ਸੋਸ਼ਲ ਮੀਡੀਆ ਪਾ ਰਿਹਾ ਹੈ ‘ਆਪ’ ਦੀ ਬੇੜੀ ਵਿੱਚ ਵੱਟੇ

ਚੰਡੀਗੜ੍ਹ-ਆਮ ਆਦਮੀ ਪਾਰਟੀ (ਆਪ) ਦੇ ਉੁਭਾਰ ਦਾ ਜ਼ਰੀਆ ਬਣਿਆ ਸੋਸ਼ਲ ਮੀਡੀਆ ਹੀ ਹੁਣ ਪਾਰਟੀ ਲਈ ਪੁਆੜੇ ਦੀ ਜੜ੍ਹ ਬਣ ਰਿਹਾ ਹੈ।
‘ਆਪ’ ਪੰਜਾਬ ਦੀਆਂ ਤਿੰਨ ਮਹਿਲਾ ਵਿਧਾਇਕਾਂ ਸਰਵਜੀਤ ਕੌਰ ਮਾਣੂੰਕੇ (ਵਿਰੋਧੀ ਧਿਰ ਦੀ ਉਪ ਨੇਤਾ), ਪ੍ਰੋ. ਬਲਜਿੰਦਰ ਕੌਰ ਤੇ ਰੁਪਿੰਦਰ ਕੌਰ ਰੂਬੀ ਵਿਰੁੱਧ ਸੋਸ਼ਲ ਮੀਡੀਆ ਉਪਰ ਭੱਦੀਆਂ ਟਿੱਪਣੀਆਂ ਕੀਤੀਆਂ ਜਾਣ ਕਾਰਨ ਹੀ ਹੁਣ ਵਿਧਾਇਕ ਸੁਖਪਾਲ ਸਿੰਘ ਖਹਿਰਾ ਨਾਲ ਉਨ੍ਹਾਂ ਦਾ ਟਕਰਾਅ ਚੱਲ ਰਿਹਾ ਹੈ। ਇਸੇ ਤਰ੍ਹਾਂ ਰਾਇਸ਼ੁਮਾਰੀ-2020 ਬਾਰੇ ਛਿੜੇ ਵਿਵਾਦ ਦੌਰਾਨ ਵੀ ਸ੍ਰੀ ਖਹਿਰਾ ਵੱਲੋਂ ਸੋਸ਼ਲ ਮੀਡੀਆ ’ਤੇ ਲਾਈਵ ਹੋਣ ਕਾਰਨ ਡਾ. ਬਲਬੀਰ ਸਿੰਘ ਅਤੇ ਸ੍ਰੀ ਖਹਿਰਾ ਵਿਚਕਾਰ ਟਕਰਾਅ ਵਧਿਆ ਸੀ। ਇਸ ਤੋਂ ਇਲਾਵਾ ‘ਆਪ’ ਨੇ ਹੀ ਸਿਆਸੀ ਤੌਰ ’ਤੇ ਸਟਿੰਗ ਕਰਨ ਦੀ ‘ਪਿਰਤ’ ਪਾਈ ਸੀ, ਪਰ ਇਸ ਦੀ ਸਭ ਤੋਂ ਵੱਧ ਮਾਰ ਇਸੇ ਪਾਰਟੀ ਦੇ ਆਗੂਆਂ ਨੂੰ ਹੀ ਪਈ ਹੈ। ਪਿਛਲੇ ਦਿਨੀਂ ਪੰਜਾਬ ਇਕਾਈ ਦੇ ਸੰਗਠਨ ਸਿਰਜਕ ਗੈਰੀ ਵੜਿੰਗ ਅਤੇ ‘ਆਪ’ ਦੇ ਹੀ ਇਕ ਆਗੂ ਸੁਮੀਤ ਯਾਦਵ ਵਿਚਕਾਰ ਫੋਨ ’ਤੇ ਹੋਈ ਗੱਲਬਾਤ ਦੀ ਜਾਰੀ ਸਟਿੰਗ ਆਡੀਓ ਵੀ ਹਾਈਕਮਾਂਡ ਅਤੇ ਸ੍ਰੀ ਖਹਿਰਾ ਵਿਚਕਾਰ ਪਏ ਖੱਪੇ ਦਾ ਇਕ ਕਾਰਨ ਬਣਿਆ ਹੈ। ਦਰਅਸਲ, ਇਸ ਵਿੱਚ ਸ੍ਰੀ ਵੜਿੰਗ ਇਹ ਕਹਿੰਦੇ ਸੁਣਾਈ ਦੇ ਰਹੇ ਹਨ ਕਿ ਸ੍ਰੀ ਖਹਿਰਾ ਦੇ ਪਰ ਕਿਵੇਂ ਕੱਟੇ ਜਾਣਗੇ, ਜਿਸ ਦਾ ਸ੍ਰੀ ਖਹਿਰਾ ਵੱਲੋਂ ਬੁਰਾ ਮਨਾਇਆ ਗਿਆ। ਉਨ੍ਹਾਂ ਇਹ ਮਾਮਲਾ ਹਾਈਕਮਾਂਡ ਕੋਲ ਵੀ ਉਠਾਇਆ ਸੀ।
ਇਸ ਵੇਲੇ ਸੋਸ਼ਲ ਮੀਡੀਆ ਉਪਰ ‘ਆਪ’ ਵੱਲੋਂ ਕੀਤੀ ਜਾਂਦੀ ਸਿਆਸਤ ਕਾਰਨ ਪਾਰਟੀ ਦੀਆਂ ਤਿੰਨ ਮਹਿਲਾ ਵਿਧਾਇਕਾਂ ਅਤੇ ਸੁਖਪਾਲ ਖਹਿਰਾ ਵਿਚਕਾਰ ਤਿੱਖਾ ਟਕਰਾਅ ਚੱਲ ਰਿਹਾ ਹੈ। ਇਨ੍ਹਾਂ ਮਹਿਲਾ ਵਿਧਾਇਕਾਂ ਨੇ ਸਿੱਧੇ ਦੋਸ਼ ਲਾਏ ਹਨ ਕਿ ਸ੍ਰੀ ਖਹਿਰਾ ਦੀ ਟੀਮ ਦੇ ਇਕ ਆਗੂ ਵੱਲੋਂ ਉਨ੍ਹਾਂ ਪ੍ਰਤੀ ਕੀਤੀਆਂ ਟਿੱਪਣੀਆਂ ਅਪਮਾਨਜਨਕ ਹਨ। ਮਹਿਲਾ ਵਿਧਾਇਕਾਂ ਨੇ ਦੋਸ਼ ਲਾਇਆ ਹੈ ਕਿ ਸ੍ਰੀ ਖਹਿਰਾ ਨੇ ਆਪਣੀ ਕਨਵੈਨਸ਼ਨ ਵਿੱਚ ਵਿਧਾਇਕਾਂ ਨੂੰ ਪਿੰਡਾਂ ਵਿੱਚ ਨਾ ਵੜਨ ਦੇਣ ਦਾ ਸੱਦਾ ਦੇ ਕੇ ਵੀ ਲੋਕਾਂ ਨੂੰ ਭੜਕਾ ਕੇ ਮਾਹੌਲ ਖ਼ਰਾਬ ਕਰਨ ਦਾ ਯਤਨ ਕੀਤਾ ਹੈ, ਜਿਸ ਬਾਰੇ ਸ੍ਰੀ ਖਹਿਰਾ ਸਪਸ਼ਟ ਕਰ ਚੁੱਕੇ ਹਨ। ਪੰਜਾਬ ਵਿਧਾਨ ਸਭਾ ਚੋਣਾਂ ਤੋਂ ਕੁਝ ਸਮਾਂ ਪਹਿਲਾਂ ਸਟਿੰਗ ਦਾ ਹਵਾਲਾ ਦੇ ਕੇ ਸ੍ਰੀ ਛੋਟੇਪੁਰ ਨੂੰ ਅਹੁਦੇ ਤੋਂ ਹਟਾਉਣ ਦੀ ਕਾਰਵਾਈ ਵੀ ‘ਆਪ’ ਲਈ ਮਾਰੂ ਸਾਬਿਤ ਹੋਈ ਸੀ। ਫਿਰ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਪਾਰਟੀ ਤੋਂ ਨਰਾਜ਼ ਕਈ ਆਗੂਆਂ ਨੇ ਸਟਿੰਗ, ਵੀਡੀਓਜ਼ ਤੇ ਆਡੀਓਜ਼ ਜਾਰੀ ਕਰਕੇ ਲੀਡਰਸ਼ਿਪ ਉਪਰ ਕਈ ਗੰਭੀਰ ਦੋਸ਼ ਲਾਏ ਗਏ ਸਨ।
