ਨਵੀਂ ਦਿੱਲੀ– ਫਿਰਕੂ ਹਿੰਸਾ ਲਈ ਕੇਂਦਰ ਅਤੇ ਦਿੱਲੀ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਮੰਗ ਕੀਤੀ ਹੈ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣ। ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ਦੀ ਪ੍ਰਧਾਨਗੀ ਮਗਰੋਂ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੋਸ਼ ਲਾਇਆ ਕਿ ਹਿੰਸਾ ਪਿੱਛੇ ਸੋਚੀ-ਸਮਝੀ ਸਾਜ਼ਿਸ਼ ਸੀ।
ਕਾਂਗਰਸ ਵਰਕਿੰਗ ਕਮੇਟੀ ਨੇ ਦਿੱਲੀ ’ਚ ਹਿੰਸਾ ਦਾ ਮੁੱਦਾ ਵਿਚਾਰਿਆ ਅਤੇ ਮਤਾ ਪਾਸ ਕਰਕੇ ਦੋਵੇਂ ਸਰਕਾਰਾਂ ਤੋਂ ਜਵਾਬ ਮੰਗੇ। ਇਸ ਦੌਰਾਨ ਉਨ੍ਹਾਂ ਦਿੱਲੀ ਦੇ ਲੋਕਾਂ ਨੂੰ ਬੇਨਤੀ ਕੀਤੀ ਕਿ ਉਹ ਨਫ਼ਰਤ ਦੀ ਸਿਆਸਤ ਨਕਾਰ ਕੇ ਪੈਦਾ ਹੋਈਆਂ ਦੂਰੀਆਂ ਨੂੰ ਘਟਾਉਣ ਲਈ ਹਰ ਸੰਭਵ ਕੋਸ਼ਿਸ਼ ਕਰਨ। ਮਤੇ ਨੂੰ ਪੜ੍ਹਦਿਆਂ ਸੋਨੀਆ ਗਾਂਧੀ ਨੇ ਕਿਹਾ ਕਿ ਕੇਂਦਰ ਸਰਕਾਰ ਖਾਸ ਕਰਕੇ ਗ੍ਰਹਿ ਮੰਤਰੀ ਆਪਣੇ ਫਰਜ਼ ਨਿਭਾਉਣ ’ਚ ਨਾਕਾਮ ਰਹੇ। ਇਸ ਕਾਰਨ ਉਹ ਤੁਰੰਤ ਅਹੁਦੇ ਤੋਂ ਅਸਤੀਫ਼ਾ ਦੇਣ। ਉਨ੍ਹਾਂ ਦਿੱਲੀ ਦੀ ‘ਆਪ’ ਸਰਕਾਰ ’ਤੇ ਵਰ੍ਹਦਿਆਂ ਕਿਹਾ ਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਉਨ੍ਹਾਂ ਦੀ ਸਰਕਾਰ ਵੀ ਬਰਾਬਰ ਦੀ ਜ਼ਿੰਮੇਵਾਰ ਹੈ ਜੋ ਪ੍ਰਸ਼ਾਸਨ ਨੂੰ ਸਰਗਰਮ ਕਰਨ ’ਚ ਨਾਕਾਮ ਰਹੀ। ਕਾਂਗਰਸ ਨੇ ਬੈਠਕ ਮਗਰੋਂ ਰਾਸ਼ਟਰਪਤੀ ਭਵਨ ਵੱਲ ਮਾਰਚ ਕੱਢ ਕੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੂੰ ਮੰਗ ਪੱਤਰ ਸੌਂਪਣ ਦੀ ਯੋਜਨਾ ਬਣਾਈ ਸੀ ਪਰ ਉਨ੍ਹਾਂ ਨੂੰ ਮਾਰਚ ਮੁਲਤਵੀ ਕਰਨਾ ਪਿਆ ਕਿਉਂਕਿ ਰਾਸ਼ਟਰਪਤੀ ਨੇ ਵੀਰਵਾਰ ਨੂੰ ਮੁਲਾਕਾਤ ਦਾ ਸਮਾਂ ਦਿੱਤਾ ਹੈ। ਕਾਂਗਰਸ ਪ੍ਰਧਾਨ ਨੇ ਭਾਜਪਾ ਆਗੂ ਕਪਿਲ ਮਿਸ਼ਰਾ ਵੱਲੋਂ ਸ਼ਹਿਰ ’ਚ ਹਿੰਸਾ ਭੜਕਾਉਣ ਵਾਲੇ ਬਿਆਨ ਦੇਣ ਲਈ ਉਸ ਨੂੰ ਕਰਾਰੇ ਹੱਥੀਂ ਲਿਆ। ਉਨ੍ਹਾਂ ਕਿਹਾ,‘‘ਦਿੱਲੀ ਚੋਣਾਂ ਦੌਰਾਨ ਸਾਜ਼ਿਸ਼ ਘੜੀ ਗਈ ਸੀ ਅਤੇ ਭਾਜਪਾ ਆਗੂਆਂ ਨੇ ਨਫ਼ਰਤੀ ਭਾਸ਼ਨ ਦੇ ਕੇ ਭੈਅ ਅਤੇ ਨਫ਼ਰਤ ਦਾ ਮਾਹੌਲ ਬਣਾਇਆ ਸੀ। ਐਤਵਾਰ ਨੂੰ ਇਕ ਭਾਜਪਾ ਆਗੂ ਨੇ ਭੜਕਾਊ ਭਾਸ਼ਨ ਦਿੰਦਿਆਂ ਦਿੱਲੀ ਪੁਲੀਸ ਨੂੰ ਤਿੰਨ ਦਿਨ ਦਾ ਅਲਟੀਮੇਟਮ ਦਿੱਤਾ ਸੀ।’’ ਉਨ੍ਹਾਂ ਕਿਹਾ ਕਿ ਐਤਵਾਰ ਤੋਂ ਗ੍ਰਹਿ ਮੰਤਰੀ ਕਿਥੇ ਸਨ? ਉਨ੍ਹਾਂ ਸਵਾਲ ਕੀਤਾ ਕਿ ਖ਼ੁਫ਼ੀਆ ਏਜੰਸੀਆਂ ਵੱਲੋਂ ਦਿੱਤੀਆਂ ਗਈ ਰਿਪੋਰਟਾਂ ਦੇ ਬਾਵਜੂਦ ਵਧੇਰੇ ਸੁਰੱਖਿਆ ਬਲ ਕਿਉਂ ਨਹੀਂ ਤਾਇਨਾਤ ਕੀਤੇ ਗਏ ਜਦੋਂ ਕਿ ਸਪੱਸ਼ਟ ਸੀ ਕਿ ਦਿੱਲੀ ਪੁਲੀਸ ਹਾਲਾਤ ਨਜਿੱਠਣ ’ਚ ਨਾਕਾਮ ਰਹੀ ਹੈ। ਕਾਂਗਰਸ ਵਰਕਿੰਗ ਕਮੇਟੀ ਨੇ ਸਾਰੇ ਕਾਂਗਰਸ ਵਰਕਰਾਂ ਅਤੇ ਆਗੂਆਂ ਨੂੰ ਹਿੰਸਾ ਵਾਲੇ ਇਲਾਕਿਆਂ ਦਾ ਦੌਰਾ ਕਰਕੇ ਪ੍ਰਭਾਵਿਤ ਪਰਿਵਾਰਾਂ ਨੂੰ ਹਮਾਇਤ ਦੇਣ ਲਈ ਕਿਹਾ ਹੈ। ਕਾਂਗਰਸ ਆਗੂ ਨੇ ਕਈ ਸਾਲਾਂ ਬਾਅਦ ਪਾਰਟੀ ਹੈੱਡਕੁਆਰਟਰ ’ਤੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਹਾਲਾਤ ਗੰਭੀਰ ਹਨ ਅਤੇ ਉਨ੍ਹਾਂ ’ਤੇ ਕਾਬੂ ਪਾਉਣ ਲਈ ਮੁਹੱਲਿਆਂ ’ਚ ਸ਼ਾਂਤੀ ਕਮੇਟੀਆਂ ਬਣਾਈਆਂ ਜਾਣੀ ਚਾਹੀਦੀਆਂ ਹਨ।
