ਘਰਾਂ ਨੂੰ ਜਾਣ ਲਈ ਕਾਹਲੇ ਪਰਵਾਸੀਆਂ ਵੱਲੋਂ ਪੁਲੀਸ ’ਤੇ ਪੱਥਰਬਾਜ਼ੀ
ਸੂਰਤ (ਸਮਾਜਵੀਕਲੀ) – ਲੌਕਡਾਊਨ ਮਗਰੋਂ ਰੁਜ਼ਗਾਰ ਖੁੱਸਣ ਕਰਕੇ ਆਪਣੇ ਪਿੱਤਰੀ ਰਾਜਾਂ ਨੂੰ ਮੁੜਨ ਲਈ ਕਾਹਲੇ ਪਰਵਾਸੀ ਮਜ਼ਦੂਰਾਂ ਨੇ ਅੱਜ ਗੁਜਰਾਤ ਦੇ ਸੂਰਤ ਜ਼ਿਲ੍ਹੇ ਵਿੱਚ ਪੁਲੀਸ ’ਤੇ ਪੱਥਰਬਾਜ਼ੀ ਕੀਤੀ। ਰੋਹ ਵਿੱਚ ਆਏ ਪੁਲੀਸ ਮੁਲਾਜ਼ਮਾਂ ਨੇ ਹਜੂਮ ਨੂੰ ਕਾਬੂ ਕਰਨ ਲਈ ਜਿੱਥੇ ਅੱਥਰੂ ਗੈਸ ਦੇ ਗੋਲੇ ਦਾਗ਼ੇ, ਉਥੇ ਕਾਬੂ ਆਏ ਪਰਵਾਸੀ ਕਾਮਿਆਂ ’ਤੇ ਲਾਠੀਚਾਰਜ ਵੀ ਕੀਤਾ।
ਇਕ ਅਧਿਕਾਰੀ ਨੇ ਕਿਹਾ ਕਿ ਪਰਵਾਸੀ ਕਾਮਿਆਂ ਤੇ ਪੁਲੀਸ ਦਰਮਿਆਨ ਝੜਪ ਦੀ ਇਹ ਘਟਨਾ ਸੂਰਤ ਦੇ ਬਾਹਰਵਾਰ ਵਰੇਲੀ ਪਿੰਡ ਨਜ਼ਦੀਕ ਵਾਪਰੀ। ਅਧਿਕਾਰੀ ਮੁਤਾਬਕ ਪਰਵਾਸੀ ਕਾਮੇ ਉਨ੍ਹਾਂ ਨੂੰ ਆਪੋ ਆਪਣੇ ਪਿੱਤਰੀ ਰਾਜਾਂ ਵਿੱਚ ਵਾਪਸ ਭੇਜੇ ਜਾਣ ਦੀ ਮੰਗ ਕਰ ਰਹੇ ਸਨ।
ਝੜੱਪ ਦੌਰਾਨ ਮਜ਼ਦੂਰਾਂ ਨੇ ਸੂਰਤ-ਵਡੋਦਰਾ ਸੜਕ ਕੰਢੇ ਖੜ੍ਹੇ ਕੁਝ ਵਾਹਨਾਂ ਨੂੰ ਵੀ ਨੁਕਸਾਨ ਪਹੁੰਚਾਇਆ। ਪਰਵਾਸੀ ਕਾਮਿਆਂ ਨੇ ਸੁਰੱਖਿਆ ਡਿਊਟੀ ’ਤੇ ਤਾਇਨਾਤ ਮੁਲਾਜ਼ਮਾਂ ਦੇ ਪੱਥਰ ਮਾਰੇ। ਜਵਾਬੀ ਕਾਰਵਾਈ ਵਿੱਚ ਪੁਲੀਸ ਨੇ ਕਾਮਿਆਂ ’ਤੇ ਅੱਥਰੂ ਗੈਸ ਦੇ ਗੋਲੇ ਦਾਗੇ ਤੇ ਲਾਠੀਚਾਰਜ ਕੀਤਾ।
ਪੁਲੀਸ ਨੇ ਮਗਰੋਂ ਕੁਝ ਨੂੰ ਹਿਰਾਸਤ ਵਿੱਚ ਲੈ ਕੇ ਸਥਿਤੀ ’ਤੇ ਕਾਬੂ ਪਾਇਆ। ਇਹਤਿਆਤ ਵਜੋਂ ਖੇਤਰ ਵਿੱਚ ਸੁਰੱਖਿਆ ਵਧਾ ਦਿੱਤੀ ਗਈ ਹੈ। ਕਾਬਿਲੇਗੌਰ ਹੈ ਕਿ ਲੌਕਡਾਊਨ ਕਰਕੇ ਆਈ ਆਰਥਿਕ ਮੰਦੀ ਮਗਰੋਂ 14 ਕਰੋੜ ਪਰਵਾਸੀ ਕਾਮਿਆਂ ਲਈ ਰੋਜ਼ੀ ਰੋਟੀ ਦਾ ਜੁਗਾੜ ਕਰਨਾ ਔਖਾ ਹੋ ਗਿਆ ਹੈ ਤੇ ਰੁਜ਼ਗਾਰ ਖੁੱਸਣ ਕਰਕੇ ਉਹ ਆਪਣੇ ਪਿੱਤਰੀ ਰਾਜਾਂ ਨੂੰ ਜਾਣ ਲਈ ਕਾਹਲੇ ਹਨ ।