ਪਣਜੀ (ਸਮਾਜ ਵੀਕਲੀ) : ਰੱਖਿਆ ਮੰਤਰੀ ਰਾਜਨਾਥ ਸਿੰਘ ਸੜਕ ਹਾਦਸੇ ਵਿੱਚ ਜ਼ਖ਼ਮੀ ਹੋਏ ਕੇਂਦਰੀ ਮੰਤਰੀ ਸ੍ਰੀਪਦ ਨਾਇਕ (68) ਦਾ ਹਾਲ-ਚਾਲ ਪੁੱਛਣ ਲਈ ਅੱਜ ਗੋਆ ਮੈਡੀਕਲ ਕਾਲਜ ਤੇ ਹਸਪਤਾਲ ਪੁੱਜੇ। ਰੱਖਿਆ ਮੰਤਰੀ ਵਿਸ਼ੇਸ਼ ਉਡਾਣ ਰਾਹੀਂ ਅੱਜ ਦੁਪਹਿਰ ਗੋਆ ਪੁੱਜੇ ਤੇ ਬਾਅਦ ਦੁਪਹਿਰ ਜੀਐੱਮਸੀਐੱਚ ਪੁੱਜੇ, ਜਿੱਥੇ ਸ੍ਰੀ ਨਾਇਕ ਦਾ ਇਲਾਜ ਚੱਲ ਰਿਹਾ ਹੈ।
ਇਸ ਦੌਰਾਨ ਰੱਖਿਆ ਮੰਤਰੀ ਨੇ ਕਿਹਾ ਕਿ ਜੇ ਲੋੜ ਪਈ ਤਾਂ ਸ੍ਰੀ ਨਾਇਕ ਨੂੰ ਇਲਾਜ ਲਈ ਨਵੀਂ ਦਿੱਲੀ ਵੀ ਤਬਦੀਲ ਕੀਤਾ ਜਾ ਸਕਦਾ ਹੈ। ਉਨ੍ਹਾਂ ਆਖਿਆ ਕਿ ਦਿੱਲੀ ਦੇ ਏਮਜ਼ ਦੇ ਡਾਕਟਰਾਂ ਦੀ ਟੀਮ ਗੋਆ ਮੈਡੀਕਲ ਕਾਲਜ ਤੇ ਹਸਪਤਾਲ ਦੇ ਡਾਕਟਰਾਂ ਨਾਲ ਸਹਿਯੋਗ ਕਰੇਗੀ। ਉਂਜ ਸ੍ਰੀ ਨਾਇਕ ਦੀ ਹਾਲਤ ਹੁਣ ਖ਼ਤਰੇ ਤੋਂ ਬਾਹਰ ਹੈ। ਸ੍ਰੀ ਸਿੰਘ ਨੇ ਸ੍ਰੀ ਨਾਇਕ ਦਾ ਇਲਾਜ ਕਰ ਰਹੇ ਸੀਨੀਅਰ ਡਾਕਟਰਾਂ ਨਾਲ ਵੀ ਗੱਲਬਾਤ ਕੀਤੀ। ਜੀਐੱਮਸੀਐੱਚ ਦੇ ਡੀਨ ਡਾ. ਸ਼ਿਵਾਨੰਦ ਬਾਂਡੇਕਰ ਨੇ ਕਿਹਾ ਕਿ ਸ੍ਰੀ ਨਾਇਕ ਨੂੰ ਅਜੇ ਇੱਥੋਂ ਸ਼ਿਫਟ ਕਰਨ ਦੀ ਲੋੜ ਨਹੀਂ ਹੈ। ਦੱਸਣਯੋਗ ਹੈ ਕਿ ਭਾਜਪਾ ਦੇ ਉੱਤਰੀ ਗੋਆ ਦੇ ਸੰਸਦ ਮੈਂਬਰ ਸ੍ਰੀ ਨਾਇਕ ਦੀ ਕਾਰ ਬੀਤੇ ਦਿਨ ਹਾਦਸੇ ਦਾ ਸ਼ਿਕਾਰ ਹੋ ਗਈ ਸੀ।
ਹਾਦਸੇ ਵਿੱਚ ਉਨ੍ਹਾਂ ਦੀ ਪਤਨੀ ਤੇ ਇੱਕ ਸਹਾਇਕ ਦੀ ਮੌਤ ਹੋ ਗਈ ਸੀ ਤੇ ਉਹ ਆਪ ਜ਼ਖ਼ਮੀ ਹੋ ਗਏ ਸਨ। ਗੋਆ ਦੇ ਮੁੱਖ ਮੰਤਰੀ ਪ੍ਰਮੋਦ ਸਾਵੰਤ ਨੇ ਬੀਤੀ ਰਾਤ ਦੱਸਿਆ ਸੀ ਕਿ ਸ੍ਰੀ ਨਾਇਕ ਦੀ ਹਾਲਤ ਗੰਭੀਰ ਹੈ ਪਰ ਹੁਣ ਉਨ੍ਹਾਂ ਦੀ ਹਾਲਤ ਸਥਿਰ ਹੈ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦਾ ਵਧੀਆ ਇਲਾਜ ਕੀਤਾ ਜਾ ਰਿਹਾ ਹੈ। ਸਿਹਤ ਮੰਤਰੀ ਵਿਸ਼ਵਜੀਤ ਰਾਣੇ ਨੇ ਦੱਸਿਆ ਕਿ ਸ੍ਰੀ ਨਾਇਕ ਦੀ ਦੇਖਭਾਲ ਲਈ ਇੱਕ ਹੋਰ ਮੈਡੀਕਲ ਟੀਮ ਤਿਆਰ ਹੈ।