ਨੌਜਵਾਨ ਬੱਲੇਬਾਜ਼ ਅਵਿਸ਼ਕਾ ਫਰਨਾਂਡੋ(104) ਦੇ ਕਰੀਅਰ ਦੇ ਪਲੇਠੇ ਸੈਂਕੜੇ ਮਗਰੋਂ ਮੁਸ਼ਕਲ ਹਾਲਾਤ ਵਿੱਚ ਗੇਂਦਬਾਜ਼ਾਂ ਵੱਲੋਂ ਵਿਖਾਏ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਸ੍ਰੀਲੰਕਾ ਨੇ ਨਿਕੋਲਸ ਪੂਰਨ (118) ਦੇ ਸੈਂਕੜੇ ’ਤੇ ਪਾਣੀ ਫੇਰਦਿਆਂ ਵਿਸ਼ਵ ਕੱਪ ਦੇ ਲੀਗ ਮੁਕਾਬਲੇ ’ਚ ਵੈਸਟ ਇੰਡੀਜ਼ ਨੂੰ 23 ਦੌੜਾਂ ਨਾਲ ਹਰਾ ਦਿੱਤਾ। ਸ੍ਰੀਲੰਕਾ ਵੱਲੋਂ ਜਿੱਤ ਲਈ ਦਿੱਤੇ 339 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਵਿੰਡੀਜ਼ ਟੀਮ ਪੂਰਨ ਦੇ ਪਹਿਲੇ ਸੈਂਕੜੇ ਤੇ ਫਾਬਿਆਨ ਐਲਨ (51) ਵਿਚਾਲੇ ਸੱਤਵੇਂ ਵਿਕਟ ਲਈ 83 ਦੌੜਾਂ ਦੀ ਭਾਈਵਾਲੀ ਦੇ ਬਾਵਜੂਦ ਨੌਂ ਵਿਕਟ ਦੇ ਨੁਕਸਾਨ ਨਾਲ 315 ਦੌੜਾਂ ਹੀ ਬਣਾ ਸਕੀ। ਜੇਸਨ ਹੋਲਡਰ ਨੇ 26 ਤੇ ਕਾਰਲੋਸ ਬ੍ਰੈਥਵੇਟ ਨੇ 8 ਦੌੜਾਂ ਦਾ ਯੋਗਦਾਨ ਪਾਇਆ। ਸ੍ਰੀਲੰਕਾ ਲਈ ਲਸਿਤ ਮਲਿੰਗਾ ਨੇ 55 ਦੌੜਾਂ ਬਦਲੇ ਤਿੰਨ ਵਿਕਟ ਲਏ। ਦੋਵੇਂ ਟੀਮਾਂ ਸੈਮੀ ਫਾਈਨਲ ਦੀ ਦੌੜ ’ਚੋਂ ਪਹਿਲਾਂ ਹੀ ਬਾਹਰ ਹਨ, ਲਿਹਾਜ਼ਾ ਇਸ ਮੈਚ ਦਾ ਨਤੀਜਾ ਕੋਈ ਮਾਇਨੇ ਨਹੀਂ ਰੱਖਦਾ। ਇਸ ਤੋਂ ਪਹਿਲਾਂ ਨੌਜਵਾਨ ਬੱਲੇਬਾਜ਼ ਅਵਿਸ਼ਕਾ ਫਰਨੈਂਡੋ ਦੇ ਕਰੀਅਰ ਦੇ ਪਲੇਠੇ ਸੈਂਕੜੇ ਦੀ ਬਦੌਲਤ ਸ੍ਰੀਲੰਕਾ ਨੇ ਆਈਸੀਸੀ ਇੱਕ ਰੋਜ਼ਾ ਵਿਸ਼ਵ ਕੱਪ ਲੀਗ ਮੈਚ ਵਿੱਚ ਅੱਜ ਇੱਥੇ ਵੈਸਟ ਇੰਡੀਜ਼ ਖ਼ਿਲਾਫ਼ ਛੇ ਵਿਕਟਾਂ ਗੁਆ ਕੇ 338 ਦੌੜਾਂ ਬਣਾਈਆਂ, ਜੋ ਮੌਜੂਦਾ ਟੂਰਨਾਮੈਂਟ ਵਿੱਚ ਉਸ ਦਾ ਸਰਵੋਤਮ ਸਕੋਰ ਹੈ। ਵਿਸ਼ਵ ਕੱਪ ਵਿੱਚ ਤੀਜਾ ਅਤੇ ਕਰੀਅਰ ਦਾ ਨੌਂਵਾਂ ਇੱਕ ਰੋਜ਼ਾ ਮੈਚ ਖੇਡ ਰਹੇ ਫਰਨੈਂਡੋ ਨੇ 103 ਗੇਂਦਾਂ ਵਿੱਚ ਨੌਂ ਚੌਕਿਆਂ ਅਤੇ ਦੋ ਛੱਕਿਆਂ ਦੀ ਮਦਦ ਨਾਲ 104 ਦੌੜਾਂ ਦੀ ਪਾਰੀ ਖੇਡੀ। ਉਨ੍ਹਾਂ ਨੇ ਸ੍ਰੀਲੰਕਾ ਦੀ ਪਾਰੀ ਵਿੱਚ ਐਂਕਰ ਦੀ ਭੂਮਿਕਾ ਨਿਭਾਉਂਦਿਆਂ ਕੁਸ਼ਾਲ ਮੈਂਡਿਸ (39 ਦੌੜਾਂ) ਨਾਲ ਤੀਜੀ ਵਿਕਟ ਲਈ 85 ਦੌੜਾਂ, ਐਂਜਲੋ ਮੈਥਿਊਜ਼ (26 ਦੌੜਾਂ) ਨਾਲ ਚੌਥੀ ਵਿਕਟ ਲਈ 58 ਦੌੜਾਂ ਅਤੇ ਲਾਹਿਰੂ ਥਿਰਿਮਾਨੇ (33 ਗੇਂਦਾਂ ਵਿੱਚ ਨਾਬਾਦ 44 ਦੌੜਾਂ) ਨਾਲ ਪੰਜਵੀਂ ਵਿਕਟ ਲਈ 67 ਦੌੜਾਂ ਦੀ ਭਾਈਵਾਲੀ ਕੀਤੀ। ਸਲਾਮੀ ਬੱਲੇਬਾਜ਼ ਕੁਸ਼ਾਲ ਪਰੇਰਾ (64 ਦੌੜਾਂ) ਨੇ ਵੀ ਨੀਮ ਸੈਂਕੜਾ ਜੜਿਆ। ਸ੍ਰੀਲੰਕਾ ਦੀ ਟੀਮ ਆਖ਼ਰੀ 14 ਓਵਰਾਂ ਵਿੱਚ 124 ਦੌੜਾਂ ਲੈਣ ਵਿੱਚ ਸਫਲ ਰਹੀ। ਵੈਸਟ ਇੰਡੀਜ਼ ਵੱਲੋਂ ਕਪਤਾਨ ਜੇਸਨ ਹੋਲਡਰ ਸਭ ਤੋਂ ਸਫਲ ਗੇਂਦਬਾਜ਼ ਰਿਹਾ, ਜਿਸ ਨੇ 59 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ। ਹੋਲਡਰ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ, ਪਰ ਸ੍ਰੀਲੰਕਾ ਦੇ ਕਪਤਾਨ ਦਿਮੁਥ ਕਰੁਣਾਰਤਨੇ (32 ਦੌੜਾਂ) ਅਤੇ ਪਰੇਰਾ ਨੇ ਪਹਿਲੀ ਵਿਕਟ ਲਈ ਤੇਜ਼ੀ ਨਾਲ 93 ਦੌੜਾਂ ਜੋੜ ਕੇ ਇਸ ਨੂੰ ਗ਼ਲਤ ਸਾਬਤ ਕਰ ਦਿੱਤਾ। ਕਰੁਣਾਰਤਨੇ ਚੰਗੀ ਸ਼ੁਰੂਆਤ ਕੀਤੀ, ਪਰ ਇਸ ਭਾਈਵਾਲੀ ਵਿੱਚ ਦਬਦਬਾ ਪਰੇਰਾ ਦਾ ਰਿਹਾ। ਸ੍ਰੀਲੰਕਾ ਦੀਆਂ 50 ਦੌੜਾਂ 11ਵੇਂ ਓਵਰ ਵਿੱਚ ਪੂਰੀਆਂ ਹੋਈਆਂ।
HOME ਸ੍ਰੀਲੰਕਾ ਨੇ ਵੈਸਟ ਇੰਡੀਜ਼ ਨੂੰ 23 ਦੌੜਾਂ ਨਾਲ ਹਰਾਇਆ