ਪਿੰਡ ਭੁੱਚੋ ਕਲਾਂ ਦੇ ਰਜਵਾਹੇ ਦਾ ਨਵਾਂ ਉਸਾਰਿਆ ਪੁਲ ਚਾਲੂ ਕਰਨ ਤੋਂ ਅਗਲੇ ਹੀ ਦਿਨ ਟੁੱਟਣ ਦੇ ਵਿਰੋਧ ਵਿੱਚ ਪਿੰਡ ਵਾਸੀਆਂ ਨੇ ਵਿਖਾਵਾ ਕੀਤਾ ਅਤੇ ਅਧਿਕਾਰੀਆਂ ਤੇ ਠੇਕੇਦਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਮਾਸਟਰ ਜਗਸੀਰ ਸਿੰਘ ਅਤੇ ਭੁੱਚੋ ਕਲਾਂ ਇਕਾਈ ਦੇ ਵਰਕਰਾਂ ਨੇ ਕਿਹਾ ਕਿ ਕੈਪਟਨ ਦੇ ਰਾਜ ਵਿੱਚ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੈ। ਬੀਐਂਡਆਰ ਵੱਲੋਂ ਭੁੱਚੋ-ਨਥਾਣਾ ਸੜਕ ਬਣਾਉਣ ਸਮੇਂ ਪਿੰਡ ਭੁੱਚੋ ਕਲਾਂ ਦੇ ਰਜਵਾਹੇ ਦਾ ਪੁਲ ਬਣਾ ਕੇ ਉਸ ਨੂੰ ਕੱਲ ਸ਼ਾਮੀਂ ਚਾਲੂ ਕੀਤਾ ਗਿਆ ਸੀ। ਅੱਜ ਟਰੱਕ ਲੰਘਣ ਸਮੇਂ ਪੁੱਲ ਦੀ ਸਲੈਬ ਟੁੱਟ ਗਈ।
ਪਿੰਡ ਵਾਸੀਆਂ ਨੇ ਕਿਹਾ ਕਿ ਸੜਕ ਦੇ ਕੰਮ ’ਚ ਵਰਤੀ ਗਈ ਕਥਿਤ ਲਾਪ੍ਰਵਾਹੀ ਅਤੇ ਘਪਲੇਬਾਜ਼ੀ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ । ਉਨ੍ਹਾਂ ਕਿਹਾ ਕਿ ਸੜਕ ਦੇ ਨਿਰਮਾਣ ਅਤੇ ਪੁਲੀ ਦੀ ਸਲੈਬ ਪਾਉਂਦੇ ਸਮੇਂ ਸਬੰਧਤ ਵਿਭਾਗ ਦੇ ਉੱਚ ਅਧਿਕਾਰੀਆਂ ਦਾ ਮੌਕੇ ‘ਤੇ ਹਾਜ਼ਰ ਹੋਣਾ ਜ਼ਰੂਰੀ ਹੁੰਦਾ ਹੈ ਪਰ ਕੋਈ ਅਧਿਕਾਰੀ ਨਜ਼ਰ ਨਹੀਂ ਆਇਆ।
ਉਨ੍ਹਾਂ ਮੰਗ ਕੀਤੀ ਕਿ ਪੁਲ ਦੀ ਮੁਰੰਮਤ ਕਰਕੇ ਬੁੱਤਾ ਨਾ ਸਾਰਿਆ ਜਾਵੇ, ਸਗੋਂ ਇਸ ਸਲੈਬ ਨੂੰ ਮੁੜ ਨਵੇਂ ਸਿਰਿਓਂ ਬਣਾਇਆ ਜਾਵੇ।
ਗਿੱਲੀ ਸੀ ਸਲੈਬ: ਐੱਸਡੀਓ
ਬੀਐਂਡਆਰ ਬਠਿੰਡਾ ਦੇ ਐੱਸਡੀਓ ਵਿਸ਼ਾਲ ਗਰਗ ਨੇ ਕਿਹਾ ਕਿ ਪੁਲ ਦੀ ਸਲੈਬ ਹਾਲੇ ਗਿੱਲੀ ਸੀ। ਇਸ ਕਾਰਨ ਉਹ ਟੁੱਟ ਗਈ ਹੈ। ਇਸ ਨੂੰ ਘੱਟੋ ਘੱਟ 28 ਦਿਨ ਸੁਕਾਉਣਾ ਹੁੰਦਾ ਹੈ। ਇਸ ਦੇ ਨੁਕਸਾਨ ਸਬੰਧੀ ਉਨ੍ਹਾਂ ਕਿਹਾ ਕਿ ਇਸ ਦਾ ਸਹੀ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ, ਕਿਉਂਕਿ ਇਸ ਠੇਕੇ ’ਤੇ ਬਣ ਰਹੀ 28 ਕਿਲੋਮੀਟਰ ਸੜਕ ਵਿੱਚ ਹੀ ਪੁਲ ਦੇ ਨਿਰਮਾਣ ਦਾ ਖਰਚਾ ਵੀ ਜੁੜਿਆ ਹੈ। ਪੁਲ ਦੀ ਸਲੈਬ ਨੂੰ ਮੁੜ ਬਣਾਉਣਾ ਠੇਕੇਦਾਰ ਦੀ ਜਿੰਮੇਵਾਰੀ ਹੈ।