ਪਾਰਟੀ ਦੇ ਉਚ ਆਗੂ ਅਕਸਰ ਆਪਣੀਆਂ ਕਾਰਾਂ ਜਾਂ ਕੋਠੀਆਂ ਵਿੱਚ ਬੈਠ ਕੇ ਸੋਸ਼ਲ ਮੀਡੀਆ ’ਤੇ ਹੀ ਲਾਈਵ ਹੁੰਦੇ ਹਨ। ਕਈ ਆਗੂ ਤਾਂ ਰੈਲੀਆਂ-ਧਰਨਿਆਂ ਦੌਰਾਨ ਵੀ ਜਨਤਾ ਨੂੰ ਸੰਬੋਧਨ ਕਰਨ ਦੀ ਥਾਂ ਫੇਸਬੁੱਕ ’ਤੇ ਲਾਈਵ ਹੋ ਕੇ ਟਾਹਰਾਂ ਮਾਰਦੇ ਦੇਖੇ ਜਾ ਸਕਦੇ ਹਨ। ਇੱਥੋਂ ਤੱਕ ਕਿ ਕੁਝ ਵੱਡੇ ਆਗੂ ਤਾਂ ਪ੍ਰੈੱਸ ਕਾਨਫਰੰਸ ਦੌਰਾਨ ਵੀ ਪੱਤਰਕਾਰਾਂਨੂੰ ਸੰਬੋਧਨ ਹੋਣ ਦੀ ਥਾਂ ਆਪਣੇ ਦੇਸ਼-ਵਿਦੇਸ਼ ਦੇ ‘ਅਥਾਹ’ ਚਹੇਤਿਆਂ ਨੂੰ ਸੰਬੋਧਨ ਕਰਦੇ ਹਨ। ਸ਼ਾਇਦ ਇਹੋ ਕਾਰਨ ਹੈ ਕਿ ਪਾਰਟੀ ਅਤੇ ਅਜਿਹੇ ਆਗੂਆਂ ਦਾ ਗ੍ਰਾਫ਼ ਹੇਠਾਂ ਡਿੱਗਦਾ ਜਾ ਰਿਹਾ ਹੈ। ਵਿਧਾਨ ਸਭਾ ਚੋਣਾਂ ਦੌਰਾਨ ਪਾਰਟੀ ਦੇ ਕੌਮੀ ਆਗੂਆਂ ਨੇ ਸਾਰੀ ਸਿਆਸੀ ਟੇਕ ਸੋਸ਼ਲ ਮੀਡੀਆ ਦੇ ‘ਲਾਈਕਜ਼’ ’ਤੇ ਹੀ ਰੱਖੀ ਸੀ ਤੇ ਇਹੋ ਕਾਰਨ ਹੋ ਸਕਦਾ ਹੈ ਕਿ ਇਸ ਪਾਰਟੀ ਦਾ ਮਿੱਥਿਆ 100 ਸੀਟਾਂ ਦਾ ਅੰਕੜਾ 20 ’ਤੇ ਹੀ ਡਿੱਗ ਪਿਆ ਸੀ।

Previous articleElon Musk planning Tesla mini-car
Next articleTrump to reimpose sanctions on Iran