ਚੰਡੀਗੜ੍ਹ ਨਗਰ ਨਿਗਮ ਦੇ ਕਬਜ਼ੇ ਹਟਾਊ ਦਸਤੇ ਨੇ ਅੱਜ ਤੜਕੇ ਇਥੇ ਸੈਕਟਰ-22 ਦੀ ਮਾਰਕੀਟ ਵਿੱਚ ਨਾਜਾਇਜ਼ ਕਬਜ਼ੇ ਹਟਾ ਕੇ ਸਾਮਾਨ ਜ਼ਬਤ ਕੀਤਾ ਅਤੇ ਡਿਫਾਲਟਰਾਂ ਦੇ ਚਲਾਨ ਕੱਟੇ। ਨਗਰ ਨਿਗਮ ਨੇ ਸ਼ਹਿਰ ਦੀਆਂ ਮਾਰਕੀਟਾਂ ਵਿੱਚ ਰੇਹੜੀ ਫੜ੍ਹੀਆਂ ਵਾਲਿਆਂ ਵਲੋਂ ਆਪਣਾ ਸਾਮਾਨ ਰਾਤ ਨੂੰ ਫੜ੍ਹੀਆਂ ਲਗਾਉਣ ਵਾਲੀਆਂ ਥਾਵਾਂ ’ਤੇ ਹੀ ਛੱਡਣ ਦਾ ਸਖਤ ਨੋਟਿਸ ਲੈਂਦੇ ਹੋਏ ਕਬਜ਼ਾਕਾਰੀਆਂ ਖ਼ਿਲਾਫ਼ ਕਾਰਵਾਈ ਕਰਨ ਦੇ ਹੁਕਮ ਜਾਰੀ ਕੀਤੇ ਸਨ। ਇਸ ਮਗਰੋਂ ਨਿਗਮ ਦੀ ਕਬਜ਼ਾ ਹਟਾਊ ਟੀਮ ਨੇ ਅੱਜ ਸੈਕਟਰ-22 ਦੀ ਮਾਰਕੀਟ ਵਿੱਚ ਤੜਕੇ ਪੰਜ ਵਜੇ ਡਿਫਾਲਟਰਾਂ ਦਾ ਸਾਮਾਨ ਜ਼ਬਤ ਕਰ ਲਿਆ। ਨਿਗਮ ਅਨੁਸਾਰ ਇਸ ਮੁਹਿੰਮ ਦੌਰਾਨ ਕੁੱਲ 226 ਡਿਫਾਲਟਰਾਂ ਦਾ ਸਾਮਾਨ ਜ਼ਬਤ ਕਰ ਕੇ ਚਲਾਨ ਕੱਟੇ ਗਏ। ਨਿਗਮ ਅਧਿਕਾਰੀਆਂ ਅਨੁਸਾਰ ਰੇੜ੍ਹੀਆਂ ਤੇ ਫੜ੍ਹੀਆਂ ਵਾਲੇ ਰਾਤ ਵੇਲੇ ਸਾਮਾਨ ਉਥੇ ਹੀ ਬੈਂਚਾਂ ਜਾਂ ਮੰਜਿਆਂ ’ਤੇ ਤਰਪਾਲ ਨਾਲ ਢੱਕ ਕੇ ਚਲੇ ਜਾਂਦੇ ਹਨ ਅਤੇ ਸਵੇਰੇ ਮੁੜ ਫੜ੍ਹੀਆਂ ਲਗਾ ਲੈਂਦੇ ਹਨ। ਨਿਗਮ ਅਧਿਕਾਰੀਆਂ ਅਨੁਸਾਰ ਇਹ ਗੈਰਕਾਨੂੰਨੀ ਕਾਰਵਾਈ ਹੈ। ਨਿਗਮ ਨੇ ਇਸ ਤੋਂ ਪਹਿਲਾ ਵੀ ਸੈਕਟਰ-19 ਤੇ ਸੈਕਟਰ-22 ਦੀਆਂ ਮਾਰਕੀਟਾਂ ਵਿੱਚ ਅਜਿਹੀ ਮੁਹਿੰਮ ਚਲਾਈ ਸੀ ਅਤੇ ਸਾਮਾਨ ਜ਼ਬਤ ਕੀਤਾ ਸੀ। ਇਸ ਦੇ ਬਾਵਜੂਦ ਸ਼ਹਿਰ ਵਿੱਚ ਵੈਂਡਰ ਐਕਟ ਦੀ ਆੜ ਹੇਠ ਰੋਜ਼ਾਨਾ ਨਾਜਾਇਜ਼ ਕਬਜ਼ਿਆਂ ਵਿੱਚ ਵਾਧਾ ਹੋ ਰਿਹਾ ਹੈ। ਸ਼ਹਿਰ ਦਾ ਕੋਈ ਹੀ ਬਾਜ਼ਾਰ, ਜਨਤਕ ਥਾਂ ਜਾਂ ਪਾਰਕ ਅਜਿਹੇ ਕਬਜ਼ਿਆਂ ਤੋਂ ਨਹੀਂ ਬਚੇ ਹਨ। ਨਿਗਮ ਦੇ ਕਬਜ਼ੇ ਹਟਾਊ ਦਸਤੇ ਦੀਆਂ ਟੀਮਾਂ ਰੋਜ਼ਾਨਾ ਆਪਣੇ ਇਲਾਕਿਆਂ ਵਿੱਚ ਗੇੜਾ ਮਾਰ ਕੇ ਇੱਕ-ਦੁੱਕਾ ਚਲਾਨ ਕੱਟੇ ਕੇ ਨਿਗਮ ਪ੍ਰਸ਼ਾਸਨ ਨੂੰ ਇਹ ਸਾਬਤ ਕਰਨ ਦੀ ਕੋਸ਼ਿਸ਼ ਕਰਦੀਆਂ ਹਨ ਕਿ ਸ਼ਹਿਰ ਵਿੱਚ ਕੋਈ ਨਵਾਂ ਕਬਜ਼ਾ ਨਹੀਂ ਹੋਇਆ ਅਤੇ ਜੋ ਵੀ ਰੇਹੜੀ ਤੇ ਫੜ੍ਹੀ ਵਾਲੇ ਕਬਜ਼ੇ ਕਰ ਕੇ ਬੈਠੇ ਹਨ, ਉਹ ਵੈਂਡਰ ਐਕਟ ਦੇ ਅਧੀਨ ਨਿਗਮ ਕੋਲ ਰਜਿਸਟਰਡ ਹਨ।
INDIA ਸੈਕਟਰ-22 ਵਿੱਚ ਨਾਜਾਇਜ਼ ਕਬਜ਼ੇ ਹਟਾਏ