ਸ੍ਰੀਨਗਰ (ਸਮਾਜ ਵੀਕਲੀ): ਜੰਮੂ ਤੇ ਕਸ਼ਮੀਰ ਵਿੱਚ ਅੱਜ ਤਿੰਨ ਵੱਖ ਵੱਖ ਘਟਨਾਵਾਂ ’ਚ ਜਿੱਥੇ ਅਣਪਛਾਤੇ ਦਹਿਸ਼ਤਗਰਦਾਂ ਨੇ ਸ੍ਰੀਨਗਰ ਦੇ ਹਵਾਲ ਖੇਤਰ ਵਿੱਚ ਇਕ ਵਕੀਲ ਨੂੰ ਗੋਲੀ ਮਾਰ ਕੇ ਹਲਾਕ ਕਰ ਦਿੱਤਾ, ਉਥੇ ਪੁਲਵਾਮਾ ਤੇ ਬੜਗਾਮ ਜ਼ਿਲ੍ਹਿਆਂ ਵਿੱਚ ਹੋਏ ਵੱਖੋ ਵੱਖ ਮੁਕਾਬਲਿਆਂ ਵਿੱਚ ਕ੍ਰਮਵਾਰ ਅਣਪਛਾਤਾ ਦਹਿਸ਼ਤਗਰਦ ਮਾਰਿਆ ਗਿਆ ਤੇ ਸੀਆਰਪੀਐੱਫ ਦਾ ਜਵਾਨ ਸ਼ਹੀਦ ਹੋ ਗਿਆ।
ਇਕ ਪੁਲੀਸ ਅਧਿਕਾਰੀ ਨੇ ਕਿਹਾ ਕਿ ਸ੍ਰੀਨਗਰ ਦੇ ਹਵਾਲ ਖੇਤਰ ਵਿੱਚ ਅਣਪਛਾਤੇ ਦਹਿਸ਼ਤਗਰਦਾਂ ਨੇ ਸ਼ਾਮ ਸਾਢੇ ਛੇ ਵਜੇ ਦੇ ਕਰੀਬ ਵਕੀਲ ਬਾਬਰ ਕਾਦਰੀ ਨੂੰ ਕਾਫ਼ੀ ਨੇੜਿਓਂ ਗੋਲੀ ਮਾਰ ਦਿੱਤੀ। ਕਾਦਰੀ ਨੂੰ ਫੌਰੀ ਐੱਸਕੇਆਈਐੱਮਐੱਸ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਊਸ ਨੂੰ ‘ਮ੍ਰਿਤਕ ਲਿਆਂਦਾ’ ਐਲਾਨ ਦਿੱਤਾ। ਕਾਦਰੀ ਟੀਬੀ ਡਿਬੇਟਾਂ ’ਚ ਸ਼ਾਮਲ ਹੋਣ ਤੋਂ ਇਲਾਵਾ ਮੁਕਾਮੀ ਅਖ਼ਬਾਰਾਂ ਦੇ ਸੰਪਾਦਕੀ ਸਫ਼ਿਆਂ ਲਈ ਲਿਖਣ ਕਰਕੇ ਵੱਖਵਾਦੀ ਸਫ਼ਾਂ ਵਿੱਚ ਰੜਕਦਾ ਸੀ।
ਇਸ ਤੋਂ ਪਹਿਲਾਂ ਦਹਿਸ਼ਤਗਰਦਾਂ ਨੇ ਲੰਘੇ ਦਿਨ ਬਡਗਾਮ ਦੇ ਖਾਗ ਖੇਤਰ ਵਿਚ ਬੀਡੀਸੀ ਮੈਂਬਰ ਭੁਪਿੰਦਰ ਸਿੰਘ ਨੂੰ ਗੋਲੀ ਮਾਰ ਕੇ ਹਲਾਕ ਕਰ ਦਿੱਤਾ ਸੀ। ਇਸ ਦੌਰਾਨ ਬੜਗਾਮ ਜ਼ਿਲ੍ਹੇ ਦੇ ਕੇਸਰਮੁੱਲਾ ਵਿੱਚ ਦਹਿਸ਼ਤਗਰਦਾਂ ਵੱਲੋਂ ਕੀਤੇ ਹਮਲੇ ਵਿੱਚ ਸੀਆਰਪੀਐੱਫ ਦੀ 117 ਬਟਾਲੀਅਨ ਦਾ ਏਐੱਸਆਈ ਸ਼ਹੀਦ ਹੋ ਗਿਆ। ਸੀਆਰਪੀਐੱਫ ਜਵਾਨ ਦੀ ਪਛਾਣ ਐੱਨ.ਸੀ.ਬਡੋਲੇ ਵਜੋਂ ਦੱਸੀ ਗਈ ਹੈ। ਦਹਿਸ਼ਤਗਰਦ ਜਾਂਦੇ ਹੋਏ ਉਸ ਦੀ ਸਰਵਿਸ ਰਾਈਫਲ ਵੀ ਲੈ ਗਏ। ਉਧਰ ਪੁਲਵਾਮਾ ਜ਼ਿਲ੍ਹੇ ਦੇ ਤਰਾਲ ਖੇਤਰ ਵਿੱਚ ਤਲਾਸ਼ੀ ਮੁਹਿੰਮ ਦੌਰਾਨ ਹੋਏ ਮੁਕਾਬਲੇ ਦੌਰਾਨ ਸਲਾਮਤੀ ਦਸਤਿਆਂ ਨੇ ਇਕ ਅਣਪਛਾਤੇ ਦਹਿਸ਼ਤਗਰਦ ਨੂੰ ਮਾਰ ਮੁਕਾਇਆ।