ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅੱਜ ਪੱਤਰ ਲਿਖ ਕੇ ਲੌਕਡਾਊਨ ਦੀ ਹਮਾਇਤ ਕਰਦਿਆਂ ਡਾਕਟਰਾਂ ਦੀ ਸੁਰੱਖਿਆ ਯਕੀਨੀ ਬਣਾਉਣ ਅਤੇ ਕਰਜ਼ਾ ਵਸੂਲੀ ਨੂੰ ਅੱਗੇ ਪਾਉਣ ਜਿਹੇ ਕਦਮ ਉਠਾਉਣ ਦੇ ਸੁਝਾਅ ਦਿੱਤੇ ਹਨ। ਪੱਤਰ ’ਚ ਉਨ੍ਹਾਂ ਲਿਖਿਆ ਹੈ ਕਿ ਕਰੋਨਾਵਾਇਰਸ ਮਹਾਮਾਰੀ ਨੇ ਸਮਾਜ ਦੇ ਹਾਸ਼ੀਏ ’ਤੇ ਧੱਕੇ ਵਰਗਾਂ ਸਮੇਤ ਲੱਖਾਂ ਲੋਕਾਂ ਦੀ ਜ਼ਿੰਦਗੀ ਨੂੰ ਖ਼ਤਰੇ ’ਚ ਪਾ ਦਿੱਤਾ ਹੈ। ‘ਪੂਰਾ ਮੁਲਕ ਕਰੋਨਾ ਮਹਾਮਾਰੀ ਨੂੰ ਰੋਕਣ ਅਤੇ ਉਸ ਨੂੰ ਹਰਾਉਣ ਦੀ ਜੰਗ ’ਚ ਇਕਜੁੱਟ ਹੋ ਕੇ ਖੜ੍ਹਾ ਹੈ।’ ਉਨ੍ਹਾਂ ਕਿਹਾ ਕਿ ਮੁਸ਼ਕਲ ਦੀ ਇਸ ਘੜੀ ’ਚ ਹਰ ਕਿਸੇ ਨੂੰ ਆਪਣੇ ਹਿੱਤਾਂ ਤੋਂ ਉਪਰ ਉੱਠ ਕੇ ਮੁਲਕ ਪ੍ਰਤੀ ਫਰਜ਼ ਨੂੰ ਨਿਭਾਉਣਾ ਚਾਹੀਦਾ ਹੈ। ਕਾਂਗਰਸ ਪ੍ਰਧਾਨ ਨੇ ਕਿਹਾ ਕਿ ਡਾਕਟਰਾਂ, ਨਰਸਾਂ ਅਤੇ ਸਿਹਤ ਵਰਕਰਾਂ ਨੂੰ ਐੱਨ-95 ਮਾਸਕ ਅਤੇ ਵਿਸ਼ੇਸ਼ ਸੂਟਾਂ ਸਮੇਤ ਹੋਰ ਸੁਰੱਖਿਆ ਸਾਜ਼ੋ ਸਾਮਾਨ ਨਾਲ ਲੈਸ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਵਸਤਾਂ ਨੂੰ ਬਣਾਉਣ ਅਤੇ ਸਪਲਾਈ ਵੱਡੇ ਪੱਧਰ ’ਤੇ ਯਕੀਨੀ ਬਣਾਈ ਜਾਣੀ ਚਾਹੀਦੀ ਹੈ ਤਾਂ ਜੋ ਇਕ ਵੀ ਸਿਹਤ ਮਾਹਿਰ ਕਰੋਨਾਵਾਇਰਸ ਤੋਂ ਪੀੜਤ ਨਾ ਹੋ ਸਕੇ। ਸੋਨੀਆ ਗਾਂਧੀ ਨੇ ਕਿਹਾ ਕਿ ਡਾਕਟਰਾਂ, ਨਰਸਾਂ ਅਤੇ ਸਿਹਤ ਕਾਮਿਆਂ ਲਈ ਪਹਿਲੀ ਮਾਰਚ ਤੋਂ ਅਗਲੇ ਛੇ ਮਹੀਨਿਆਂ ਤਕ ਲਈ ਵਿਸ਼ੇਸ਼ ‘ਰਿਸਕ ਅਲਾਊਂਸ’ ਦਾ ਐਲਾਨ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਆਈਸੀਯੂ ਅਤੇ ਵੈਂਟੀਲੇਟਰਾਂ ਦਾ ਵੱਡੇ ਪੱਧਰ ’ਤੇ ਪ੍ਰਬੰਧ ਕਰਨ ਦੀ ਲੋੜ ਹੈ।
INDIA ਸੋਨੀਆ ਨੇ ਪ੍ਰਧਾਨ ਮੰਤਰੀ ਨੂੰ ਪੱਤਰ ਲਿਖ ਕੇ ਲੌਕਡਾਊਨ ਦੀ ਹਮਾਇਤ ਕੀਤੀ