ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸ਼ਾਮੀ ਸਿੱਖਿਆ ਅਤੇ ਵਾਤਾਵਰਨ ਮੰਤਰੀ ਓਮ ਪ੍ਰਕਾਸ਼ ਸੋਨੀ ਕੋਲੋਂ ਵਾਤਾਵਰਨ ਵਿਭਾਗ ਵਾਪਿਸ ਲੈ ਲਿਆ ਹੈ ਤੇ ਇਸ ਦੀ ਥਾਂ ਉਨ੍ਹਾਂ ਨੂੰ ਫੂਡ ਪ੍ਰੋਸੈਸਿੰਗ ਵਿਭਾਗ ਦੇ ਦਿੱਤਾ ਹੈ। ਮੁੱਖ ਮੰਤਰੀ ਦਫਤਰ ਨੇ ਇਸ ਫੈਸਲੇ ਨੂੰ ਮਾਮੂਲੀ ਫੇਰਬਦਲ ਦੱਸਿਆ ਹੈ । ਇਸ ਫੈਸਲੇ ਤੋਂ ਬਾਅਦ ਸ੍ਰੀ ਸੋਨੀ ਕੋਲ ਸਿੱਖਿਆ ਤੇ ਫੂਡ ਪ੍ਰੋਸੈਸਿੰਗ ਵਿਭਾਗ ਰਹਿਣਗੇ। ਮੁੱਖ ਮੰਤਰੀ ਦਫਤਰ ਵਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਸੂਬੇ ਵਿੱਚ ਉਦਯੋਗਿਕ ਵਿਕਾਸ ਨੁੰ ਹੋਰ ਸੁਵਿਧਾਵਾਂ ਦੇਣ ਵਾਸਤੇ ਮੁੱਖ ਮੰਤਰੀ ਨੇ ਵਾਤਾਵਰਨ ਵਿਭਾਗ ਆਪਣੇ ਕੋਲ ਲੈ ਲਿਆ ਹੈ ਪਰ ਜਾਣਕਾਰਾਂ ਦਾ ਕਹਿਣਾ ਹੈ ਕਿ ਵਾਤਾਵਰਨ ਵਿਭਾਗ ਸਬੰਧੀ ਕੁੱਝ ਸ਼ਿਕਾਇਤਾਂ ਮੁੱਖ ਮੰਤਰੀ ਕੋਲ ਪਹੁੰਚੀਆਂ ਸਨ ਤੇ ਇਨ੍ਹਾਂ ਸ਼ਿਕਾਇਤਾਂ ਦੇ ਮੱਦੇਨਜ਼ਰ ਹੀ ਇਹ ਫੈਸਲਾ ਕੀਤਾ ਗਿਆ ਹੈ। ਵਾਤਾਵਰਣ ਵਿਭਾਗ ਅਧੀਨ ਹੀ ਪੰਜਾਬ ਪ੍ਰਦੂਸ਼ਨ ਕੰਟਰੋਲ ਬੋਰਡ ਵੀ ਆਉਂਦਾ ਹੈ ਤੇ ਇਸ ਕਰਕੇ ਸੂਬੇ ਦੀ ਸਨਅਤ ਵੀ ਇਸ ਵਿਭਾਗ ਦੇ ਅਧੀਨ ਹੀ ਆ ਜਾਂਦੀ ਹੈ। ਸਨਅਤਕਾਰਾਂ ਨੇ ਪ੍ਰਦੂਸ਼ਣ ਸਰਟੀਫਿਕੇਟ ਇਸੇ ਬੋਰਡ ਕੋਲੋਂ ਲੈਣੇ ਹੁੰਦੇ ਹਨ ਤੇ ਸਰਟੀਫਿਕੇਟ ਦੇਣ ਸਮੇਂ ਅੜਿੱਕੇ ਡਾਹੁਣ ਦੀਆਂ ਵੀ ਰਿਪੋਰਟਾਂ ਸਨ। ਇਹ ਅੜਿੱਕੇ ਕਥਿਤ ਤੌਰ ਤੇ ਨਜ਼ਰਾਨਾ ਲੈ ਕੇ ਦੂਰ ਕਰਨ ਤੋਂ ਸਨਅਤਕਾਰ ਔਖੇ ਸਨ।ਇਸ ਤੋਂ ਇਲਾਵਾ ਡਾਇੰਗ ਸਨਅਤ ਦੀਆਂ ਸ਼ਿਕਾਇਤਾਂ ਵੀ ਸਨ। ਇਹ ਵੀ ਪਤਾ ਲੱਗਾ ਹੈ ਕਿ ਡੇਰਾਬਸੀ ਦੇ ਕੁੱਝ ਸਨਅਤਕਾਰ ਅੱਜ ਮੁੱਖ ਮੰਤਰੀ ਨੂੰ ਮਿਲੇ ਸਨ ਤੇ ਇਸ ਤੋਂ ਬਾਅਦ ਹੀ ਵਾਤਾਵਰਨ ਵਿਭਾਗ ਵਾਪਸ ਲੈਣ ਦਾ ਫੈਸਲਾ ਕੀਤਾ ਗਿਆ ਹੈ।
INDIA ਸੋਨੀ ਤੋਂ ਵਾਤਾਵਰਨ ਵਿਭਾਗ ਵਾਪਿਸ ਲੈ ਕੇ ਫੂਡ ਪ੍ਰੋਸੈਸਿੰਗ ਸੌਂਪਿਆ