ਚੰਡੀਗੜ੍ਹ (ਸਮਾਜ ਵੀਕਲੀ) : ਗੈਂਗਸਟਰ ਲਾਰੈਂਸ ਬਿਸ਼ਨੋਈ ਗੈਂਗ ਦੇ ਨਜ਼ਦੀਕੀ ਅਤੇ ਸਟੂਡੈਂਟਸ ਆਰਗੇਨਾਈਜੇਸ਼ਨ ਆਫ਼ ਪੰਜਾਬ ਯੂਨੀਵਰਸਿਟੀ (ਸੋਪੂ) ਦੇ ਸਾਬਕਾ ਪ੍ਰਧਾਨ ਗੁਰਲਾਲ ਸਿੰਘ ਬਰਾੜ ਦੀ ਸ਼ਨਿਚਰਵਾਰ ਦੇਰ ਰਾਤ ਤਿੰਨ ਅਣਪਛਾਤਿਆਂ ਨੇ ਇੱਥੇ ਸਨਅਤੀ ਇਲਾਕੇ ਫੇਜ਼-1 ਸਥਿਤ ਨਾਈਟ ਕਲੱਬ ਦੇ ਬਾਹਰ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਗੁਰਲਾਲ ਦੀ ਹੱਤਿਆ ਦੀ ਜ਼ਿੰਮੇਵਾਰੀ ਫੇਸਬੁੱਕ ਰਾਹੀਂ ‘ਦਵਿੰਦਰ ਬੰਬੀਹਾ’ ਨਾਂ ਦੀ ਆਈਡੀ ’ਤੇ ਲਈ ਗਈ ਹੈ।
ਐੱਸਪੀ (ਅਪਰਾਧ) ਵਿਨੀਤ ਕੁਮਾਰ ਦੀ ਅਗਵਾਈ ਵਿਚ ਪੁਲੀਸ ਨੇ ਵਾਰਦਾਤ ਵਾਲੀ ਥਾਂ ਦਾ ਜਾਇਜ਼ਾ ਲਿਆ ਹੈ। ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ। ਵੇਰਵਿਆਂ ਮੁਤਾਬਕ ਗੁਰਲਾਲ ਬਰਾੜ ਅਤੇ ਮਨਦੀਪ ਸਿੰਘ ਦੇਰ ਰਾਤ ਕਲੱਬ ਵਿੱਚ ਜਨਮ ਦਿਨ ਦੀ ਪਾਰਟੀ ’ਚ ਆਏ ਸਨ। ਮਨਦੀਪ ਕਲੱਬ ਦੇ ਅੰਦਰ ਚਲਾ ਗਿਆ ਅਤੇ ਗੁਰਲਾਲ ਬਾਹਰ ਕਾਰ ਵਿੱਚ ਬੈਠਾ ਰਿਹਾ। ਇਸੇ ਦੌਰਾਨ ਮੋਟਰਸਾਈਕਲ ’ਤੇ ਆਏ ਤਿੰਨ ਨੌਜਵਾਨਾਂ ਵਿੱਚੋਂ ਦੋ ਨੇ ਗੁਰਲਾਲ ’ਤੇ ਅੱਧਾ ਦਰਜਨ ਤੋਂ ਵੱਧ ਗੋਲੀਆਂ ਚਲਾ ਦਿੱਤੀਆਂ ਤੇ ਫ਼ਰਾਰ ਹੋ ਗਏ। ਘਟਨਾ ਦੇਰ ਰਾਤ 12.30 ਵਜੇ ਦੇ ਕਰੀਬ ਵਾਪਰੀ ਹੈ।
ਜਾਣਕਾਰੀ ਮਿਲਦੇ ਹੀ ਪੀਸੀਆਰ ਮੁਲਾਜ਼ਮ ਪੀੜਤ ਨੂੰ ਪੀਜੀਆਈ ਲੈ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲੀਸ ਨੇ ਪਰਿਵਾਰ ਨੂੰ ਸੂਚਿਤ ਕਰ ਦਿੱਤਾ ਹੈ ਅਤੇ ਦੇਹ ਨੂੰ ਪੋਸਟਮਾਰਟਮ ਲਈ ਭੇਜਿਆ ਗਿਆ ਹੈ। ਗੁਰਲਾਲ ਕੋਟਕਪੂਰਾ ਦਾ ਰਹਿਣ ਵਾਲਾ ਹੈ ਤੇ ਨਿੱਜੀ ਕਾਰੋਬਾਰ ਕਰਦਾ ਹੈ। ਸਾਲ 2015 ਵਿੱਚ ਉਹ ‘ਸੋਪੂ’ ਦਾ ਪ੍ਰਧਾਨ ਚੁਣਿਆ ਗਿਆ ਸੀ। ਡੀਐੱਸਪੀ ਗੁਰਮੁੱਖ ਸਿੰਘ ਨੇ ਦੱਸਿਆ ਕਿ ਸੈਂਟਰਾ ਮਾਲ ਨੇੜੇ ਪਿਛਲੇ ਮਹੀਨੇ ਲੜਕੀਆਂ ਦੇ ਦੋ ਗੁੱਟਾਂ ਵਿਚਾਲੇ ਝਗੜਾ ਹੋ ਗਿਆ ਸੀ। ਉਸ ਵੇਲੇ ਗੁਰਲਾਲ ਕੁਝ ਲੜਕੀਆਂ ਨਾਲ ਆਇਆ ਸੀ ਅਤੇ ਇਕ ਲੜਕੀ ਦੇ ਥੱਪੜ ਵੀ ਮਾਰਿਆ ਸੀ। ਇਸ ਤੋਂ ਬਾਅਦ ਉਹ ਫ਼ਰਾਰ ਹੋ ਗਿਆ ਸੀ। ਡੀਐੱਸਪੀ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਕੇ ਜਾਂਚ ਕੀਤੀ ਜਾ ਰਹੀ ਹੈ। ਪੁਲੀਸ ਨੇ ਘਟਨਾ ਵਾਲੀ ਥਾਂ ਦੇ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਹਾਸਲ ਕਰ ਲਈ ਹੈ।