ਚੰਡੀਗੜ੍ਹ ਪੁਲੀਸ ਨੇ ਸੈਕਟਰ-22 ਵਿੱਚ ਦੋ ਸਕੀਆਂ ਭੈਣਾਂ ਮਨਪ੍ਰੀਤ ਕੌਰ ਤੇ ਰਾਜਵੰਤ ਕੌਰ ਦਾ ਕਤਲ ਦੇ ਦੋਸ਼ ਹੇਠ ਫੜੇ ਮੁਲਜ਼ਮ ਕੁਲਦੀਪ ਨੂੰ ਅੱਜ ਅਦਾਲਤ ਵਿਚ ਪੇਸ਼ ਕਰਕੇ ਦੋ ਦਿਨਾਂ ਦਾ ਪੁਲੀਸ ਰਿਮਾਂਡ ਹਾਸਲ ਕੀਤਾ ਹੈ। ਪੁਲੀਸ ਨੇ ਚਾਰ ਦਿਨਾਂ ਦਾ ਪੁਲੀਸ ਰਿਮਾਂਡ ਮੰਗਿਆ ਸੀ ਪਰ ਅਦਾਲਤ ਨੇ ਕੇਵਲ ਦੋ ਦਿਨਾਂ ਦਾ ਪੁਲੀਸ ਰਿਮਾਂਡ ਹੀ ਦਿੱਤਾ ਹੈ। ਪੁਲੀਸ ਨੇ ਅਦਾਲਤ ਨੂੰ ਦੱਸਿਆ ਸੀ ਕਿ ਮੁਲਜ਼ਮ ਵੱਲੋਂ ਦੋਵਾਂ ਭੈਣਾਂ ਨੂੰ ਕਤਲ ਕਰਨ ਲਈ ਵਰਤੇ ਕੈਂਚੀਨੁਮਾ ਹਥਿਆਰ ਨੂੰ ਬਰਾਮਦ ਕਰਨਾ ਹੈ। ਪੁਲੀਸ ਅਨੁਸਾਰ ਮੁਲਜ਼ਮ ਨੇ ਕੁੜੀਆਂ ਦੇ ਕਮਰੇ ਵਿਚ ਹੀ ਪਏ ਕੈਂਚੀ ਦੇ ਇਕ ਹਿੱਸੇ ਨਾਲ ਦੋਵਾਂ ਭੈਣਾਂ ਉਪਰ ਵਾਰ ਕਰਕੇ ਕਤਲ ਦੀ ਘਟਨਾ ਨੂੰ ਅੰਜਾਮ ਦਿੱਤਾ ਸੀ। ਇਸ ਤੋਂ ਇਲਾਵਾ ਮੁਲਜ਼ਮ ਜਿਸ ਮੋਟਰਸਾਈਕਲ ’ਤੇ 15 ਅਗਸਤ ਨੂੰ ਤੜਕੇ ਸੈਕਟਰ 22 ਸਥਿਤ ਕੁੜੀਆਂ ਦੇ ਕਮਰੇ ਵਿਚ ਆਇਆ ਸੀ, ਉਸ ਨੂੰ ਵੀ ਬਰਾਮਦ ਕਰਨਾ ਬਾਕੀ ਹੈ। ਦੱਸਣਯੋਗ ਹੈ ਕਿ ਪੁਲੀਸ ਨੇ ਮੁਲਜ਼ਮ ਵੱਲੋਂ ਕਤਲ ਕਰਨ ਵੇਲੇ ਪਾਏ ਕਪੜੇ ਬਰਾਮਦ ਕਰ ਲਏ ਹਨ ਜੋ ਖੂਨ ਨਾਲ ਭਰੇ ਪਏ ਹਨ। ਪੁਲੀਸ ਅਨੁਸਾਰ ਇਨ੍ਹਾਂ ਕਪੜਿਆਂ ਦੀ ਬਰਾਮਦਗੀ ਨਾਲ ਉਨ੍ਹਾਂ ਦਾ ਕੇਸ ਮਜਬੁੂਤ ਹੋਇਆ ਹੈ। ਪੁਲੀਸ ਇਨ੍ਹਾਂ ਕਪੜਿਆਂ ਨੂੰ ਸੈਂਟਰਲ ਫੌਰੈਂਸਿਕ ਸਾਇੰਸ ਲੈਬਾਰਟਰੀ (ਸੀਐਫਐਸਐਲ) ਭੇਜ ਕੇ ਇਨ੍ਹਾਂ ਉਪਰ ਲੱਗੇ ਕੁੜੀਆਂ ਦੇ ਖੂਨ ਦੀ ਪੁਸ਼ਟੀ ਕਰੇਗੀ। ਉਧਰ, ਪੋਸਟਮਾਰਟਮ ਦੀ ਰਿਪੋਰਟ ਵਿਚ ਸਾਫ ਹੋ ਗਿਆ ਹੈ ਕਿ ਮੁਲਜ਼ਮ ਨੇ ਬੜੀ ਬੇਰਹਿਮੀ ਨਾਲ ਦੋਵਾਂ ਭੈਣਾਂ ਦਾ ਕਤਲ ਕੀਤਾ ਹੈ। ਵੱਡੀ ਭੈਣ ਮਨਪ੍ਰੀਤ ਕੌਰ ਦੇ ਸਰੀਰ ਉਪਰ 7-8 ਜ਼ਖਮ ਹਨ ਜਦਕਿ ਛੋਟੀ ਭੈਣ ਦੇ ਸਰੀਰ ’ਤੇ 3 ਜ਼ਖਮ ਹਨ। ਬਹੁਤੇ ਜ਼ਖਮ ਦੋਵਾਂ ਦੀਆਂ ਗਰਦਨਾਂ ’ਤੇ ਹਨ। ਪੁਲੀਸ ਅਨੁਸਾਰ ਮੁਲਜ਼ਮ ਨੇ ਪਹਿਲਾਂ ਦੋਵਾਂ ਭੈਣਾਂ ਦਾ ਗੋਲਾ ਘੋਟਿਆ ਅਤੇ ਫਿਰ ਚੁੰਨੀ ਨਾਲ ਵੀ ਉਨ੍ਹਾਂ ਦਾ ਗਲਾ ਦਬਾਇਆ ਸੀ। ਇਸ ਤੋਂ ਬਾਅਦ ਉਸ ਨੇ ਕੈਂਚੀਨੁਮਾ ਹਥਿਆਰ ਨਾਲ ਉਨ੍ਹਾਂ ਦੀਆਂ ਗਰਦਨਾਂ ’ਤੇ ਵਾਰ ਕਰਕੇ ਉਨ੍ਹਾਂ ਦੀ ਜਾਨ ਲਈ ਸੀ। ਪੁਲੀਸ ਅਨੁਸਾਰ ਮੁਲਜ਼ਮ ਕੁਲਦੀਪ ਏਨੇ ਕਰੋਧ ਵਿਚ ਸੀ ਕਿ ਉਸ ਨੇ ਦੋਵਾਂ ਭੈਣਾਂ ਦੇ ਸਿਰ ਵੀ ਪਟਕਾ ਕੇ ਕੰਧਾਂ ਨਾਲ ਮਾਰੇ ਸਨ। ਪੁਲੀਸ ਅਨੁਸਾਰ ਕੁੜੀਆਂ ਆਪਣੀਆਂ ਜਾਨਾਂ ਬਚਾਉਣ ਲਈ ਬਥੇਰੇ ਹੱਥ-ਪੈਰ ਮਾਰੇ ਪਰ ਅਖੀਰ ਉਹ ਹਾਰ ਗਈਆਂ। ਉਧਰ ਦੋਵਾਂ ਭੈਣਾਂ ਦੇ ਉਨ੍ਹਾਂ ਦੇ ਜੱਦੀ ਪਿੰਡ ਬਲੂਆਣਾ (ਫਾਜ਼ਿਲਕਾ) ਵਿਚ ਅੱਜ ਸਸਕਾਰ ਕਰ ਦਿੱਤੇ ਹਨ।
INDIA ਸੈਕਟਰ-22 ਮਾਮਲਾ: ਹੱਤਿਆ ਦਾ ਮੁਲਜ਼ਮ ਪੁਲੀਸ ਰਿਮਾਂਡ ’ਤੇ