ਨੌਜਵਾਨਾਂ ਅਤੇ ਸੁਰੱਖਿਆ ਬਲਾਂ ’ਚ ਝੜਪਾਂ ਹੋਈਆਂ; ਕਈ ਜ਼ਖ਼ਮੀ
ਸ੍ਰੀਨਗਰ ’ਚ ਇਕ ਦਿਨ ਪਹਿਲਾਂ ਹੋਈਆਂ ਹਿੰਸਾ ਦੀਆਂ ਘਟਨਾਵਾਂ ਮਗਰੋਂ ਐਤਵਾਰ ਨੂੰ ਸ਼ਹਿਰ ਦੇ ਕੁਝ ਹਿੱਸਿਆਂ ’ਚ ਪਾਬੰਦੀਆਂ ਨੂੰ ਮੁੜ ਲਾਗੂ ਕਰ ਦਿੱਤਾ ਗਿਆ। ਇਸ ਦੌਰਾਨ 12 ਕੁ ਥਾਵਾਂ ’ਤੇ ਪ੍ਰਦਰਸ਼ਨਾਂ ਦੌਰਾਨ ਸੁਰੱਖਿਆ ਬਲਾਂ ਨਾਲ ਝੜਪਾਂ ’ਚ ਕਈ ਮੁਜ਼ਾਹਰਾਕਾਰੀ ਜ਼ਖ਼ਮੀ ਹੋਏ ਹਨ। ਉਧਰ ਜੰਮੂ ਦੇ ਪੰਜ ਜ਼ਿਲ੍ਹਿਆਂ ’ਚ ਅਫ਼ਵਾਹਾਂ ’ਤੇ ਨੱਥ ਪਾਉਣ ਲਈ ਐਤਵਾਰ ਨੂੰ 2ਜੀ ਮੋਬਾਈਲ ਇੰਟਰਨੈੱਟ ਸੇਵਾਵਾਂ ਮੁੜ ਬੰਦ ਕਰ ਦਿੱਤੀਆਂ ਗਈਆਂ। ਹੱਜ ਯਾਤਰੀਆਂ ਦਾ ਪਹਿਲਾ ਜਥਾ ਅੱਜ ਸਾਊਦੀ ਅਰਬ ਤੋਂ ਕਸ਼ਮੀਰ ਪਹੁੰਚ ਗਿਆ ਜਿਥੇ ਉਨ੍ਹਾਂ ਨੂੰ ਘਰਾਂ ਤਕ ਪਹੁੰਚਾਉਣ ਲਈ ਪ੍ਰਸ਼ਾਸਨ ਨੇ ਢੁਕਵੇਂ ਪ੍ਰਬੰਧ ਕੀਤੇ ਸਨ। ਅਧਿਕਾਰੀਆਂ ਨੇ ਕਿਹਾ ਕਿ ਵਾਦੀ ਦੇ ਕਈ ਹਿੱਸਿਆਂ ’ਚ ਲਗਾਤਾਰ 14ਵੇਂ ਦਿਨ ਐਤਵਾਰ ਨੂੰ ਪਾਬੰਦੀਆਂ ਜਾਰੀ ਰਹੀਆਂ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਕਈ ਹਿੱਸਿਆਂ ’ਚ ਸ਼ਨਿਚਰਵਾਰ ਨੂੰ ਛੋਟਾਂ ਦੇਣ ਮਗਰੋਂ ਉਥੇ ਗੜਬੜੀ ਸ਼ੁਰੂ ਹੋ ਗਈ ਸੀ ਜਿਸ ਕਾਰਨ ਪਾਬੰਦੀਆਂ ਮੁੜ ਲਾਗੂ ਕਰਨੀਆਂ ਪਈਆਂ ਹਨ। ਉਨ੍ਹਾਂ ਕਿਹਾ ਕਿ ਜ਼ਖ਼ਮੀਆਂ ਦੀ ਅਸਲ ਗਿਣਤੀ ਅਜੇ ਪਤਾ ਨਹੀਂ ਲੱਗ ਸਕੀ ਹੈ। ਸਰਕਾਰੀ ਤਰਜਮਾਨ ਰੋਹਿਤ ਕਾਂਸਲ ਨੇ ਸ਼ਨਿਚਰਵਾਰ ਨੂੰ ਕਿਹਾ ਸੀ ਕਿ ਵਾਦੀ ਦੇ 35 ਪੁਲੀਸ ਸਟੇਸ਼ਨ ਇਲਾਕਿਆਂ ’ਚ ਪਾਬੰਦੀਆਂ ਤੋਂ ਰਾਹਤ ਦਿੱਤੀ ਗਈ ਸੀ ਪਰ ਕਈ ਇਲਾਕਿਆਂ ’ਚ ਨੌਜਵਾਨਾਂ ਅਤੇ ਸੁਰੱਖਿਆ ਬਲਾਂ ਵਿਚਕਾਰ ਝੜਪਾਂ ਦੇਖਣ ਨੂੰ ਮਿਲੀਆਂ ਜਿਸ ਕਾਰਨ ਪਾਬੰਦੀਆਂ ਮੁੜ ਲਾਗੂ ਕਰਨੀਆਂ ਪਈਆਂ। ਸ੍ਰੀ ਕਾਂਸਲ ਮੁਤਾਬਕਵਾਦੀ ’ਚ ਛੇ ਥਾਵਾਂ ’ਤੇ ਪ੍ਰਦਰਸ਼ਨ ਹੋਏ ਜਿਨ੍ਹਾਂ ’ਚ ਅੱਠ ਵਿਅਕਤੀ ਜ਼ਖ਼ਮੀ ਹੋਏ ਹਨ। ਸ੍ਰੀ ਕਾਂਸਲ ਨੇ ਐਤਵਾਰ ਨੂੰ ਦੱਸਿਆ ਕਿ ਵਾਦੀ ਦੇ 50 ਪੁਲੀਸ ਸਟੇਸ਼ਨਾਂ ਤਹਿਤ ਆਉਂਦੇ ਇਲਾਕਿਆਂ ’ਚ ਐਤਵਾਰ ਨੂੰ ਪਾਬੰਦੀਆਂ ਹਟਾ ਲਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਸੋਮਵਾਰ ਤੋਂ ਨਵਾਂ ਹਫ਼ਤਾ ਸ਼ੁਰੂ ਹੋ ਰਿਹਾ ਹੈ ਅਤੇ ਉਹ ਨਵੀਂ ਉਮੀਦ ਨਾਲ ਇਸ ਨੂੰ ਦੇਖ ਰਹੇ ਹਨ। ਉਨ੍ਹਾਂ ਕਿਹਾ ਕਿ ਸ੍ਰੀਨਗਰ ’ਚ 190 ਤੋਂ ਵੱਧ ਸਕੂਲ ਸੋਮਵਾਰ ਤੋਂ ਮੁੜ ਖੁਲ੍ਹ ਜਾਣਗੇ। ਉਨ੍ਹਾਂ ਕਿਹਾ ਕਿ ਐਤਵਾਰ ਨੂੰ ਛੇ ਘੰਟਿਆਂ ਦੀ ਬਜਾਏ ਅੱਠ ਘੰਟਿਆਂ ਦੀ ਛੋਟ ਦਿੱਤੀ ਗਈ। ਸ੍ਰੀ ਕਾਂਸਲ ਨੇ ਕਿਹਾ ਕਿ ਸ਼ਰਾਰਤੀ ਅਨਸਰਾਂ ਨੇ ਦੁਕਾਨਦਾਰਾਂ ਨਾਲ ਗੁੰਡਾਗਰਦੀ ਕਰਕੇ ਕੁਝ ਇਲਾਕਿਆਂ ’ਚ ਉਨ੍ਹਾਂ ਦੀਆਂ ਦੁਕਾਨਾਂ ਬੰਦ ਕਰਵਾ ਦਿੱਤੀਆਂ। ਸੁਰੱਖਿਆ ਬਲਾਂ ਵੱਲੋਂ ਇਨ੍ਹਾਂ ਘਟਨਾਵਾਂ ਦਾ ਨੋਟਿਸ ਲਿਆ ਗਿਆ ਹੈ। ਉਂਜ ਪਾਬੰਦੀਆਂ ਤੋਂ ਛੋਟ ਵਾਲੇ ਇਲਾਕਿਆਂ ’ਚ ਕੋਈ ਵੀ ਅਣਸੁਖਾਵੀਂ ਘਟਨਾ ਨਹੀਂ ਵਾਪਰੀ ਹੈ। ਪੁਲੀਸ ਅਧਿਕਾਰੀ ਨੇ ਕਿਹਾ ਕਿ ਜੰਮੂ ਦੇ ਪੰਜ ਜ਼ਿਲ੍ਹਿਆਂ ’ਚ ਦੁਪਹਿਰ ਵੇਲੇ ਸੇਵਾਵਾਂ ਬੰਦ ਕਰਨ ਦਾ ਫ਼ੈਸਲਾ ਲਿਆ ਗਿਆ ਤਾਂ ਜੋ ਇਲਾਕੇ ’ਚ ਸ਼ਾਂਤੀ ਅਤੇ ਸਦਭਾਵਨਾ ਬਣੀ ਰਹੇ। ਪੰਜ ਜ਼ਿਲ੍ਹਿਆਂ ਜੰਮੂ, ਸਾਂਬਾ, ਕਠੂਆ, ਊਧਮਪੁਰ ਅਤੇ ਰਿਆਸੀ ’ਚ ਸ਼ੁੱਕਰਵਾਰ ਅਤੇ ਸ਼ਨਿਚਰਵਾਰ ਦੀ ਅੱਧੀ ਰਾਤ ਨੂੰ ਮੋਬਾਈਲ ਇੰਟਰਨੈੱਟ ਸੇਵਾਵਾਂ ਬਹਾਲ ਕਰ ਦਿੱਤੀਆਂ ਗਈਆਂ ਸਨ। ਉਧਰ ਅੱਜ ਸਵੇਰੇ 300 ਹਾਜੀਆਂ ਨੂੰ ਲੈ ਕੇ ਆਇਆ ਜਹਾਜ਼ ਸ੍ਰੀਨਗਰ ਹਵਾਈ ਅੱਡੇ ’ਤੇ ਪਹੁੰਚਿਆ। ਅਧਿਕਾਰੀਆਂ ਮੁਤਾਬਕ ਉਨ੍ਹਾਂ ਨੂੰ ਟਿਕਾਣਿਆਂ ’ਤੇ ਪਹੁੰਚਾਉਣ ਲਈ ਢੁਕਵੇਂ ਪ੍ਰਬੰਧ ਕੀਤੇ ਗਏ ਸਨ। ਪਰਿਵਾਰ ਦੇ ਇਕ ਮੈਂਬਰ ਨੂੰ ਹਵਾਈ ਅੱਡੇ ’ਤੇ ਜਾਣ ਦੀ ਇਜਾਜ਼ਤ ਦਿੱਤੀ ਗਈ ਸੀ। ਸੁਰੱਖਿਆ ਬਲਾਂ ਨੂੰ ਨਿਰਦੇਸ਼ ਦਿੱਤੇ ਗਏ ਸਨ ਕਿ ਜਿਨ੍ਹਾਂ ਨੂੰ ਪਾਸ ਜਾਰੀ ਕੀਤੇ ਗਏ ਹਨ, ਉਨ੍ਹਾਂ ਨੂੰ ਪਾਬੰਦੀਆਂ ਵਾਲੇ ਇਲਾਕਿਆਂ ’ਚੋਂ ਲੰਘਣ ਦੀ ਇਜਾਜ਼ਤ ਦਿੱਤੀ ਜਾਵੇ।