਧਾਰਨ ਕੀਤੀਆਂ ਤੇ ਇਸ ਤੋਂ ਬਾਅਦ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਵੀ ਆਪਣਾ ਸੀਸ ਕੁਰਬਾਨ ਕਰਨਾ ਪਿਆ। ਸ੍ਰੀ ਗੁਰੂ ਨਾਨਕ ਸਾਹਿਬ ਦੀ ਦਸਵੀਂ ਜੋਤ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਚੰਗੀ ਤਰ੍ਹਾਂ ਜਾਣ ਗਏ ਸਨ ਕਿ ਮਰੀ ਹੋਈ ਮਨੁੱਖਤਾ ਨੂੰ ਜਗਾਉਣਾ ਬਹੁਤ ਜ਼ਰੂਰੀ ਹੈ ਤਾਂ ਹੀ ਲੋਕ ਜ਼ੁਲਮਾਂ ਦਾ ਸਾਹਮਣਾ ਕਰ ਸਕਣਗੇ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਜੀਵਨੀ ਬਚਿੱਤਰ ਨਾਟਕ ਵਿੱਚ ਵੀ ਇਹ ਲਿਖਿਆ ਹੈ ਕਿ ਉਨ੍ਹਾਂ ਦਾ ਇੱਕੋ ਇੱਕ ਉਦੇਸ਼ ਸਿੱਖ ਧਰਮ ਦਾ ਪ੍ਰਚਾਰ ਕਰਨਾ ਹੈ ਅਤੇ ਜ਼ਾਲਮਾਂ ਦਾ ਨਾਸ਼ ਕਰਨਾ ਹੈ ।
ਆਪਣੇ ਉਦੇਸ਼ ਦੀ ਪੂਰਤੀ ਦੇ ਲਈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 1699 ਈਸਵੀ ਵਿੱਚ ਵਿਸਾਖੀ ਵਾਲੇ ਦਿਨ ਸ੍ਰੀ ਆਨੰਦਪੁਰ ਸਾਹਿਬ ਵਿੱਚ ਕੇਸਗੜ੍ਹ ਨਾਮੀਂ ਸਥਾਨ ਵਿਖੇ ਖ਼ਾਲਸਾ ਪੰਥ ਦੀ ਸਿਰਜਣਾ ਕੀਤੀ । ਉਸ ਦਿਨ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਇਕ ਬਹੁਤ ਵੱਡਾ ਸੰਮੇਲਨ ਕੀਤਾ ਗਿਆ। ਇਸ ਸੰਮੇਲਨ ਵਿੱਚ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬਹੁਤ ਜੋਸ਼ ਨਾਲ ਪੰਡਾਲ ਵਿਚ ਬੈਠੇ ਹੋਏ ਲੋਕਾਂ ਤੋਂ ਇਹ ਮੰਗ ਕੀਤੀ ਕਿ ਕੋਈ ਅਜਿਹਾ ਵਿਅਕਤੀ ਹੈ ਜੋ ਆਪਣੀ ਕੌਮ ਦੇ ਲਈ ਧਰਮ ਦੇ ਲਈ ਆਪਣੀ ਕੁਰਬਾਨੀ ਕਰ ਸਕੇ।ਗੁਰੂ ਸਾਹਿਬ ਦੁਆਰਾ ਇਹ ਸ਼ਬਦਾਂ ਨੂੰ ਤਿੰਨ ਵਾਰ ਦੁਹਰਾਏ ਜਾਣ ਤੇ ਲਾਹੌਰ ਨਿਵਾਸੀ ਦਇਆ ਰਾਮ ਆਪਣਾ ਸੀਸ ਭੇਟ ਕਰਨ ਦੇ ਲਈ ਖੜ੍ਹਾ ਹੋ ਗਿਆ।ਗੁਰੂ ਜੀ ਉਸ ਨੂੰ ਅੰਦਰ ਤੰਬੂ ਵਿੱਚ ਲੈ ਗਏ ਅਤੇ ਨੰਗੀ ਤਲਵਾਰ ਕਰਕੇ ਬਾਹਰ ਆ ਗਏ।
