ਚੰਡੀਗੜ੍ਹ ਪੁਲੀਸ ਦੀ ਅਪਰਾਧ ਸ਼ਾਖਾ ਨੇ ਕਈ ਅਪਰਾਧਿਕ ਮਾਮਲਿਆਂ ਵਿਚ ਸ਼ਾਮਲ ਰਾਜਬੀਰ ਸਿੰਘ ਉਰਫ ਸੋਨੂੰ ਸ਼ਾਹ ਦੇ ਕਤਲ ਮਾਮਲੇ ਵਿਚ ਬੁੜੈਲ ਦੇ ਹੋਟਲ ਸੰਚਾਲਕ ਧਰਮਿੰਦਰ ਸਿੰਘ ਨੂੰ ਦੇਸੀ ਕੱਟੇ ਅਤੇ 10 ਕਾਰਤੂਸਾਂ ਸਮੇਤ ਗ੍ਰਿਫਤਾਰ ਕੀਤਾ ਹੈ। ਪੁਲੀਸ ਨੇ 28 ਸਾਲਾਂ ਦੇ ਧਰਮਿੰਦਰ ਨੂੰ ਅੱਜ ਅਦਾਲਤ ਵਿਚ ਪੇਸ਼ ਕਰਕੇ 4 ਦਿਨਾਂ ਦਾ ਰਿਮਾਂਡ ਹਾਸਲ ਕੀਤਾ ਹੈ।
ਪੁਲੀਸ ਅਨੁਸਾਰ ਅਪਰਾਧ ਸ਼ਾਖਾ ਦੇ ਇੰਚਾਰਜ ਇੰਸਪੈਕਟਰ ਰਣਜੀਤ ਸਿੰਘ ਦੀ ਨਿਗਰਾਨੀ ਹੇਠ ਮੁਲਜ਼ਮ ਨੂੰ ਪਿੰਡ ਖੁੱਡਾ ਲਾਹੌਰਾ ਦੇ ਪੁਲ ਨੇੜੇ ਲਗਾਏ ਨਾਕੇ ਦੌਰਾਨ ਕਾਬੂ ਕੀਤਾ ਹੈ। ਪੁਲੀਸ ਨੇ ਮੁਲਜ਼ਮ ਕੋਲੋਂ ਦੇਸੀ ਕੱਟਾ ਅਤੇ ਤਿੰਨ ਕਾਰਤੂਸ ਬਰਾਮਦ ਕੀਤੇ ਸਨ। ਪੁਲੀਸ ਨੇ ਬਾਅਦ ਵਿਚ ਪੁੱਛ-ਪੜਤਾਲ ਦੌਰਾਨ ਮੁਲਜ਼ਮ ਕੋਲੋਂ 7 ਹੋਰ ਕਾਰਤੂਸ ਬਰਾਮਦ ਕੀਤੇ। ਮੁਲਜ਼ਮ ਧਰਮਿੰਦਰ ਨੇ ਖੁਲਾਸਾ ਕੀਤਾ ਕਿ ਸੋਨੂੰ ਸ਼ਾਹ ਕਤਲ ਮਾਮਲੇ ਵਿਚ ਨਾਮਜ਼ਦ ਮੁਲਜ਼ਮਾਂ ਨੂੰ ਉਸ ਨੇ ਮੁਹਾਲੀ ਦੇ ਸੈਕਟਰ 80 ਸਥਿਤ ਇਕ ਹੋਟਲ ਵਿਚ ਠਹਿਰਾਇਆ ਸੀ। ਪੁਲੀਸ ਅਨੁਸਾਰ ਧਰਮਿੰਦਰ ਨੇ ਮੁਲਾਜ਼ਮਾਂ ਨੂੰ ਇਸ ਹੋਟਲ ਵਿਚ ਆਪਣੀ ਪਛਾਣ ਦੇ ਅਧਾਰ ’ਤੇ ਠਹਿਰਾਇਆ ਸੀ ਤਾਂ ਜੋ ਮੁਲਾਜ਼ਮਾਂ ਦੀ ਪਛਾਣ ਛੁਪਾਈ ਜਾ ਸਕੇ। ਪੁਲੀਸ ਅਨੁਸਾਰ ਧਰਮਿੰਦਰ ਖੁੱਦ ਪਿੰਡ ਬੁੜੈਲ ਵਿਚ ਹੋਟਲ ਡੀਕੇ ਪੈਲੇਸ ਚਲਾਉਂਦਾ ਹੈ ਅਤੇ ਉਹ ਨਵਾਂ ਗਾਓਂ (ਮੁਹਾਲੀ) ਵਿਚ ਰਹਿੰਦਾ ਹੈ। ਉਹ ਪਿੱਛੋਂ ਰਾਏ ਬਰੇਲੀ (ਉੱਤਰ ਪ੍ਰਦੇਸ਼) ਨਾਲ ਸਬੰਧਤ ਹੈ। ਪੁਲੀਸ ਅਨੁਸਾਰ ਮੁਲਜ਼ਮ ਨੇ ਮੰਨਿਆ ਕਿ ਇਸ ਵੇਲੇ ਰਾਜਸਥਾਨ ਦੀ ਜੇਲ੍ਹ ਵਿਚ ਬੰਦ ਗੈਂਗਸਟਰ ਲਾਰੰਸ ਬਿਸ਼ਨੋਈ ਦੇ ਇਸ਼ਾਰੇ ’ਤੇ ਉਸ ਦੇ ਗੁੰਡਿਆਂ ਵੱਲੋਂ ਸੋਨੂੰ ਸ਼ਾਹ ਦੇ ਕੀਤੇ ਕਤਲ ਦੇ ਮਾਮਲੇ ਵਿਚ ਮੁਲਜ਼ਮਾਂ ਦੀ ਮਦਦ ਕੀਤੀ ਸੀ। ਪੁਲੀਸ ਅਨੁਸਾਰ ਧਰਮਿੰਦਰ ਨੇ ਮੰਨਿਆ ਕਿ ਉਸ ਨੇ ਸੋਨੂੰ ਸ਼ਾਹ ਦਾ ਕਤਲ ਕਰਨ ਵਾਲੇ ਗੁੰਡਿਆਂ ਨੂੰ ਉਸ (ਸੋਨੂੰ) ਦੇ ਦਫਤਰ ਅਤੇ ਹੋਰ ਪਤਿਆਂ ਬਾਰੇ ਜਾਣਕਾਰੀ ਦਿੱਤੀ ਸੀ। ਦੱਸਣਯੋਗ ਹੈ ਕਿ 28 ਸਤੰਬਰ ਨੂੰ ਗੈਂਗਸਟਰ ਲਾਰੰਸ ਬਿਸ਼ਨੋਈ ਦੇ ਬੰਦਿਆਂ ਨੇ ਪਿੰਡ ਬੁੜੈਲ ਵਿਚ ਸੋਨੂ ਸ਼ਾਹ ਦੀ ਹੱਤਿਆ ਕਰ ਦਿੱਤੀ ਸੀ ਅਤੇ ਉਸ ਦੇ ਦੋ ਸਾਥੀਆਂ ਨੂੰ ਜ਼ਖਮੀ ਕਰ ਦਿੱਤਾ ਸੀ। ਘਟਨਾ ਮਗਰੋਂ ਮੁਲਜ਼ਮ ਫਰਾਰ ਹੋ ਗਏ ਸਨ। ਪੁਲੀਸ ਅਨੁਸਾਰ ਧਰਮਿੰਦਰ ਨੇ ਹੀ ਸੋਨੂੰ ਸ਼ਾਹ ਦਾ ਕਤਲ ਕਰਨ ਵਾਲੇ ਗੁੰਡਿਆਂ ਨੂੰ ਉਸ ਦੇ ਦਫਤਰ ਵੱਲ ਜਾਂਦੇ ਰਸਤਿਆਂ ਦੇ ਭੇਤ ਦਿੱਤੇ ਸਨ।
INDIA ਸੋਨੂੰ ਸ਼ਾਹ ਹੱਤਿਆ ਮਾਮਲਾ: ਬੁੜੈਲ ਦਾ ਹੋਟਲ ਸੰਚਾਲਕ ਗ੍ਰਿਫ਼ਤਾਰ