ਨਵੀਂ ਦਿੱਲੀ (ਸਮਾਜ ਵੀਕਲੀ) : ਕਾਂਗਰਸ ’ਚ ਲੀਡਰਸ਼ਿਪ ਦਾ ਵਿਵਾਦ ਖੁੱਲ੍ਹ ਕੇ ਸਾਹਮਣੇ ਆ ਗਿਆ ਹੈ। ਕਾਂਗਰਸ ਦੇ 23 ਸੀਨੀਅਰ ਆਗੂਆਂ ਵੱਲੋਂ ਸਰਗਰਮ ਲੀਡਰ ਦੀ ਮੰਗ ਕੀਤੇ ਜਾਣ ਮਗਰੋਂ ਕਾਂਗਰਸ ਵਰਕਿੰਗ ਕਮੇਟੀ (ਸੀਡਬਲਯੂਸੀ) ਦੀ ਸੋਮਵਾਰ ਨੂੰ ਹੋਣ ਵਾਲੀ ਬੈਠਕ ਤੋਂ ਪਹਿਲਾਂ ਪਾਰਟੀ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨੇ ਸੀਡਬਲਿਊਸੀ ਦੇ ਮੈਂਬਰਾਂ ਨੂੰ ਸੁਨੇਹਾ ਭੇਜਿਆ ਹੈ ਕਿ ਉਨ੍ਹਾਂ ਦੀ ਅਹੁਦੇ ’ਤੇ ਬਣੇ ਰਹਿਣ ’ਚ ਕੋਈ ਦਿਲਚਸਪੀ ਨਹੀਂ ਹੈ ਅਤੇ ਉਹ ਨਵਾਂ ਪ੍ਰਧਾਨ ਚੁਣ ਲੈਣ। ਉਂਜ ਕਾਂਗਰਸ ਦੇ ਮੁੱਖ ਤਰਜਮਾਨ ਰਣਦੀਪ ਸੁਰਜੇਵਾਲਾ ਨੇ ਕਿਹਾ ਕਿ ਅੰਤਰਿਮ ਪ੍ਰਧਾਨ ਨੇ ਅਜਿਹਾ ਕੋਈ ਸੁਨੇਹਾ ਕਿਸੇ ਨੂੰ ਨਹੀਂ ਭੇਜਿਆ ਹੈ।
ਸੋਨੀਆ ਦੇ ਨਜ਼ਦੀਕੀ ਇਕ ਆਗੂ ਨੇ ਵੀ ਅਜਿਹੇ ਕਿਸੇ ਕਦਮ ਤੋਂ ਇਨਕਾਰ ਕੀਤਾ ਹੈ ਅਤੇ ਕਿਹਾ ਕਿ ਸਾਰਾ ਕੁਝ ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ’ਤੇ ਨਿਰਭਰ ਕਰੇਗਾ। ਗਾਂਧੀ ਪਰਿਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਇਲਾਵਾ ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ, ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ, ਲੋਕ ਸਭਾ ’ਚ ਕਾਂਗਰਸ ਆਗੂ ਅਧੀਰ ਰੰਜਨ ਚੌਧਰੀ ਅਤੇ ਸਾਬਕਾ ਅਸ਼ਵਨੀ ਕੁਮਾਰ ਦੀ ਹਮਾਇਤ ਮਿਲੀ ਹੈ। ਇਨ੍ਹਾਂ ਆਗੂਆਂ ਨੇ ਕਿਹਾ ਕਿ ਇਹ ਮੰਗ ਕਰਨ ਦਾ ਢੁੱਕਵਾਂ ਸਮਾਂ ਨਹੀਂ ਹੈ ਅਤੇ ਰਾਹੁਲ ਗਾਂਧੀ ਨੂੰ ਪਾਰਟੀ ਦੀ ਕਮਾਨ ਸੰਭਾਲਣੀ ਚਾਹੀਦੀ ਹੈ।
