ਲਾਹੌਰ (ਸਮਾਜ ਵੀਕਲੀ): ਮੁਸਲਿਮ-ਸਿੱਖ ਭਾਈਚਾਰੇ ਦੀ ਸਾਂਝ ਨੂੰ ਪਕੇਰੀ ਕਰਦਿਆਂ ਪਾਕਿਸਤਾਨ ਦੀ ਇੱਕ ਸੂਫ਼ੀ ਸੰਸਥਾ ਨੇ ਲਗਪਗ 90 ਵਰ੍ਹਿਆਂ ਤੱਕ ਗੁਰੂ ਗ੍ਰੰਥ ਸਾਹਿਬ ਦੇ 110 ਸਾਲ ਪੁਰਾਣੇ ਦੋ ਹੱਥਲਿਖਤ ਸਰੂਪਾਂ ਦੀ ਸੰਭਾਲ ਮਗਰੋਂ ਇਨ੍ਹਾਂ ਨੂੰ ਲਹਿੰਦੇ ਪੰਜਾਬ ਦੇ ਸਿਆਲਕੋਟ ’ਚ ਸਥਿਤ ਇੱਕ ਗੁਰਦੁਆਰੇ ਨੂੰ ਸੌਂਪ ਦਿੱਤਾ ਹੈ।
ਮੀਡੀਆ ਰਿਪੋਰਟ ਮੁਤਾਬਕ ਪਾਕਿਸਤਾਨ ਦੇ ਪੰਜਾਬ ਵਿੱਚ ਸਥਿਤ ਗੁਜਰਾਤ ਦੇ ਇੱਕ ਸੂਫ਼ੀ ਪਰਿਵਾਰ ਕੋਲ ਮੌਜੂਦ ਰਹੇ ਇਹ ਪੁਰਾਤਨ ਸਰੂਪ ਹੁਣ ਸੂਫ਼ੀ ਸੰਸਥਾ ‘ਮਿੱਤਰ ਸਾਂਝ ਪੰਜਾਬ’ ਵੱਲੋਂ ਸਿਆਲਕੋਟ ਵਿੱਚ ਸਥਿਤ ਗੁਰਦੁਆਰਾ ਬਾਬਾ ਦੀ ਬੇਰੀ ਦੇ ਪ੍ਰਸ਼ਾਸਨ ਨੂੰ ਸੌਂਪ ਦਿੱਤੇ ਗਏ ਹਨ। ਸੂਫ਼ੀ ਸੰਸਥਾ ਦੇ ਮੁਖੀ ਇਫਤਿਖਾਰ ਵੜੈਚ ਕਾਲੜਾਵੀ ਨੇ ‘ਦਿ ਐਕਸਪ੍ਰੈੱਸ ਟ੍ਰਿਬਿਊਨ’ ਨੂੰ ਦੱਸਿਆ ਕਿ ਗੁਰੂ ਗ੍ਰੰਥ ਸਾਹਿਬ ਦੇ ਇਹ ਦੋ ਹੱਥਲਿਖਤ ਸਰੂਪ ਗੁਜਰਾਤ ਦੇ ਇੱਕ ਪਿੰਡ ਦੇ ਬਜ਼ੁਰਗ ਪੀਰ ਸਈਅਦ ਮੁਨੀਰ ਨਕਸ਼ਬੰਦੀ ਕੋਲ ਲੰਮਾ ਸਮਾਂ ਰਹੇ ਹਨ।
ਭਾਈਚਾਰਕ ਸਾਂਝ ਦੇ ਸਮਰਥਕ ਵਜੋਂ ਜਾਣੇ ਜਾਂਦੇ ਨਕਸ਼ਬੰਦੀ ਨੇ ਭਾਰਤ-ਪਾਕਿ ਦੀ ਵੰਡ ਸਮੇਂ ਕਈ ਸਿੱਖ ਪਰਿਵਾਰਾਂ ਨੂੰ ਫ਼ਿਰਕੂ ਹਿੰਸਾ ਤੋਂ ਬਚਾਉਂਦਿਆਂ ਆਪਣੇ ਘਰ ਪਨਾਹ ਦਿੱਤੀ ਸੀ। ਇਸ ਤੋਂ ਇਲਾਵਾ ਉਨ੍ਹਾਂ ਸਿੱਖ ਪਰਿਵਾਰਾਂ ਦੀਆਂ ਕਈ ਧਾਰਮਿਕ ਪੁਸਤਕਾਂ ਤੇ ਗੁਰੂ ਗ੍ਰੰਥ ਸਾਹਿਬ ਦੇ ਇਨ੍ਹਾਂ ਦੋ ਹੱਥਲਿਖਤ ਸਰੂਪਾਂ ਨੂੰ ਬੇਅਦਬੀ ਤੋਂ ਵੀ ਬਚਾਇਆ ਸੀ। ਉਨ੍ਹਾਂ ਦੱਸਿਆ ਕਿ ਸੰਨ 1950 ਵਿੱਚ ਇਸ ਬਜ਼ੁਰਗ ਦੀ ਮੌਤ ਤੋਂ ਬਾਅਦ ਇਨ੍ਹਾਂ ਸਰੂਪਾਂ ਦੀ ਸੰਭਾਲ ਉਨ੍ਹਾਂ ਦੇ ਬੱਚਿਆਂ ਨੇ ਕੀਤੀ ਜੋ ਹੁਣ ਤੱਕ ਇਨ੍ਹਾਂ ਕੋਲ ਸਨ।
ਇੱਥੋਂ 140 ਕਿਲੋਮੀਟਰ ਦੂਰ ਸਿਆਲਕੋਟ ਵਿੱਚ ਸਥਿਤ 500 ਸਾਲ ਪੁਰਾਣਾ ਗੁਰਦੁਆਰਾ ਬਾਬਾ ਦੀ ਬੇਰੀ ਪਿਛਲੇ ਵਰ੍ਹੇ ਜੁਲਾਈ ’ਚ ਭਾਰਤ ਦੀਆਂ ਸਿੱਖ ਸੰਗਤਾਂ ਲਈ ਖੋਲ੍ਹਿਆ ਗਿਆ ਸੀ। ਇਸ ਤੋਂ ਪਹਿਲਾਂ ਭਾਰਤੀਆਂ ਨੂੰ ਇਸ ਗੁਰਦੁਆਰੇ ’ਚ ਜਾਣ ਦੀ ਆਗਿਆ ਨਹੀਂ ਸੀ। ਸਿੱਖ ਇਤਿਹਾਸ ਮੁਤਾਬਕ 16ਵੀਂ ਸਦੀ ਵਿੱਚ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਕਸ਼ਮੀਰ ਤੋਂ ਸਿਆਲਕੋਟ ਪੁੱਜੇ ਸਨ, ਜਿੱਥੇ ਉਹ ਬੇਰੀ ਦੇ ਇੱਕ ਦਰੱਖਤ ਹੇਠ ਰਹੇ ਸਨ। ਇੱਥੇ ਉਨ੍ਹਾਂ ਦੀ ਯਾਦ ਵਿੱਚ ਸਰਦਾਰ ਨੱਥਾ ਸਿੰਘ ਨੇ ਉਸ ਸਮੇਂ ਇਹ ਗੁਰਦੁਆਰਾ ਬਣਵਾਇਆ ਸੀ।