ਹਿਮਾਚਲ ਪ੍ਰਦੇਸ਼ ਦੇ ਸੋਲਨ ਜ਼ਿਲ੍ਹੇ ’ਚ ਡਿੱਗੀ ਚਾਰ ਮੰਜ਼ਿਲਾ ਇਮਾਰਤ ਦੇ ਮਲਬੇ ’ਚੋਂ ਸੋਮਵਾਰ ਨੂੰ ਛੇ ਹੋਰ ਲਾਸ਼ਾਂ ਕੱਢੀਆਂ ਗਈਆਂ ਹਨ ਜਿਸ ਨਾਲ ਮੌਤਾਂ ਦੀ ਗਿਣਤੀ ਵੱਧ ਕੇ 14 ਹੋ ਗਈ ਹੈ। ਅਧਿਕਾਰੀਆਂ ਨੇ ਕਿਹਾ ਕਿ ਮਲਬੇ ’ਚੋਂ 13 ਫ਼ੌਜੀਆਂ ਅਤੇ ਇਕ ਆਮ ਨਾਗਰਿਕ ਦੀ ਲਾਸ਼ ਕੱਢੀ ਗਈ ਹੈ। ਨਾਹਨ-ਕੁਮਾਰਹੱਟੀ ਸੜਕ ’ਤੇ ਐਤਵਾਰ ਸ਼ਾਮ ਨੂੰ ਮੋਹਲੇਧਾਰ ਮੀਂਹ ਮਗਰੋਂ ਇਮਾਰਤ ਢਹਿ ਢੇਰੀ ਹੋ ਗਈ ਸੀ ਜਿਸ ’ਚ ਰੈਸਤਰਾਂ ਵੀ ਸੀ। ਇਮਾਰਤ ਡਿੱਗਣ ਕਰਕੇ 17 ਫ਼ੌਜੀਆਂ ਅਤੇ 11 ਆਮ ਨਾਗਰਿਕਾਂ ਸਮੇਤ 28 ਵਿਅਕਤੀ ਜ਼ਖ਼ਮੀ ਹੋ ਗਏ ਸਨ। ਡਿਪਟੀ ਕਮਿਸ਼ਨਰ ਕੇ ਸੀ ਚਮਨ ਨੇ ਕਿਹਾ ਕਿ ਬਚਾਅ ਕਾਰਜ ਜਾਰੀ ਹਨ ਤਾਂ ਜੋ ਪਤਾ ਲਾਇਆ ਜਾ ਸਕੇ ਕਿ ਮਲਬੇ ਹੇਠਾਂ ਕੋਈ ਹੋਰ ਵਿਅਕਤੀ ਤਾਂ ਨਹੀਂ ਦੱਬਿਆ ਹੋਇਆ ਹੈ। ਜ਼ਖ਼ਮੀ ਹੋਏ ਜਵਾਨ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਜਦੋਂ ਇਮਾਰਤ ਡਿੱਗੀ ਤਾਂ ਉਸ ਅੰਦਰ 35 ਜਵਾਨ ਮੌਜੂਦ ਸਨ ਜਿਨ੍ਹਾਂ ’ਚੋਂ 30 ਜੇਸੀਓ ਹਨ। ਉਸ ਨੇ ਕਿਹਾ ਕਿ ਡਗਸ਼ਈ ਛਾਉਣੀ ਦੀ 4 ਅਸਾਮ ਰੈਜੀਮੈਂਟ ਦੇ ਜਵਾਨ ਰੈਸਤਰਾਂ ’ਚ ਪਾਰਟੀ ਲਈ ਗਏ ਸਨ ਪਰ ਅਚਾਨਕ ਇਮਾਰਤ ਹਿੱਲਣ ਲੱਗ ਪਈ ਅਤੇ ਮਿੰਟਾਂ ’ਚ ਹੀ ਇਹ ਡਿੱਗ ਗਈ। ਇਕ ਹੋਰ ਜ਼ਖ਼ਮੀ ਰਾਕੇਸ਼ ਕੁਮਾਰ ਨੇ ਦੱਸਿਆ ਕਿ ਕਈ ਫ਼ੌਜੀਆਂ ਸਮੇਤ ਕਰੀਬ 50 ਵਿਅਕਤੀ ਰੈਸਤਰਾਂ ’ਚ ਮੌਜੂਦ ਸਨ। ਉਸ ਨੇ ਕਿਹਾ ਕਿ ਪਹਿਲਾਂ ਜਾਪਿਆ ਕਿ ਭੂਚਾਲ ਆਇਆ ਹੈ ਅਤੇ ਉਹ ਵੀ 10-15 ਮਿੰਟਾਂ ਲਈ ਮਲਬੇ ’ਚ ਫਸਿਆ ਰਿਹਾ ਸੀ।
HOME ਸੋਲਨ ਹਾਦਸਾ: ਮੌਤਾਂ ਦੀ ਗਿਣਤੀ 14 ਹੋਈ