ਸੀਨੀਅਰ ਆਗੂ ਸਲਮਾਨ ਖੁਰਸ਼ੀਦ ਨੇ ਕਿਹਾ ਕਿ ਪਾਰਟੀ ਨੂੰ ਚੋਣਾਂ ਕਰਵਾਉਣ ਦੀ ਬਜਾਏ ਸਰਬਸੰਮਤੀ ਦਾ ਰਾਹ ਅਪਣਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਨੂੰ ਪਾਰਟੀ ਆਗੂਆਂ ਅਤੇ ਵਰਕਰਾਂ ਦੀ ਪੂਰੀ ਹਮਾਇਤ ਹਾਸਲ ਹੈ। ਸਾਬਕਾ ਕੇਂਦਰੀ ਮੰਤਰੀ ਅਤੇ ਸੀਨੀਅਰ ਆਗੂ ਕੇ ਕੇ ਤਿਵਾੜੀ ਨੇ ਕਿਹਾ ਹੈ ਕਿ ਕੁਝ ਪਾਰਟੀ ਆਗੂਆਂ ਵੱਲੋਂ ਲੀਡਰਸ਼ਿਪ ’ਚ ਬਦਲਾਅ ਬਾਰੇ ਲਿਖਿਆ ਗਿਆ ਪੱਤਰ ਭਾਜਪਾ ਦੀ ਚਾਲ ਹੈ ਜੋ ‘ਕਾਂਗਰਸ ਮੁਕਤ ਭਾਰਤ’ ਦੇ ਏਜੰਡੇ ’ਤੇ ਚੱਲੀ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਆਗੂ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਵੱਲੋਂ ਫੈਲਾਏ ਜਾਲ ’ਚ ਫਸ ਗਏ ਹਨ।
ਸੀਡਬਲਿਊਸੀ ਦੀ ਭਲਕੇ ਹੋਣ ਵਾਲੀ ਮੀਟਿੰਗ ’ਚ ਵਿਰੋਧੀ ਸੁਰਾਂ ਵਾਲੇ ਆਗੂਆਂ ਦਾ ਸਾਹਮਣਾ ਕਰਨ ਲਈ ਗਾਂਧੀ ਪਰਿਵਾਰ ਸਮਰਥਕ ਬ੍ਰਿਗੇਡ ਵੀ ਤਿਆਰ ਹੈ। ਸੂਤਰਾਂ ਨੇ ਕਿਹਾ ਕਿ ਜੇਕਰ ਸੋਨੀਆ ਗਾਂਧੀ ਅਹੁਦਾ ਛੱਡਣ ਲਈ ਬਜ਼ਿਦ ਰਹੀ ਤਾਂ ਦੋ ਦਲਿਤ ਆਗੂਆਂ ਮਲਿਕਾਰਜੁਨ ਖੜਗੇ ਅਤੇ ਸੁਸ਼ੀਲ ਕੁਮਾਰ ਸ਼ਿੰਦੇ ਸਮੇਤ ਹੋਰ ਕਈ ਨਾਮ ਸਿਆਸੀ ਹਲਕਿਆਂ ’ਚ ਅੱਗੇ ਚੱਲ ਰਹੇ ਹਨ। ਸੂਤਰਾਂ ਨੇ ਕਿਹਾ ਕਿ ਜੇਕਰ ਆਗੂ ਦੇ ਨਾਮ ’ਤੇ ਕੋਈ ਸਹਿਮਤੀ ਨਾ ਬਣੀ ਅਤੇ ਰਾਹੁਲ ਗਾਂਧੀ ਪਾਰਟੀ ਦੀ ਕਮਾਨ ਸੰਭਾਲਣ ਤੋਂ ਇਨਕਾਰ ਕਰਨਗੇ ਤਾਂ ਸੋਨੀਆ ਗਾਂਧੀ ਨੂੰ ਸਹਿਯੋਗ ਦੇਣ ਲਈ ਮੀਤ ਪ੍ਰਧਾਨਾਂ ਦੀ ਨਿਯੁਕਤੀ ਦਾ ਨਵਾਂ ਰਾਹ ਵੀ ਕੱਢਿਆ ਜਾ ਸਕਦਾ ਹੈ।
