ਕਾਰ ਵਿਚ ਆਏ ਦੋ ਚੋਰਾਂ ਨੇ ਲੰਘੀ ਰਾਤ ਸੈਕਟਰ-30 ਵਿਚ ਚੋਰੀ ਦੀਆਂ 15 ਘਟਨਾਵਾਂ ਨੂੰ ਅੰਜਾਮ ਦਿੱਤਾ। ਪੁਲੀਸ ਨੂੰ ਸੀਸੀਟੀਵੀ ਕੈਮਰਿਆਂ ਰਾਹੀਂ ਚੋਰਾਂ ਦੀ ਸੂਹ ਲੱਗੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਚੋਰ ਅੱਜ ਤੜਕੇ ਦੋ ਵਜੇ ਦੇ ਕਰੀਬ ਸੈਕਟਰ-30 ਵਿਚ ਪੁੱਜੇ ਅਤੇ ਘਰਾਂ ਦੇ ਬਾਹਰ ਖੜ੍ਹੇ ਵਾਹਨਾਂ ਵਿਚੋਂ ਬੈਟਰੀਆਂ ਚੋਰੀ ਕਰਨੀਆਂ ਸ਼ੁਰੂ ਕਰ ਦਿੱਤੀਆਂ। ਇਸੇ ਦੌਰਾਨ ਉਨ੍ਹਾਂ ਨੇ 14 ਵਾਹਨਾਂ ਦੀਆਂ ਬੈਟਰੀਆਂ ਖੋਲ੍ਹ ਕੇ ਚੋਰੀ ਕੀਤੀਆਂ। ਬਾਅਦ ਵਿਚ ਉਹ ਇਕ ਘਰ ਦੇ ਬਾਹਰ ਖੜ੍ਹੀ ਇਨੋਵਾ ਕਾਰ ਵੀ ਚੋਰੀ ਕਰ ਕੇ ਲੈ ਗਏ। ਸਵੇਰੇ ਉਹ ਕਾਰ ਸੈਕਟਰ-29 ਵਿਚ ਖੜ੍ਹੀ ਮਿਲੀ। ਪੁਲੀਸ ਅਨੁਸਾਰ ਕਾਰ ਵਿਚ ਤੇਲ ਖਤਮ ਹੋਣ ਕਾਰਨ ਚੋਰਾਂ ਨੂੰ ਮਜਬੂਰਨ ਇਨੋਵਾ ਕਾਰ ਉਥੇ ਹੀ ਛੱਡ ਕੇ ਫਰਾਰ ਹੋਣਾ ਪਿਆ। ਸੈਕਟਰ-30 ਦੇ ਵਸਨੀਕ ਬਲਦੇਵ ਸਿੰਘ ਨੇ ਦੱਸਿਆ ਕਿ ਚੋਰਾਂ ਨੇ ਉਸ ਦੇ ਘਰ ਦੇ ਬਾਹਰ ਖੜ੍ਹੀ ਕਾਰ ਵਿਚੋਂ ਵੀ ਬੈਟਰੀ ਚੋਰੀ ਕੀਤੀ ਹੈ। ਉਸ ਦੇ ਘਰ ਦੇ ਬਾਹਰ ਲੱਗੇ ਸੀਸੀਟੀਵੀ ਕੈਮਰਿਆਂ ਵਿਚ ਇਹ ਘਟਨਾ ਕੈਦ ਹੋ ਗਈ ਹੈ। ਕੈਮਰਿਆਂ ਦੀ ਰਿਕਾਰਡਿੰਗ ਅਨੁਸਾਰ ਦੋ ਚੋਰ ਤੜਕੇ 2.06 ਵਜੇ ਉਸ ਦੇ ਘਰ ਦੇ ਬਾਹਰ ਆਏ ਅਤੇ ਮਾਰੂਤੀ ਕਾਰ ਵਿਚੋਂ ਬੈਟਰੀ ਚੋਰੀ ਕਰਕੇ ਲੈ ਗਏ। ਇਥੋਂ ਦੇ ਹੀ ਇਕ ਹੋਰ ਵਸਨੀਕ ਪਰਮਜੀਤ ਸਿੰਘ ਨੇ ਦੱਸਿਆ ਕਿ ਚੋਰ ਉਸ ਦੀ ਮਾਰੂਤੀ ਕਾਰ ਵਿਚੋਂ ਵੀ ਬੈਟਰੀ ਚੋਰੀ ਕਰਕੇ ਲੈ ਗਏ ਹਨ। ਸਨਅਤੀ ਖੇਤਰ ਥਾਣੇ ਦੀ ਪੁਲੀਸ ਨੇ ਮੌਕੇ ’ਤੇ ਪੁੱਜ ਕੇ ਪੜਤਾਲ ਕੀਤੀ ਅਤੇ ਸੀਸੀਟੀਵੀ ਕੈਮਰੇ ਦੀ ਰਿਕਾਰਡਿੰਗ ਆਪਣੇ ਕਬਜ਼ੇ ਵਿਚ ਲੈ ਕੇ ਚੋਰਾਂ ਦੀ ਸ਼ਨਾਖਤ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ। ਦੱਸਣਯੋਗ ਹੈ ਕਿ ਪਿੱਛਲੇ ਦਿਨੀਂ ਚੋਰਾਂ ਦੇ ਗਰੋਹ ਨੇ ਸੈਕਟਰ-32 ਦੀ ਮਾਰਕੀਟ ਵਿਚਲੀਆਂ ਕਈ ਦੁਕਾਨਾਂ ਨੂੰ ਸੰਨ੍ਹ ਲਾ ਕੇ ਲੁੱਟ ਕੀਤੀ ਸੀ ਅਤੇ ਇਸ ਘਟਨਾ ਨੂੰ ਅੰਜਾਮ ਦੇਣ ਵਾਲਿਆਂ ਦੀ ਫੁਟੇਜ ਸੀਸੀਟੀਵੀ ਕੈਮਰਿਆਂ ਵਿਚ ਕੈਦ ਹੋ ਗਈ ਸੀ। ਪੁਲੀਸ ਨੇ ਇਸ ਘਟਨਾ ਲਈ ਵਰਤੀ ਕਾਰ ਦੀ ਭਾਵੇਂ ਪਛਾਣ ਕਰ ਲਈ ਸੀ ਪਰ ਅਜੇ ਤਕ ਚੋਰ ਹੱਥ ਨਹੀਂ ਲੱਗੇ ਹਨ। ਚੇਤੇ ਕਰਵਾਇਆ ਜਾਂਦਾ ਹੈ ਕਿ ਪਿੱਛਲੇ ਸਮੇਂ ਚੋਰਾਂ ਦੇ ਗਰੋਹ ਨੇ ਅੱਜ ਦੀ ਘਟਨਾ ਵਾਂਗ ਹੀ ਰਾਮ ਦਰਬਾਰ ਦੀ ਇਕ ਵਰਕਸ਼ਾਪ ਦੇ ਬਾਹਰ ਖੜ੍ਹੇ ਵਾਹਨਾਂ ਦੀ ਤੋੜ-ਭੰਨ ਕਰਕੇ ਸਾਮਾਨ ਚੋਰੀ ਕਰ ਲਿਆ ਸੀ।
INDIA ਸੈਕਟਰ-30 ਵਿਚ 14 ਕਾਰਾਂ ਦੀਆਂ ਬੈਟਰੀਆਂ ਚੋਰੀ