ਸ੍ਰੀਨਗਰ (ਸਮਾਜ ਵੀਕਲੀ) : ਸ੍ਰੀਨਗਰ ਦੇ ਬਾਗਹਟ ਇਲਾਕੇ ਵਿੱਚ ਦਹਿਸ਼ਤਗਰਦ ਨੇ ਅੱਜ ਦਿਨ ਦਿਹਾੜੇ ਅਸਾਲਟ ਰਾਈਫਲ ਨਾਲ ਹਮਲਾ ਕਰਕੇ ਦੋ ਨਿਹੱਥੇ ਪੁਲੀਸ ਕਾਂਸਟੇਬਲਾਂ ਨੂੰ ਮਾਰ ਦਿੱਤਾ। ਸ੍ਰੀਨਗਰ ਦੇ ਉਪਰਲੇ ਬਾਜ਼ਾਰ ਖੇਤਰ ’ਚ ਵਾਪਰੀ ਇਸ ਘਟਨਾ ਨੂੰ ਕਈ ਲੋਕਾਂ ਨੇ ਅੱਖੀਂ ਵੇਖਿਆ ਤੇ ਪੂਰੀ ਘਟਨਾ ਸੀਸੀਟੀਵੀ ’ਚ ਕੈਦ ਹੋ ਗਈ। ਪੀੜਤ ਕਾਂਸਟੇਬਲਾਂ ਦੀ ਸ਼ਨਾਖਤ ਸੁਹੇਲ ਤੇ ਮੁਹੰਮਦ ਯੂਸੁਫ਼ ਵਜੋਂ ਹੋਈ ਹੈ।
ਗੋਲੀਆਂ ਚਲਾਉਣ ਵਾਲੇ ਦਹਿਸ਼ਤਗਰਦ ਦੀ ਪਛਾਣ ਸਾਕਿਬ ਵਜੋਂ ਦੱਸੀ ਗਈ ਹੈ ਤੇ ਪੁਲੀਸ ਨੇ ਉਸ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲੈਣ ਦਾ ਦਾਅਵਾ ਕੀਤਾ ਹੈ। ਇਸ ਦੌਰਾਨ ਸੁਰੱਖਿਆ ਬਲਾਂ ਨੇ ਬਾਗਹਟ ਇਲਾਕੇ ਨੂੰ ਘੇਰਾ ਪਾ ਕੇ ਕੁਝ ਸ਼ੱਕੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਚੇਤੇ ਰਹੇ ਕਿ ਅਜੇ ਦੋ ਦਿਨ ਪਹਿਲਾਂ ਸ਼ਹਿਰ ਵਿੱਚ ਹੋੲੇ ਅਜਿਹੇ ਹੀ ਇਕ ਹੋਰ ਹਮਲੇ ਵਿੱਚ ਢਾਬਾ ਮਾਲਕ ਦਾ ਪੁੱਤਰ ਮਾਰਿਆ ਗਿਆ ਸੀ।
ਜਾਣਕਾਰੀ ਅਨੁਸਾਰ ਜਦੋਂ ਹਮਲਾ ਹੋਇਆ ਦੋਵੇਂ ਪੁਲੀਸ ਮੁਲਾਜ਼ਮ ਉੱਚ ਸੁਰੱਖਿਆ ਵਾਲੀ ਹਵਾਈ ਅੱਡਾ ਰੋਡ ’ਤੇ ਡਿਊਟੀ ਦੇ ਰਹੇ ਸਨ ਤੇ ਦੋਵੇਂ ਨਿਹੱਥੇ ਸਨ। ਸਾਕਿਬ ਨੇ ਆਪਣੇ ਕੱਪੜਿਆਂ ’ਚ ਲੁਕੋਈ ਅਸਾਲਟ ਰਾਈਫਲ ਕੱਢੀ ਤੇ ਬਹੁਤ ਨੇੜਿਓਂ ਪੁਲੀਸ ਮੁਲਾਜ਼ਮਾਂ ’ਤੇ ਗੋਲੀਆਂ ਚਲਾਈਆਂ। ਹਮਲੇ ਤੋਂ ਫੌਰੀ ਮਗਰੋਂ ਭੱਗਦੜ ਦੌਰਾਨ ਸਾਕਿਬ ਉਥੋਂ ਫ਼ਰਾਰ ਹੋ ਗਿਆ।
ਜੰਮੂ ਤੇ ਕਸ਼ਮੀਰ ਦੇ ਡਾਇਰੈਕਟਰ ਜਨਰਲ ਦਿਲਬਾਗ ਸਿੰਘ ਨੇ ਇਸ ਖ਼ਬਰ ਏਜੰਸੀ ਨੂੰ ਦੱਸਿਆ, ‘ਅਸੀਂ ਦਹਿਸ਼ਤਗਰਦ ਦੀ ਪਛਾਣ ਕਰ ਲਈ ਹੈ ਤੇ ਜਲਦੀ ਹੀ ਉਸ ਨੂੰ ਕਾਬੂ ਕਰ ਲਿਆ ਜਾਵੇਗਾ।’ ਪੁਲੀਸ ਨੇ ਦੱਸਿਆ ਕਿ ਦੋਵਾਂ ਪੁਲੀਸ ਮੁਲਾਜ਼ਮਾਂ ਨੂੰ ਐੱਸਐੱਮਐੱਚਐੱਸ ਹਸਪਤਾਲ ਦਾਖ਼ਲ ਕਰਵਾਇਆ ਗਿਆ। ਕਾਂਸਟੇਬਲ ਸੁਹੇਲ ਨੇ ਪਹਿਲਾਂ ਦਮ ਤੋੜਿਆ ਜਦੋਂਕਿ ਕਾਂਸਟੇਬਲ ਮੁਹੰਮਦ ਯੂਸੁਫ਼ ਨੇ ਅਪਰੇਸ਼ਨ ਥੀਏਟਰ ’ਚ ਪ੍ਰਾਣ ਤਿਆਗੇ।