ਮੁੰਬਈ (ਸਮਾਜ ਵੀਕਲੀ) : ਫਿਲਮਸਾਜ਼ ਅਭਿਸ਼ੇਕ ਸ਼ਰਮਾ ਨੇ ਕਿਹਾ ਹੈ ਕਿ ਉਨ੍ਹਾਂ ਦੀ ਨਵੀਂ ਫਿਲਮ ‘ਸੂਰਜ ਪੇ ਮੰਗਲ ਭਾਰੀ’ ਸਮਾਜ ’ਤੇ ਤਨਜ਼ ਕਸਣ ਵਾਲੀ ਹੈ। ਜੋੜੀਆਂ ਬਣਾਉਣ ਲਈ ਲੋਕਾਂ ਵੱਲੋਂ ਟੇਵੇ ਮਿਲਾਉਣ ਦੀ ਪ੍ਰਥਾ ’ਤੇ ਇਸ ਫਿਲਮ ਰਾਹੀਂ ਵਿਅੰਗ ਕਸਿਆ ਗਿਆ ਹੈ। ਫਿਲਮ ’ਚ ਮਨੋਜ ਬਾਜਪਾਈ, ਦਿਲਜੀਤ ਦੁਸਾਂਝ ਅਤੇ ਫਾਤਿਮਾ ਸਨਾ ਸ਼ੇਖ ਅਹਿਮ ਭੂਮਿਕਾਵਾਂ ’ਚ ਹਨ।
ਫਿਲਮ ’ਚ ਮਨੋਜ ਬਾਜਪਾਈ ਜਾਸੂਸ ਦੀ ਭੂਮਿਕਾ ਨਿਭਾ ਰਿਹਾ ਹੈ ਜੋ ਲਾੜਿਆਂ ਦੇ ਪਿਛੋਕੜ ਦੀ ਪੜਤਾਲ ਕਰਦਾ ਨਜ਼ਰ ਆਊਂਦਾ ਹੈ। ਸ਼ਰਮਾ ਨੇ ਕਿਹਾ ਕਿ ਇਹ ਪਰਿਵਾਰਕ-ਕਾਮੇਡੀ ਫਿਲਮ ਹੈ। ਉਨ੍ਹਾਂ ਇਸ ਤੋਂ ਪਹਿਲਾਂ ਕਾਮੇਡੀ ਫਿਲਮ ‘ਤੇਰੇ ਬਿਨ ਲਾਦੇਨ’ ਬਣਾਈ ਸੀ। ਉਨ੍ਹਾਂ ਕਿਹਾ ਕਿ ਫਿਲਮ ਬਣਾ ਕੇ ਬਹੁਤ ਮਜ਼ਾ ਆਇਆ ਕਿਉਂਕਿ ਸਾਰੇ ਹੰਢੇ ਹੋਏ ਕਲਾਕਾਰ ਹਨ ਅਤੇ ਉਨ੍ਹਾਂ ਨੂੰ ਬਹੁਤਾ ਕੁਝ ਸਿਖਾਉਣ ਦੀ ਲੋੜ ਨਹੀਂ ਪਈ। ਫਿਲਮ ਦੀ ਸ਼ੂਟਿੰਗ ਮੁਕੰਮਲ ਹੋ ਗਈ ਹੈ ਅਤੇ ਇਸ ਨੂੰ ਸਾਲ ਦੇ ਅਖੀਰ ’ਚ ਰਿਲੀਜ਼ ਕੀਤਾ ਜਾ ਸਕਦਾ ਹੈ।