“ਸੂਰਜਾਂ ਦੀ ਕੀ ਗੱਲ ਕਰਦੈਂ”

(ਸਮਾਜ ਵੀਕਲੀ)

” ਤੂੰ ਨਿੱਤ ਚੜ੍ਹਦਿਆਂ ਨੂੰ ਕਰੇ ਸਲਾਮਾਂ,ਤੇ ਮੈਂ ਡੁੱਬਦਿਆਂ ਨੂੰ ਫੜਦਾ ਹਾਂ,
ਤੂੰ ਸੂਰਜਾਂ ਦੀ ਕੀ ਗੱਲ ਕਰਦੈਂ,ਮੈਂ ਸਾਗਰ ਬੁੱਕ ਵਿੱਚ ਭਰਦਾ ਹਾਂ …;

ਤਲਖ਼ ਤੰਗੀਆਂ ਵਿੱਚ ਹੱਸਦਾ ਰਹਿਨਾਂ, ਖਿੜਦੇ ਫੁੱਲਾਂ ਵਾਂਗੂੰ,
ਸ਼ਰੇ ਬਜ਼ਾਰ ਮੈਂ ਵਿਕਦਾ ਰਹਿਨਾਂ ਮਹਿੰਗੇ ਮੁੱਲਾਂ ਵਾਂਗੂੰ;
ਸਿਆਹ ਹਨ੍ਹੇਰੀ ਰਾਤ ਦੇ ਵਿੱਚ ਵੀ ਬਣਕੇ ਚਾਨਣ ਚੜ੍ਹਦਾ ਹਾਂ,
ਤੂੰ ਸੂਰਜਾਂ ਦੀ ਕੀ ਗੱਲ ਕਰਦੈਂ,ਮੈਂ ਸਾਗਰ ਬੁੱਕ ਵਿੱਚ ਭਰਦਾ ਹਾਂ …;

ਫਿੱਕੜੀ ਜਹੀ ਇਸ ਦੁਨੀਆਂ ਅੰਦਰ ਸੱਤ ਰੰਗ ਨੇ ਵੇਖ ਪਿਆਰਾਂ ਦੇ,
ਹਾਸੇ ਵੰਡ ਤੇ ਦਰਦ ਵੰਡਾ ਲੈ,ਕੁੱਝ ਨਹੀਂ ਵਿੱਚ ਤਕਰਾਰਾਂ ਦੇ;
ਹੱਸਦਾ ਵੱਸਦਾ ਪੰਜਾਬ ਰਹੇ,ਅੱਠੇ ਪਹਿਰ ਦੁਆਵਾਂ ਕਰਦਾ ਹਾਂ…;

ਪੰਜ ਨਮਾਜ਼ਾਂ ,ਤਸਵੀ ਫੇਰੀ ,ਬਾਣੀ ਵਿੱਚ ਰੱਬ ਦਾ ਨਾਮ ਲਿਆ,
ਪਾਪ,ਪਖੰਡ ਤੇ ਭਰਮ ਹੋਇਆ ਹੁਣ ਤਾਂ ਰੱਬ ਦਾ ਨਾਮ ਜਿਹਾ;
ਖ਼ੁਦਾ ਹੋ ਗਿਆ ਪੱਥਰ ਮੇਰਾ,ਪੱਥਰੋਂ ਖ਼ੁਦਾ ਨੂੰ ਘੜਦਾ ਹਾਂ,
ਤੂੰ ਸੂਰਜਾਂ ਦੀ ਕੀ ਗੱਲ ਕਰਦੈਂ,ਮੈਂ ਸਾਗਰ ਬੁੱਕ ਵਿੱਚ ਭਰਦਾ ਹਾਂ …;

ਕਲਮ,ਕਾਗਜ਼ ਤੇ ਲਹੂ ਸਿਆਹੀ,ਨਾਲ ਲਿਖਦਾਂ ਤਲਖ਼ ਹਕੀਕਤਾਂ ਨੂੰ,
’47 , ’84 ਦੇ ਘੱਲੂਘਾਰੇ,ਮੇਰੀ ਹਿੱਕ ‘ਤੇ ਹੰਢਾਈਆਂ ਮੁਸੀਬਤਾਂ ਨੂੰ;
ਇਹ ਕਾਲੇ ਦੌਰ ਦੇ ਦਿਨਾਂ ਦੇ ਵਿੱਚ ਵੀ ਇੱਕ ਆਸ ਦਾ ਜੁਗਨੂੰ ਫੜਦਾ ਹਾਂ,
ਤੂੰ ਸੂਰਜਾਂ ਦੀ ਕੀ ਗੱਲ ਕਰਦੈਂ,ਮੈਂ ਸਾਗਰ ਬੁੱਕ ਵਿੱਚ ਭਰਦਾ ਹਾਂ …;

ਜ਼ਬਰ, ਜ਼ੁਲਮ ਨਾਲ ਮੱਥਾ ਲਾਉਣਾ,ਸਿਦਕ ਸਾਡੀ ‘ਚੋਂ ਮਿਲਿਆ ਏ,
ਸਾਡੀ ਇੱਕ ਲਲਕਾਰ ਦੇ ਅੱਗੇ ,ਤਖ਼ਤ ਢਹਿ ਗਏ ਕਿਲਿਆਂ ਦੇ;
ਇੱਕ ਹੱਥ ਵਿੱਚ ਤੇਗ਼ ਹਾਂ ਫੜਦਾ,ਇੱਕ ਹੱਥ ‘ਤੇ ਸ਼ੀਸ਼ ਮੈਂ ਧਰਦਾ ਹਾਂ,
ਤੂੰ ਸੂਰਜਾਂ ਦੀ ਕੀ ਗੱਲ ਕਰਦੈਂ,ਮੈਂ ਸਾਗਰ ਬੁੱਕ ਵਿੱਚ ਭਰਦਾ ਹਾਂ …!! ”

ਹਰਕਮਲ ਧਾਲੀਵਾਲ
ਮੋ:-8437403720

Previous articleਮਿਹਨਤ ਕਰਨ ਨਾਲ ਸਫਲਤਾ ਜਰੂਰ ਮਿਲਦੀ ਹੈ- ਰਜਨੀ ਸ਼੍ਰੀਧਰ
Next articleਕਵਿਤਾ