ਅੰਮ੍ਰਿਤਸਰ (ਸਮਾਜ ਵੀਕਲੀ): ਮੈਡੀਕਲ ਸਿੱਖਿਆ ਮੰਤਰੀ ਓਪੀ ਸੋਨੀ ਨੇ ਅੱਜ ਇੱਥੇ ਕਰੋਨਾ ਦੀ ਮੌਜੂਦਾ ਸਥਿਤੀ ਸਬੰਧੀ ਜ਼ਿਲ੍ਹਾ ਅਧਿਕਾਰੀਆਂ ਨਾਲ ਰੀਵਿਊ ਮੀਟਿੰਗ ਕੀਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਦੇ ਤਿੰਨ ਸਰਕਾਰੀ ਮੈਡੀਕਲ ਕਾਲਜਾਂ ਨਾਲ ਜੁੜੇ ਹਸਪਤਾਲਾਂ ਵਿੱਚ ਕਰੋਨਾ ਮਰੀਜ਼ਾਂ ਦੀ ਗਿਣਤੀ ਵਧਣ ਕਾਰਨ ਇਨ੍ਹਾਂ ਹਸਪਤਾਲਾਂ ਵਿੱਚ ਮਰੀਜ਼ਾਂ ਦੇ ਇਲਾਜ ਤੇ ਦੇਖਭਾਲ ਲਈ 540 ਨਰਸਾਂ ਅਤੇ ਕੁਝ ਡਾਕਟਰ ਭਰਤੀ ਕੀਤੇ ਜਾਣਗੇ।
ਮੀਟਿੰਗ ਦੌਰਾਨ ਸ੍ਰੀ ਸੋਨੀ ਨੇ ਕਰੋਨਾ ਦੀ ਸਥਿਤੀ ਦਾ ਜਾਇਜ਼ਾ ਲੈਂਦਿਆਂ ਦੱਸਿਆ ਕਿ ਮੈਡੀਕਲ ਕਾਲਜ ਅੰਮ੍ਰਿਤਸਰ ਵਿੱਚ ਕਰੋਨਾ ਐੱਲ 3 ਦੇ ਮਰੀਜ਼ਾਂ ਲਈ 300 ਬੈੱਡ, ਐੱਲ 2 ਦੇ 250 ਬੈੱਡ ਅਤੇ 100 ਹੋਰ ਬੈੱਡ ਕਰੋਨਾ ਮਰੀਜ਼ਾਂ ਲਈ ਰੱਖੇ ਗਏ ਹਨ। ਮੈਡੀਕਲ ਕਾਲਜ ਵਿੱਚ ਆਕਸੀਜਨ ਦੀ ਕਮੀ ਨੂੰ ਪੂਰਾ ਕਰਨ ਲਈ 10 ਮੀਟਰਿਕ ਟਨ ਦਾ ਟੈਂਕ ਸਥਾਪਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਅੰਮ੍ਰਿਤਸਰ ਮੈਡੀਕਲ ਕਾਲਜ ਵਿੱਚ ਲਗਪਗ 320 ਮਰੀਜ਼ ਲੈਵਲ 3 ਦੇ ਹਨ ਅਤੇ ਦੂਜੇ ਰਾਜਾਂ ਤੋਂ ਆਏ ਮਰੀਜ਼ਾਂ ਨੂੰ ਵੀ ਇੱਥੇ ਦਾਖ਼ਲ ਕੀਤਾ ਜਾ ਰਿਹਾ ਹੈ।
ਸ੍ਰੀ ਸੋਨੀ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਤਿੰਨਾਂ ਮੈਡੀਕਲ ਕਾਲਜਾਂ ਵਿੱਚ 25 ਫ਼ੀਸਦੀ ਤੋਂ ਵੱਧ ਬੈੱਡ ਵਧਾਉਣ ਦਾ ਫ਼ੈਸਲਾ ਲਿਆ ਸੀ ਤੇ ਬੈੱਡ ਵਧਾਉਣ ਨਾਲ ਡਾਕਟਰਾਂ ਤੇ ਹੋਰ ਸਟਾਫ਼ ਦੀ ਲੋੜ ਨੂੰ ਪੂਰਾ ਕਰਨ ਲਈ ਤਿੰਨਾਂ ਮੈਡੀਕਲ ਕਾਲਜਾਂ ਵਿੱਚ ਲਗਪਗ 540 ਨਰਸਾਂ ਤੇ ਕੁਝ ਡਾਕਟਰਾਂ ਦੀ ਭਰਤੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਜਿਹੜੇ ਮੁਲਾਜ਼ਮ ਲੰਮੇ ਸਮੇਂ ਤੋਂ ਕੱਚੇ ਤੌਰ ’ਤੇ ਕੰਮ ਕਰ ਰਹੇ ਸਨ, ਉਨ੍ਹਾਂ ਨੂੰ ਵੀ ਜਲਦੀ ਪੱਕੇ ਕਰਨ ’ਤੇ ਵਿਚਾਰ ਚੱਲ ਰਿਹਾ ਹੈ।
ਨਵੀਂ ਭਰਤੀ ਲਈ ਪ੍ਰਿੰਸੀਪਲ ਮੈਡੀਕਲ ਕਾਲਜਾਂ ਨੂੰ ਅਖ਼ਤਿਆਰ ਦਿੱਤੇ ਗਏ ਹਨ। ਉਹ ਆਪਣੇ ਪੱਧਰ ’ਤੇ ਆਊਟ ਸੋਰਸ ਰਾਹੀਂ ਭਰਤੀ ਕਰਨਗੇ। ਉੁੁੁੁਨ੍ਹਾਂ ਨੇ ਕਰੋਨਾ ਮਰੀਜ਼ਾਂ ਦਾ ਇਲਾਜ ਕਰ ਰਹੇ ਮੈਡੀਕਲ ਅਤੇ ਨਾਨ ਮੈਡੀਕਲ ਅਮਲੇ ਦੀ ਸ਼ਲਾਘਾ ਕੀਤੀ। ਮੀਟਿੰਗ ਵਿੱਚ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ, ਪੁਲੀਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ, ਮੈਡੀਕਲ ਕਾਲਜ ਦੇ ਪ੍ਰਿੰਸੀਪਲ ਡਾ. ਰਾਜੀਵ ਦੇਵਗਨ ਤੇ ਸਿਵਲ ਸਰਜਨ ਡਾ. ਚਰਨਜੀਤ ਸਿੰਘ ਹਾਜ਼ਰ ਸਨ।