ਸੂਡਾਨ ਦੀ ਇਕ ਫੈਕਟਰੀ ਦੇ ਐੱਲਪੀਜੀ ਟੈਂਕਰ ਵਿਚ ਧਮਾਕੇ ਪਿੱਛੋਂ ਹਸਪਤਾਲ ਵਿਚ ਭਰਤੀ ਕਰਵਾਏ ਗਏ ਜਾਂ ਲਾਪਤਾ ਭਾਰਤੀ ਕਾਮਿਆਂ ਵਿਚ ਜ਼ਿਆਦਾਤਰ ਤਾਮਿਲਨਾਡੂ ਅਤੇ ਬਿਹਾਰ ਦੇ ਹਨ। ਚੀਨੀ ਮਿੱਟੀ ਦਾ ਸਾਮਾਨ ਬਣਾਉਣ ਵਾਲੀ ਫੈਕਟਰੀ ਵਿਚ ਮੰਗਲਵਾਰ ਨੂੰ ਹੋਏ ਧਮਾਕੇ ਵਿਚ 18 ਭਾਰਤੀਆਂ ਸਣੇ 23 ਲੋਕਾਂ ਦੀ ਮੌਤ ਹੋ ਗਈ ਸੀ। ਕਰੀਬ 130 ਲੋਕ ਜ਼ਖ਼ਮੀ ਹੋਏ ਸਨ ਜਿਨ੍ਹਾਂ ਨੂੰ ਰਾਜਧਾਨੀ ਖਾਰਤੂਮ ਦੇ ਅਲ-ਅਮਲ ਅਤੇ ਇਬਰਾਹਿਮ ਮਲਿਕ ਹਸਪਤਾਲਾਂ ਵਿਚ ਭਰਤੀ ਕਰਵਾਇਆ ਗਿਆ ਹੈ।
ਭਾਰਤੀ ਦੂਤਘਰ ਨੇ ਖਾਰਤੂਮ ਦੇ ਬਾਹਰੀ ਇਲਾਕੇ ਵਿਚ ਸਥਿਤ ਸੀਲਾ ਸੈਰੇਮਿਕ ਫੈਕਟਰੀ ਵਿਚ ਧਮਾਕੇ ਦਾ ਸ਼ਿਕਾਰ ਹੋਏ ਭਾਰਤੀ ਨਾਗਰਿਕਾਂ ਦੀ ਸੂਚੀ ਜਾਰੀ ਕੀਤੀ ਹੈ। ਇਸ ਵਿਚ ਹਸਪਤਾਲ ਵਿਚ ਭਰਤੀ ਅਤੇ ਲਾਪਤਾ ਭਾਰਤੀਆਂ ਦੀ ਵੀ ਜਾਣਕਾਰੀ ਦਿੱਤੀ ਗਈ ਹੈ। ਹਸਪਤਾਲ ਵਿਚ ਭਰਤੀ ਸੱਤ ਭਾਰਤੀਆਂ ਵਿਚੋਂ ਚਾਰ ਦੀ ਹਾਲਤ ਗੰਭੀਰ ਬਣੀ ਹੋਈ ਹੈ। 16 ਭਾਰਤੀ ਲਾਪਤਾ ਦੱਸੇ ਗਏ ਹਨ। ਇਨ੍ਹਾਂ ਵਿਚ ਛੇ ਤਾਮਿਲਨਾਡੂ, ਪੰਜ ਬਿਹਾਰ, ਚਾਰ ਰਾਜਸਥਾਨ, ਚਾਰ ਉੱਤਰ ਪ੍ਰਦੇਸ਼ ਅਤੇ ਦੋ ਹਰਿਆਣਾ ਦੇ ਰਹਿਣ ਵਾਲੇ ਹਨ। ਦਿੱਲੀ ਅਤੇ ਗੁਜਰਾਤ ਦੇ ਵੀ ਇਕ-ਇਕ ਨਾਗਰਿਕ ਲਾਪਤਾ ਹਨ। ਭਾਰਤੀ ਦੂਤਘਰ ਅਨੁਸਾਰ ਕੁਝ ਲਾਪਤਾ ਮਿ੍ਤਕਾਂ ਦੀ ਸੂਚੀ ਵਿਚ ਹੋ ਸਕਦੇ ਹਨ। ਹੁਣ ਤਕ ਕਈ ਲਾਸ਼ਾਂ ਦੀ ਪਛਾਣ ਨਹੀਂ ਹੋ ਸਕੀ ਹੈ।