ਕੋਲੰਬੋ (ਸਮਾਜ ਵੀਕਲੀ): ਭਾਰਤ ਨੇ ਅੱਜ ਸ੍ਰੀਲੰਕਾ ਨੂੰ ਰੱਖਿਆ ਦੇ ਖੇਤਰ ਵਿੱਚ ‘ਮੁੱਢਲਾ ਤਰਜੀਹੀ’ ਸਾਥੀ ਮੁਲਕ ਕਰਾਰ ਦਿੱਤਾ ਹੈ। ਭਾਰਤੀ ਹਾਈ ਕਮਿਸ਼ਨ ਨੇ ਕਿਹਾ ਕਿ ਸ੍ਰੀਲੰਕਾ ਹਵਾਈ ਫ਼ੌਜ (ਐੱਸਐੱਲਏਐੱਫ) ਦੀ 70ਵੇਂ ਸਥਾਪਨਾ ਦਿਵਸ ਸਮਾਗਮ ਮੌਕੇ ਦੇਸ਼ ਦੇ ਫ਼ੌਜੀ ਜਹਾਜ਼ਾਂ ਦੀ ਸ਼ਮੂਲੀਅਤ ਦੋਵਾਂ ਦੇਸ਼ਾਂ ਵਿਚਾਲੇ ਸਹਿਯੋਗ, ਸਾਂਝ ਅਤੇ ਮਿੱਤਰਤਾ ਨੂੰ ਹੋਰ ਵਧਾਉਣ ਲਈ ਅਹਿਮ ਸਾਬਤ ਹੋਵੇਗੀ।
ਐੱਸਐੱਲਏਐੱਫ ਵੱਲੋਂ ਆਪਣੀ 70ਵੀਂ ਵਰ੍ਹੇਗੰਢ ਮੌਕੇ ਸਮਾਗਮ 2 ਮਾਰਚ ਨੂੰ ਕਰਵਾਇਆ ਜਾਣਾ ਹੈ ਅਤੇ ਇਸ ਸਬੰਧੀ ਦੇਸ਼ ਵਿੱਚ ਪਹਿਲੀ ਵਾਰ ਹਵਾਈ ਮਾਰਚ ਅਤੇ ਹਵਾਈ ਸ਼ੋਅ ਕਰਵਾਇਆ ਜਾਵੇਗਾ। ਇਸ ਸ਼ੋਅ ’ਚ ਭਾਰਤੀ ਹਵਾਈ ਫ਼ੌਜ (ਆਈਏਐੱਫ) ਅਤੇ ਜਲ ਸੈਨਾ ਦੇ 23 ਜਹਾਜ਼ ਸ਼ਾਮਲ ਹੋਣਗੇ। ਕੋਲੰਬੋ ’ਚ ਭਾਰਤੀ ਹਾਈ ਕਮਿਸ਼ਨ ਨੇ ਅੱਜ ਬਿਆਨ ’ਚ ਕਿਹਾ, ‘ਸ੍ਰੀਲੰਕਾ ਰੱਖਿਆ ਖੇਤਰ ’ਚ ਭਾਰਤ ਦਾ ‘ਮੁੱਢਲਾ ਤਰਜੀਹੀ’ ਸਹਿਯੋਗੀ ਮੁਲਕ ਹੈ।’ ਬਿਆਨ ’ਚ ਕਿਹਾ ਗਿਆ ਕਿ ਭਾਰਤ ਦੇ ਕੌਮੀ ਸੁਰੱਖਿਆ ਸਲਾਹਕਾਰ (ਐੱਨਐੱਸਏ) ਵੱਲੋਂ ਹਾਲ ’ਚ ਸ੍ਰੀਲੰਕਾ ਦੀ ਉੱਚ ਲੀਡਰਸ਼ਿਪ ਨੂੰ ਰੱਖਿਆ ਖੇਤਰ ’ਚ ਭਾਰਤ ਵੱਲੋਂ ਪੂਰਾ ਸਹਿਯੋਗ ਦੇਣ ਦਾ ਮੁੜ ਯਕੀਨ ਦਿਵਾਇਆ ਗਿਆ ਹੈ।
ਬਿਆਨ ਮੁਤਾਬਕ ਸ੍ਰੀਲੰਕਾ ਹਵਾਈ ਫ਼ੌਜ (ਐੱਸਐੱਲਏਐੱਫ) ਦੀ ਸਥਾਪਨਾ ਵਰ੍ਹੇਗੰਢ ਸਮਾਗਮ ਮੌਕੇ ਭਾਰਤੀ ਹਵਾਈ ਫ਼ੌਜ ਅਤੇ ਜਲ ਸੈਨਾ ਦੇ ਜਹਾਜ਼ਾਂ ਅਤੇ ਜਵਾਨਾਂ ਦੀ ਸ਼ਮੂਲੀਅਤ ਦੋਵਾਂ ਦੇਸ਼ਾਂ ਵਿਚਾਲੇ ਸਹਿਯੋਗ, ਸਾਂਝ ਅਤੇ ਮਿੱਤਰਤਾ ਨੂੰ ਹੋਰ ਵਧਾਉਣ ਲਈ ਅਹਿਮ ਸਾਬਤ ਹੋਵੇਗੀ। ਸ਼ੋਅ ਦੌਰਾਨ ਸਾਰੰਗ (ਆਧੁਨਿਕ ਹਲਕਾ ਹੈਲੀਕਾਪਟਰ), ਸੂਰਯ ਕਿਰਨ (ਹਾਕਸ), ਤੇਜਸ ਲੜਾਕੂ ਹਵਾਈ ਜਹਾਜ਼, ਤੇਜਸ ਟਰੇਨਰ ਅਤੇ ਡੋਰਨੀਅਰ ਮੈਰੀਟਾਈਮ ਪੈਟਰੋਲ ਹਵਾਈ ਜਹਾਜ਼ ਆਪਣੇ ਜੌਹਰ ਦਿਖਾਉਣਗੇ।