ਜੰਮੂ ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਧਾਰਾ 370 ਖਤਮ ਕਰਨ ਤੋਂ 78ਵੇਂ ਦਿਨ ਬਾਅਦ ਅੱਜ ਵੀ ਘਾਟੀ ’ਚ ਮੁੱਖ ਬਾਜ਼ਾਰ ਬੰਦ ਰਹੇ ਤੇ ਜਨਤਕ ਆਵਜਾਈ ਸੜਕਾਂ ਤੋਂ ਨਦਾਰਦ ਰਹੀ। ਇਸ ਨਾਲ ਆਮ ਜੀਵਨ ਪ੍ਰਭਾਵਿਤ ਰਿਹਾ।
ਅਧਿਕਾਰੀਆਂ ਨੇ ਦੱਸਿਆ ਕਿ ਸ੍ਰੀਨਗਰ ਦਾ ਕਾਰੋਬਾਰੀ ਗੜ੍ਹ ਕਹੇ ਜਾਣ ਵਾਲੇ ਲਾਲ ਚੌਕ ’ਚ ਸਵੇਰੇ ਕੁਝ ਦੁਕਾਨਾਂ ਖੁੱਲ੍ਹੀਆਂ ਪਰ 11 ਵਜੇ ਤੱਕ ਮੁੜ ਸਾਰੀਆਂ ਦੁਕਾਨਾਂ ਬੰਦ ਹੋ ਗਈਆਂ। ਉਨ੍ਹਾਂ ਦੱਸਿਆ ਕਿ ਮੁੱਖ ਬਾਜ਼ਾਰ ਅਤੇ ਹੋਰ ਕਾਰੋਬਾਰੀ ਅਦਾਰੇ ਵੀ ਬੰਦ ਰਹੇ। ਅਧਿਕਾਰੀਆਂ ਨੇ ਦੱਸਿਆ ਕਿ ਨਿੱਜੀ ਵਾਹਨ ਸੜਕਾਂ ’ਤੇ ਚੱਲਦੇ ਰਹੇ ਅਤੇ ਬੀਤੇ ਦਿਨ ਹੋਰਨਾਂ ਦਿਨਾਂ ਮੁਕਾਬਲੇ ਵਧੇਰੇ ਵਾਹਨ ਸੜਕਾਂ ’ਤੇ ਦੇਖੇ ਗਏ ਜਿਸ ਨਾਲ ਸ਼ਹਿਰ ’ਚ ਕਈ ਥਾਵਾਂ ’ਤੇ ਆਵਾਜਾਈ ’ਚ ਵਿਘਨ ਵੀ ਪਿਆ। ਉਨ੍ਹਾਂ ਦੱਸਿਆ ਕਿ ਆਟੋ ਰਿਕਸ਼ਾ ਤੇ ਇੱਕ ਜ਼ਿਲ੍ਹੇ ਤੋਂ ਦੂਜੇ ਜ਼ਿਲ੍ਹੇ ’ਚ ਜਾਣ ਵਾਲੀ ਕੈਬ ਘਾਟੀ ਦੇ ਕੁਝ ਖੇਤਰਾਂ ’ਚ ਚੱਲ ਰਹੀ ਹੈ ਪਰ ਸਰਕਾਰੀ ਆਵਾਜਾਈ ਨਹੀਂ ਰਹੀ। ਅਧਿਕਾਰੀਆਂ ਨੇ ਦੱਸਿਆ ਕਿ ਘਾਟੀ ’ਚ ਇੰਟਰਨੈੱਟ ਸੇਵਾਵਾਂ ਅਜੇ ਵੀ ਬੰਦ ਹਨ। ਸਕੂਲ ਕਾਲਜ ਖੁੱਲ੍ਹੇ ਸੀ ਪਰ ਵਿਦਿਆਰਥੀ ਹਾਜ਼ਰ ਨਹੀਂ ਹੋਏ ਕਿਉਂਕਿ ਸੁਰੱਖਿਆ ਕਾਰਨਾਂ ਕਰਕੇ ਮਾਪੇ ਆਪਣੇ ਬੱਚਿਆਂ ਨੂੰ ਸਕੂਲ ਨਹੀਂ ਭੇਜ ਰਹੇ।
ਜ਼ਿਕਰਯੋਗ ਹੈ ਕਿ ਬਹੁਤੇ ਵੱਖਵਾਦੀ ਆਗੂਆਂ ਨੂੰ ਅਹਿਤਿਆਤ ਵਜੋਂ ਹਿਰਾਸਤ ਵਿੱਚ ਰੱਖਿਆ ਗਿਆ ਹੈ ਜਦਕਿ ਮੁੱਖ ਸਿਆਸੀ ਆਗੂਆਂ ਸਾਬਕਾ ਮੁੱਖ ਮੰਤਰੀਆਂ ਉਮਰ ਅਬਦੁੱਲ੍ਹਾ ਤੇ ਮਹਿਬੂਬਾ ਮੁਫ਼ਤੀ ਨੂੰ ਉਨ੍ਹਾਂ ਦੇ ਘਰਾਂ ਅੰਦਰ ਨਜ਼ਰਬੰਦ ਕੀਤਾ ਹੋਇਆ ਹੈ। ਇਸੇ ਤਰ੍ਹਾਂ ਸਾਬਕਾ ਮੁੱਖ ਮੰਤਰੀ ਤੇ ਸ੍ਰੀਨਗਰ ਤੋਂ ਮੌਜੂਦਾ ਲੋਕ ਸਭਾ ਮੈਂਬਰ ਫਾਰੂਕ ਅਬਦੁੱਲ੍ਹਾ ਨੂੰ ਗ੍ਰਿਫ਼ਤਾਰ ਕੀਤਾ ਹੋਇਆ ਹੈ।
INDIA ਸ੍ਰੀਨਗਰ ਵਿੱਚ ਜਨਜੀਵਨ ਪ੍ਰਭਾਵਿਤ