ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮਨ ਵਿੱਚ ਗ਼ਰੀਬਾਂ ਲਈ ਕੋਈ ਥਾਂ ਨਹੀਂ ਸਗੋਂ ਉਹ ਤਾਂ ਨੀਰਵ ਮੋਦੀ, ਮੇਹੁਲ ਚੋਕਸੀ ਅਤੇ ਅਨਿਲ ਅੰਬਾਨੀ ਜਿਹੇ ਕਾਰੋਬਾਰੀਆਂ ਦੀ ਸੋਹਬਤ ਮਾਣਦੇ ਹਨ।
ਉਨ੍ਹਾਂ ਕਿਹਾ ‘‘ ਪ੍ਰਧਾਨ ਮੰਤਰੀ ਮੇਹੁਲ ਚੋਕਸੀ ਨੂੰ ਮੇਹੁਲਭਾਈ, ਨੀਰਵ ਮੋਦੀ ਨੂੰ ਨੀਰਵਭਾਈ ਤੇ ਅਨਿਲ ਅੰਬਾਨੀ ਨੂੰ ਅਨਿਲਭਾਈ ਪੁਕਾਰਦੇ ਹਨ ਪਰ ਕਿਸੇ ਮਜ਼ਦੂਰ, ਕਿਸਾਨ ਤੇ ਗ਼ਰੀਬ ਨੂੰ ਕਦੇ ਭਾਈ ਨਹੀਂ ਕਹਿੰਦੇ। ਉਨ੍ਹਾਂ ਦੇ ਮਨ ਵਿੱਚ ਗ਼ਰੀਬਾਂ ਲਈ ਕੋਈ ਜਗ੍ਹਾ ਨਹੀਂ ਹੈ। ਜਿਹੜਾ ਬੰਦਾ ਸੂਟ ਬੂਟ ਨਹੀਂ ਪਾਉਂਦਾ ਉਹ ਉਨ੍ਹਾਂ ਦਾ ਭਾਈ ਨਹੀਂ ਬਣ ਸਕਦਾ।’’
ਮੱਧ ਪ੍ਰਦੇਸ਼ ਵਿੱਚ ਆਪਣੀ ਪਾਰਟੀ ਦੀ ਚੋਣ ਪ੍ਰਚਾਰ ਮੁਹਿੰਮ ਦੌਰਾਨ ਰਾਫਾਲ ਸੌਦੇ ਨੂੰ ਲੈ ਕੇ ਮੋਦੀ ਸਰਕਾਰ ’ਤੇ ਨਿਸ਼ਾਨਾ ਸੇਧਦਿਆਂ ਸ੍ਰੀ ਗਾਂਧੀ ਨੇ ਕਿਹਾ ‘‘ ਪ੍ਰਧਾਨ ਮੰਤਰੀ ’ਚ ਇਹ ਦੱਸਣ ਦੀ ਜੁਰੱਅਤ ਨਹੀਂ ਕਿ ਫਰਾਂਸੀਸੀ ਜਹਾਜ਼ਾਂ ਦੇ ਸੌਦੇ ਦਾ ਭਾਰਤੀ ਠੇਕਾ ਸਰਕਾਰੀ ਮਾਲਕੀ ਵਾਲੀ ਕੰਪਨੀ ਹਿੰਦੁਸਤਾਨ ਏਅਰੋਨੌਟਿਕਸ ਲਿਮਟਿਡ ਤੋਂ ਖੋਹ ਕੇ ਅੰਬਾਨੀ ਦੀ ਕੰਪਨੀ ਨੂੰ ਕਿਵੇਂ ਦੇ ਦਿੱਤਾ ਗਿਆ।’’
ਔਰਤਾਂ ਦੀ ਸੁਰੱਖਿਆ ਦੇ ਮੁੱਦੇ ’ਤੇ ਭਾਜਪਾ ਸਰਕਾਰ ਦੇ ਭਰੋਸਿਆਂ ਦੀ ਫੂਕ ਕੱਢਦਿਆਂ ਸ੍ਰੀ ਗਾਂਧੀ ਨੇ ਕਿਹਾ ਕਿ ਪਾਰਟੀ ਭਾਵੇਂ ‘ਬੇਟੀ ਬਚਾਓ, ਬੇਟੀ ਪੜ੍ਹਾਓ’ ਦੇ ਨਾਅਰੇ ਦੇ ਰਹੀ ਹੈ ਪਰ ਉੱਤਰ ਪ੍ਰਦੇਸ਼ ਵਿੱਚ ਪ੍ਰਧਾਨ ਮੰਤਰੀ ਮੋਦੀ ਤੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦਾ ਸਾਰਾ ਜ਼ੋਰ ਬਲਾਤਕਾਰ ਕੇਸ ਵਿੱਚ ਮੁਲਜ਼ਮ ਭਾਜਪਾ ਦੇ ਵਿਧਾਇਕ ਨੂੰ ਬਚਾਉਣ ਲਈ ਲੱਗਿਆ ਹੋਇਆ ਹੈ।
ਕਾਂਗਰਸ ਆਗੂ ਨੇ ਦੋਸ਼ ਲਾਇਆ ਕਿ ਜਦੋਂ ਵੀ ਗੁਜਰਾਤ ਵਿੱਚ ਦਲਿਤਾਂ ਤੇ ਘੱਟਗਿਣਤੀਆਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ ਜਾਂ ਔਰਤਾਂ ਤੇ ਕਮਜ਼ੋਰ ਤਬਕਿਆਂ ਦਾ ਦਮਨ ਕੀਤਾ ਜਾਂਦਾ ਹੈ ਤਾਂ ਪ੍ਰਧਾਨ ਮੰਤਰੀ ਮੂੰਹ ਬੰਦ ਕਰ ਲੈਂਦੇ ਹਨ। 2014 ਦੀਆਂ ਚੋਣਾਂ ਤੋਂ ਪਹਿਲਾਂ ਸ੍ਰੀ ਮੋਦੀ ਨੇ ‘‘ਦੇਸ਼ ਦਾ ਚੌਕੀਦਾਰ’’ ਬਣਨਾ ਚਾਹਿਆ ਸੀ ਪਰ ਪਿਛਲੇ ਸਵਾ ਚਾਰ ਸਾਲਾਂ ਦੌਰਾਨ 15-20 ਸਨਅਤਕਾਰਾਂ ਦਾ ਹੀ ਵਿਕਾਸ ਹੋਇਆ ਤੇ ਬਾਕੀ ਸਭ ਵਰਗਾਂ ਦੇ ਬੁਰੇ ਦਿਨ ਆ ਗਏ ਹਨ।
INDIA ਸੂਟ-ਬੂਟ ਵਾਲਿਆਂ ਨੂੰ ਜੱਫੀਆਂ ਪਾਉਂਦੇ ਨੇ ਮੋਦੀ: ਰਾਹੁਲ