ਇਸ ਤੋਂ ਬਾਅਦ ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਵਾਡਰਾ ਨੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਜਪਾ ਆਗੂ ਕਪਿਲ ਮਿਸ਼ਰਾ ਨੇ ਜੋ ਵੀ ਨਫ਼ਰਤੀ ਬਿਆਨ ਦਿੱਤਾ ਹੈ, ਉਹ ਸ਼ਰਮਨਾਕ ਹੈ ਪਰ ਸਰਕਾਰ ਦੀ ਖਾਮੋਸ਼ੀ ਹੋਰ ਵੀ ਵੱਧ ਸ਼ਰਮਨਾਕ ਹੈ। ਉਨ੍ਹਾਂ ਦਿੱਲੀ ਦੇ ਲੋਕਾਂ ਨੂੰ ਹਿੰਸਾ ਤੋਂ ਗੁਰੇਜ਼ ਕਰਨ ਲਈ ਵੀ ਕਿਹਾ।
ਦਿੱਲੀ ਪੁਲੀਸ ਦੀ ਵੱਡੀ ਨਾਕਾਮੀ ਸਾਹਮਣੇ ਆਈ: ਚਿਦੰਬਰਮ: ਕਾਂਗਰਸ ਦੇ ਸੀਨੀਅਰ ਆਗੂ ਪੀ ਚਿਦੰਬਰਮ ਨੇ ਦਿੱਲੀ ’ਚ ਹਿੰਸਾ ਨੂੰ ਦਿੱਲੀ ਪੁਲੀਸ ਦੀ ਵੱਡੀ ਨਾਕਾਮੀ ਕਰਾਰ ਦਿੱਤਾ ਹੈ। ਉਨ੍ਹਾਂ ਟਵੀਟ ਕਰਕੇ ਕਿਹਾ ਕਿ ਪੂਰਬੀ ਦਿੱਲੀ ਜਾਂ ਕਿਤੇ ਹੋਰ ਹਿੰਸਾ ਹੁੰਦੀ ਹੈ ਤਾਂ ਇਸ ’ਤੇ ਕਾਬੂ ਪਾਉਣਾ ਸਰਕਾਰ ਦਾ ਫ਼ਰਜ਼ ਹੁੰਦਾ ਹੈ।
ਸੂਲੇ ਨੇ ਵੀ ਸ਼ਾਹ ਤੋਂ ਅਸਤੀਫ਼ਾ ਮੰਗਿਆ: ਐੱਨਸੀਪੀ ਸੰਸਦ ਮੈਂਬਰ ਸੁਪ੍ਰਿਆ ਸੂਲੇ ਨੇ ਦਿੱਲੀ ’ਚ ਭਾਰੀ ਸੁਰੱਖਿਆ ਕੋਤਾਹੀ ਲਈ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਅਸਤੀਫ਼ਾ ਮੰਗਿਆ ਹੈ। ਬਾਰਾਮਾਤੀ ਤੋਂ ਸੰਸਦ ਮੈਂਬਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਬੇਨਤੀ ਕੀਤੀ ਹੈ ਕਿ ਉਹ ਸੁਰੱਖਿਆ ਕੋਤਾਹੀ ਦੀ ਪਾਰਦਰਸ਼ੀ ਢੰਗ ਨਾਲ ਜਾਂਚ ਕਰਾਉਣ।
HOME ਸੋਨੀਆ ਨੇ ਸ਼ਾਹ ਦਾ ਅਸਤੀਫ਼ਾ ਮੰਗਿਆ