ਉਧਰ ਕਾਂਗਰਸ ਦੇ 23 ਸੀਨੀਅਰ ਆਗੂਆਂ ਨੇ ਪ੍ਰਧਾਨ ਸੋਨੀਆ ਗਾਂਧੀ ਨੂੰ ਚਿੱਠੀ ਲਿਖ ਕੇ ਮੰਗ ਕੀਤੀ ਹੈ ਕਿ ਪਾਰਟੀ ਨੂੰ ਪੂਰੇ ਸਮੇਂ ਦੇ ਆਗੂ (ਲੀਡਰਸ਼ਿਪ) ਦੀ ਲੋੜ ਹੈ ਜੋ ਹੇਠਲੇ ਪੱਧਰ ’ਤੇ ਸਰਗਰਮ ਹੋਵੇ ਅਤੇ ਪਾਰਟੀ ਵਰਕਰਾਂ ਨੂੰ ਮਿਲ ਕੇ ਉਨ੍ਹਾਂ ਦੀਆਂ ਦਿੱਕਤਾਂ ਦੂਰ ਕਰੇ। ਉਨ੍ਹਾਂ ਪ੍ਰਦੇਸ਼ ਇਕਾਈਆਂ ਨੂੰ ਵਧੇਰੇ ਤਾਕਤਾਂ ਦੇਣ ਅਤੇ ਪਾਰਟੀ ਸੰਵਿਧਾਨ ਤਹਿਤ ਸੀਡਬਲਿਊਸੀ ’ਚ ਫੇਰਬਦਲ ਕਰਨ ਦੇ ਸੁਝਾਅ ਵੀ ਦਿੱਤੇ ਹਨ। ਚਿੱਠੀ ਲਿਖਣ ਵਾਲੇ ਆਗੂਆਂ ਨੇ ਕਾਂਗਰਸ ਵਰਕਿੰਗ ਕਮੇਟੀ ਬਣਾਉਣ ਅਤੇ ਉਸ ਦੇ ਕੰਮਕਾਜ ਦੇ ਢੰਗ ਦੀ ਵੀ ਆਲੋਚਨਾ ਕੀਤੀ ਹੈ। ਪਾਰਟੀ ਨੂੰ ਦਰਪੇਸ਼ ਚੁਣੌਤੀਆਂ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਫੌਰੀ ਆਗੂ ਦੀ ਚੋਣ ਹੋਣੀ ਚਾਹੀਦੀ ਹੈ ਤਾਂ ਜੋ ਪਾਰਟੀ ਦੀ ਸੁਰਜੀਤੀ ਲਈ ਸਾਂਝੇ ਯਤਨ ਕੀਤੇ ਜਾ ਸਕਣ।
ਚਿੱਠੀ ’ਚ ਉਨ੍ਹਾਂ ਕੇਂਦਰੀ ਸੰਸਦੀ ਬੋਰਡ ਅਤੇ ਕੇਂਦਰੀ ਚੋਣ ਕਮੇਟੀ ਦੇ ਪੁਨਰਗਠਨ ਦੀ ਮੰਗ ਵੀ ਕੀਤੀ ਹੈ। ਜ਼ਿਕਰਯੋਗ ਹੈ ਕਿ ਸੀਡਬਲਿਊਸੀ ਦੀਆਂ ਚੋਣਾਂ 1990 ਤੋਂ ਬਾਅਦ ਨਹੀਂ ਹੋਈਆਂ ਹਨ ਅਤੇ ਕਾਂਗਰਸ ‘ਸਰਬਸੰਮਤੀ’ ਬਣਾ ਕੇ ਸੀਡਬਲਿਊਸੀ ਟੀਮ ਚੁਣਦੀ ਆ ਰਹੀ ਹੈ। ਅਗਸਤ ਦੇ ਸ਼ੁਰੂ ’ਚ ਲਿਖੀ ਗਈ ਚਿੱਠੀ ’ਤੇ ਰਾਜ ਸਭਾ ’ਚ ਵਿਰੋਧੀ ਧਿਰ ਦੇ ਆਗੂ ਗੁਲਾਮ ਨਬੀ ਆਜ਼ਾਦ, ਕਪਿਲ ਸਿੱਬਲ, ਸ਼ਸ਼ੀ ਥਰੂਰ, ਆਨੰਦ ਸ਼ਰਮਾ, ਪੀ ਜੇ ਕੁਰੀਅਨ, ਮਨੀਸ਼ ਤਿਵਾੜੀ, ਰੇਣੂਕਾ ਚੌਧਰੀ, ਮਿਲਿੰਦ ਦਿਉੜਾ, ਅਜੈ ਸਿੰਘ, ਵਿਵੇਕ ਤਨਖਾ, ਸੀਡਬਲਿਊਸੀ ਮੈਂਬਰ ਮੁਕੁਲ ਵਾਸਨਿਕ ਅਤੇ ਜਿਤਿਨ ਪ੍ਰਸਾਦ, ਭੁਪਿੰਦਰ ਸਿੰਘ ਹੁੱਡਾ, ਰਾਜਿੰਦਰ ਕੌਰ ਭੱਠਲ, ਐੱਮ ਵੀਰੱਪਾ ਮੋਇਲੀ, ਪ੍ਰਿਥਵੀਰਾਜ ਚੌਹਾਨ, ਰਾਜ ਬੱਬਰ, ਅਰਵਿੰਦਰ ਸਿੰਘ ਲਵਲੀ, ਕੌਲ ਸਿੰਘ ਠਾਕੁਰ, ਕੁਲਦੀਪ ਸ਼ਰਮਾ, ਯੋਗਾਨੰਦ ਸ਼ਾਸਤਰੀ, ਸੰਦੀਪ ਦੀਕਸ਼ਿਤ ਅਤੇ ਅਖਿਲੇਸ਼ ਸਿੰਘ ਦੇ ਦਸਤਖ਼ਤ ਹਨ।
ਸੂਤਰਾਂ ਮੁਤਾਬਕ ਆਗੂਆਂ ਨੇ ਕਿਹਾ ਕਿ ਸੀਡਬਲਿਊਸੀ ਭਾਜਪਾ ਸਰਕਾਰ ਖਿਲਾਫ਼ ਲੋਕ ਰਾਏ ਬਣਾਉਣ ’ਚ ਢੁੱਕਵਾਂ ਮਾਰਗ ਦਰਸ਼ਨ ਨਹੀਂ ਕਰ ਰਹੀ ਹੈ। ਚਿੱਠੀ ’ਚ ਕਿਹਾ ਗਿਆ ਹੈ ਕਿ 2019 ਦੀਆਂ ਲੋਕ ਸਭਾ ਚੋਣਾਂ ’ਚ ਮਿਲੀ ਹਾਰ ਮਗਰੋਂ ਕਾਂਗਰਸ ਨੇ 14 ਮਹੀਨਿਆਂ ਬਾਅਦ ਵੀ ਇਮਾਨਦਾਰੀ ਨਾਲ ਪਾਰਟੀ ਦੇ ਲਗਾਤਾਰ ਨਿਵਾਣ ਵੱਲ ਜਾਣ ਦੀ ਪੜਚੋਲ ਨਹੀਂ ਕੀਤੀ ਹੈ। ਇਨ੍ਹਾਂ ਆਗੂਆਂ ਨੇ ਐੱਨਐੱਸਯੂਆਈ ਅਤੇ ਯੂਥ ਕਾਂਗਰਸ ਦੀਆਂ ਚੋਣਾਂ ਨੂੰ ਨਕਾਰਦਿਆਂ ਕਿਹਾ ਕਿ ਇਸ ਨਾਲ ਪਾਰਟੀ ਅੰਦਰ ਧੜੇਬੰਦੀ ਅਤੇ ਸੰਘਰਸ਼ ਪੈਦਾ ਹੋ ਰਿਹਾ ਹੈ।
ਚਿੱਠੀ ’ਚ ਰਾਹੁਲ ਗਾਂਧੀ ਦਾ ਜ਼ਿਕਰ ਨਹੀਂ ਕੀਤਾ ਗਿਆ ਹੈ ਪਰ ਇਨ੍ਹਾਂ ਜਥੇਬੰਦੀਆਂ ’ਚ ਚੋਣਾਂ ਦੀ ਸ਼ੁਰੂਆਤ ਉਨ੍ਹਾਂ ਹੀ ਕਰਵਾਈ ਸੀ। ਆਗੂਆਂ ਨੇ ਕਿਹਾ ਕਿ ਲੀਡਰਸ਼ਿਪ ਬਾਰੇ ਬੇਯਕੀਨੀ ਕਾਰਨ ਕਾਂਗਰਸ ਵਰਕਰਾਂ ਦੇ ਹੌਸਲੇ ਪਸਤ ਹਨ ਅਤੇ ਪਾਰਟੀ ਹੋਰ ਕਮਜ਼ੋਰ ਹੁੰਦੀ ਜਾ ਰਹੀ ਹੈ। ਉਂਜ ਪੱਤਰ ’ਚ ਜ਼ੋਰ ਦੇ ਕੇ ਕਿਹਾ ਗਿਆ ਹੈ ਕਿ ਨਹਿਰੂ-ਗਾਂਧੀ ਪਰਿਵਾਰ ਕਾਂਗਰਸ ਪਾਰਟੀ ਦੀ ਸਾਂਝੀ ਲੀਡਰਸ਼ਿਪ ਦਾ ਅਟੁੱਟ ਹਿੱਸਾ ਹਮੇਸ਼ਾ ਬਣਿਆ ਰਹੇਗਾ। ਕਾਂਗਰਸ ਆਗੂਆਂ ਨੇ ਕਿਹਾ ਕਿ ਜਮਹੂਰੀ ਅਤੇ ਧਰਮਨਿਰਪੱਖ ਤਾਕਤਾਂ ਦਾ ਕੌਮੀ ਗੱਠਜੋੜ ਬਣਾਉਣ ਲਈ ਪਹਿਲਕਦਮੀ ਕਰਨੀ ਚਾਹੀਦੀ ਹੈ।