ਗੁਰੂ ਜੀ ਨੇ ਇਸ ਗੱਲ ਨੂੰ ਚਾਰ ਵਾਰ ਹੋਰ ਦੁਹਰਾਇਆ ਅਤੇ ਫਿਰ ਧਰਮਦਾਸ,ਮੋਹਕਮ ਚੰਦ,ਸਾਹਿਬ ਚੰਦ ਅਤੇ ਹਿੰਮਤ ਰਾਏ ਨੂੰ ਚੁਣਿਆ ।ਗੁਰੂ ਸਾਹਿਬ ਵਾਰੀ ਵਾਰੀ ਇਨ੍ਹਾਂ ਸਾਰਿਆਂ ਨੂੰ ਤੰਬੂ ਵਿੱਚ ਲੈ ਗਏ ਸਾਰੇ ਲੋਕ ਗੁਰੂ ਜੀ ਦੇ ਇਸ ਉਪਰੋਕਤ ਫ਼ੈਸਲੇ ਤੋਂ ਬਹੁਤ ਹੈਰਾਨ ਹੋ ਰਹੇ ਸਨ। ਬਾਅਦ ਵਿਚ ਗੁਰੂ ਸਾਹਿਬ ਇਨ੍ਹਾਂ ਪੰਜਾਂ ਵਿਅਕਤੀਆਂ ਨੂੰ ਕੇਸਰੀ ਰੰਗ ਦੇ ਕੱਪੜੇ ਪਹਿਨਾ ਕੇ ਦੁਬਾਰਾ ਫੇਰ ਮੰਚ ਤੇ ਲੈ ਆਏ ਤੇ ਇਨ੍ਹਾਂ ਨੂੰ ਸਾਰਿਆਂ ਨੂੰ ਜ਼ਿੰਦਾ ਦੇਖ ਕੇ ਸਾਰੇ ਲੋਕਾਂ ਦੇ ਵਿੱਚ ਹੈਰਾਨੀ ਦਾ ਕੋਈ ਅੰਤ ਨਾ ਰਿਹਾ ।ਗੁਰੂ ਸਾਹਿਬ ਨੇ ‘ਖੰਡੇ ਦਾ ਪਾਹੁਲ’ ਤਿਆਰ ਕਰ ਕੇ ਪੰਜਾਂ ਨੂੰ ਵਾਰੀ ਵਾਰੀ ਪਿਆਇਆ ਅਤੇ ਉਨ੍ਹਾਂ ਨੂੰ ਪੰਜ ਪਿਆਰਿਆਂ ਦੀ ਉਪਾਧੀ ਦਿੱਤੀ ਅਤੇ ਉਨ੍ਹਾਂ ਵਿਚ ਜਾਤ ਪਾਤ ਦਾ ਭੇਦਭਾਵ ਮਿਟਾ ਕੇ ਉਨ੍ਹਾਂ ਦੇ ਨਾਮ ਨਾਲ ‘ਸਿੰਘ’ ਲਗਾ ਦਿੱਤਾ । ਇਸ ਤੋਂ ਬਾਅਦ ਗੁਰੂ ਸਾਹਿਬ ਨੇ ਉਨ੍ਹਾਂ ਤੋਂ ਵੀ ਆਪ ਅੰਮ੍ਰਿਤ ਛਕਿਆ ਅਤੇ ਆਪ ਵੀ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣ ਗਏ। ਇਸਤਰਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪੰਥ ਦੀ ਸਥਾਪਨਾ ਕੀਤੀ।
ਗੁਰੂ ਸਾਹਿਬ ਨੇ ‘ਖ਼ਾਲਸਾ ਪੰਥ’ ਦੇ ਲਈ ਕੁਝ ਨਿਯਮ ਨਿਸਚਿਤ ਕਰ ਦਿੱਤੇ ਉਨ੍ਹਾਂ ਨਿਯਮਾਂ ਦਾ ਧਾਰਨੀ ਵਿਅਕਤੀ ਹੀ ਖ਼ਾਲਸੇ ਦੇ ਵਿੱਚ ਦਾਖ਼ਲ ਹੋ ਸਕਦਾ ਸੀ।ਇਨ੍ਹਾਂ ਨਿਯਮਾਂ ਵਿੱਚ ਖੰਡੇ ਦੀ ਪਾਹੁਲ, ਨਾਮ ਦੇ ਪਿੱਛੇ ‘ਸਿੰਘ’ ਅਤੇ ‘ਕੌਰ’ ਲਗਾਉਣਾ, ‘ਪੰਜ ਕਕਾਰਾਂ ‘ ਭਾਵ ਕਿਰਪਾਨ,ਕੜਾ, ਕਛਹਿਰਾ,ਕੰਘਾ, ਕੇਸ ਨੂੰ ਧਾਰਨ ਕਰਨਾ, ਸਰਵ-ਸ਼ਕਤੀਮਾਨ ਅਤੇ ਸਰਵਉੱਚ ਪਰਮਾਤਮਾ ਵਿੱਚ ਵਿਸ਼ਵਾਸ ਰੱਖਣਾ, ਮਨੁੱਖਤਾ ਦਾ ਭਲਾ ਸੋਚਣਾ,ਕੌਮ ਦੀ ਰੱਖਿਆ ਦੇ ਲਈ ਆਪਣਾ-ਆਪ ਕੁਰਬਾਨ ਕਰਨ ਲਈ ਹਮੇਸ਼ਾਂ ਤਿਆਰ ਰਹਿਣਾ,ਨਸ਼ੇ ਤੋਂ ਦੂਰ ਰਹਿਣਾ, ਜਾਤ ਪਾਤ ਅਤੇ ਊਚ ਨੀਚ ਵਿੱਚ ਵਿਸ਼ਵਾਸ ਨਾ ਰੱਖਣਾ ਆਦਿ ਹਨ।
ਇਸ ਤਰ੍ਹਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪੰਥ ਦੀ ਸਾਜਨਾ ਕਰ ਕੇ ਇਕ ਪਰਮਾਤਮਾ ਵਿੱਚ ਵਿਸ਼ਵਾਸ ਰੱਖਣ ਵਾਲੀ, ਜ਼ੁਲਮ ਦੇ ਖ਼ਿਲਾਫ਼ ਡਟ ਕੇ ਲੜਨ ਵਾਲੀ ਲਾਸਾਨੀ ਕੌਮ ਦਾ ਨਿਰਮਾਣ ਕੀਤਾ।
ਡਾ. ਬੂਟਾ ਸਿੰਘ ਸੇਖੋਂ
ਪ੍ਰਿੰਸੀਪਲ ਡਾਇਟ ਅਹਿਮਦਪੁਰ ( ਮਾਨਸਾ)
9417760000