ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਉਹ ਟਵਿੱਟਰ ਤੇ ਫੇਸਬੁੱਕ ਸਮੇਤ ਆਪਣੇ ਵੱਖ ਵੱਖ ਸੋਸ਼ਲ ਮੀਡੀਆ ਖਾਤਿਆਂ ਨੂੰ ਬੰਦ ਕਰਨ ਬਾਰੇ ਸੋਚ ਰਹੇ ਹਨ। ਸ੍ਰੀ ਮੋਦੀ ਨੇ ਇਕ ਟਵੀਟ ’ਚ ਕਿਹਾ, ‘ਇਸ ਐਤਵਾਰ ਨੂੰ ਮੇਰੇ ਮਨ ਵਿੱਚ ਆਪਣੇ ਫੇਸਬੁੱਕ, ਟਵਿੱਟਰ, ਇੰਸਟਾਗ੍ਰਾਮ ਤੇ ਯੂ-ਟਿਊਬ ਵਿਚਲੇ ਖਾਤਿਆਂ ਨੂੰ ਬੰਦ ਕਰਨ ਦਾ ਖਿਆਲ ਆਇਆ। ਜਲਦੀ ਹੀ ਤੁਹਾਨੂੰ ਸਾਰਿਆਂ ਨੂੰ ਇਸ ਬਾਰੇ ਸੂਚਿਤ ਕਰਾਂਗਾ।’ ਪ੍ਰਧਾਨ ਮੰਤਰੀ ਸੋਸ਼ਲ ਮੀਡੀਆ ’ਤੇ ਪਿਛਲੇ ਲੰਮੇ ਸਮੇਂ ਤੋਂ ਸਰਗਰਮ ਹਨ। ਉਨ੍ਹਾਂ ਦੇ ਟਵਿੱਟਰ ’ਤੇ 5.33 ਕਰੋੜ ਫਾਲੋਅਰਜ਼ ਹਨ। ਉਧਰ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇਸ ਟਵੀਟ ਮਗਰੋਂ ਉਨ੍ਹਾਂ ’ਤੇ ਤਨਜ਼ ਕਸਦਿਆਂ ਕਿਹਾ ਕਿ ਸ੍ਰੀ ਮੋਦੀ ਨੂੰ ਸੋਸ਼ਲ ਮੀਡੀਆ ਖਾਤੇ ਨਹੀਂ, ਬਲਕਿ ਨਫ਼ਰਤ ਛੱਡਣੀ ਚਾਹੀਦੀ ਹੈ। ਰਾਹੁਲ ਨੇ ਟਵਿੱਟਰ ’ਤੇ ਮੋਦੀ ਦੇ ਟਵੀਟ ਨੂੰ ਟੈਗ ਕਰਦਿਆਂ ਲਿਖਿਆ, ‘ਸੋਸ਼ਲ ਮੀਡੀਆ ਖਾਤੇ ਨਹੀਂ ਬਲਕਿ ਨਫ਼ਰਤ ਨੂੰ ਛੱਡੋ।’ ਉਧਰ ਕਾਂਗਰਸ ਦੇ ਮੁੱਖ ਤਰਜਮਾਨ ਰਣਦੀਪ ਸੁਰਜੇਵਾਲਾ ਨੇ ਇਕ ਟਵੀਟ ’ਚ ਕਿਹਾ, ‘ਸਤਿਕਾਰਯੋਗ ਮੋਦੀ ਜੀ, ਉਮੀਦ ਹੈ ਕਿ ਤੁਸੀਂ ਸੋਸ਼ਲ ਮੀਡੀਆ ’ਤੇ ਤੁਹਾਡੇ ਨਾਂ ’ਤੇ ਟਰੌਲ ਕਰਕੇ ਹੋਰਨਾਂ ਨੂੰ ਧਮਕਾਉਣ ਵਾਲਿਆਂ ਨੂੰ ਵੀ ਇਹੀ ਸਲਾਹ ਦੇਵੋਗੇ।’