ਸੁੱਚੇ ਰਿਸ਼ਤਿਆਂ ਦਾ ਮਹੱਤਵ

(ਸਮਾਜਵੀਕਲੀ)

ਭਾਗ ਇਕ

ਹਰ ਮਹਾਨ ਵਿਅਕਤੀ ਪਿਛੇ ਔਰਤ ਦਾ ਹੱਥ !

ਕਈ ਦਿਨਾਂ ਤੋਂ ਸੋਚ ਰਿਹਾ ਸੀ ਕਿ ਅਜੋਕੇ ਇੱਕੀਵੀਂ ਸਦੀ ਦੇ ਤੇਜ਼ ਰਫਤਾਰ ਯੁੱਗ ਵਿਚ ਰਿਸ਼ਤਿਆਂ ਦੀ ਟੁੱਟ ਭੱਜ ਬਾਰੇ ਕੁੱਝ ਲਿਖਾਂ । ਬੇਸ਼ੱਕ ਅੱਜਕਲ੍ਹ ਸਭ ਮਨੁੱਖੀ ਰਿਸ਼ਤਿਆਂ ਦਾ ਤਾਨਪੁਰਾ ਬੇਤਾਨ ਤੇ ਬੇਸੁਰਾ ਹੋ ਚੁੱਕਾ ਹੈ, ਰਿਸ਼ਤਿਆਂ ਵਿੱਚ ਖਿਚੋਤਾਣ ਵਧਦੀ ਚਲੀ ਜਾ ਰਹੀ ਹੈ ਤੇ ਇਹਨਾਂ ਦੇ ਸਮੀਕਰਨ ਨਿਤ ਬਦਲ ਰਹੇ ਹਨ, ਪਰ ਪਤੀ ਪਤਨੀ ਦੇ ਰਿਸ਼ਤਿਆਂ ਵਿਚ ਇਹ ਵਰਤਾਰਾ ਕੁੱਜ ਵਧੇਰੇ ਹੀ ਨਾਜੁਕ ਹੱਦ ਤੱਕ ਜਾ ਪਹੁੰਚ ਚੁੱਕਾ ਹੈ । ਉਂਜ ਉਹਨਾਂ ਪਤੀਆਂ ਵਾਸਤੇ ਫਿਕਰ ਵਾਲੀ ਕੋਈ ਗੱਲ ਨਹੀਂ ਜੋ ਇਸ ਤਰਾਂ ਦੇ ਕੁੱਤ ਕਲੇਸ਼ ਦਾ ਨਿੱਤ ਦਿਨ ਸ਼ਿਕਾਰ ਹੋ ਰਹੇ ਹਨ ਕਿਉਕਿ ਉਹਨਾ ਦੀ ਜਾਣਕਾਰੀ ਵਿਚ ਵਾਧਾ ਕਰਨ ਵਾਸਤੇ ਇਹ ਦੱਸਣਾ ਬਣਦਾ ਹੈ ਕਿ ਜਿਹਨਾਂ ਪਤੀਆਂ ਦੀਆਂ ਪਤਨੀਆਂ, ਉਹਨਾ ਦੀ ਨੇਮ ਨਾਲ ਭੁਗਤ ਸਵਾਰਦੀਆ ਰਹਿੰਦੀਆ ਹਨ, ਨਰਾਜ ਰਹਿੰਦੀਆਂ ਹਨ, ਗੱਲ ਗੱਲ ਤੇ ਵੱਢੂਂ ਖਾਊਂ ਕਰਦੀਆਂ ਹਨ, ਕਦੇ ਵੀ ਖਿੜੇ ਮੱਥੇ ਗੱਲ ਨਹੀੰ ਕਰਦੀਆਂ, ਦੇਖਦਿਆਂ ਹੀ ਮੱਥੇ ਤੇ ਸੌ ਸੌ ਤਿਊੜੀਆਂ ਪਾਉਂਦੀਆ ਹਨ, ਗੱਲ ਗੱਲ ‘ਤੇ ਸਲੋਕ ਸੁਣਾਉਦੀਆ ਹਨ, ਗੱਲ ਕੀ ਹਰ ਸਮੇ ਪਤੀਅਾ ਦਾ ਚੇਹਰਾ ਰਾਮ ਤੋਰੀ ਵਾਂਗ ਲਟਕਿਅਾ ਬਣਾਈ ਰੱਖਣ ਚ ਹੀ ਸਕੂਨ ਮਹਿਸੂਸ ਕਰਦੀਆ ਹਨ ਤਾਂ ਅਜਿਹੇ ਪਤੀਆਂ ਦੇ ਮਹਾਨ ਬਣਨ ਦੇ ਸੌ ਫੀਸਦੀ hਚਾਨਸ ਹਨ, ਕਿਉਕਿ ਮਹਾਨ ਕਵੀ ਕਾਲੀਦਾਸ, ਤੁਲਸੀ, ਰਿਸ਼ੀ ਬਾਲਮੀਕ, ਮੁਨਸ਼ੀ ਪਰੇਮ ਚੰਦ, ਸ਼ੁਕਰਾਤ ਅਤੇ ਨੈਪੋਲੀਅਨ ਬੋਨਾਪਰਟ ਵਰਗੀਆਂ ਮਹਾਨ ਹਸਤੀਆਂ ਦਾ ਵੀ ਉਹਨਾਂ ਦੀਆਂ ਪਤਨੀਆਂ ਨੇ ਏਹੀ ਹਾਲ ਕੀਤਾ ਸੀ, ਜਿਸ ਕਾਰਨ ਉਹ ਇਕ ਦਿਨ ਮਹਾਨ ਬਣੇ ਤੇ ਹੁਣ ਅਮਰ ਹਨ । ਇਸ ਕਰਕੇ ਜੋ ਕੁਜ ਹੁਣ ਤੁਹਾਡੇ ਨਾਲ ਤੁਹਾਡੀਆ ਪਤਨੀਆ ਵਲੋ ਕੀਤਾ ਜਾ ਰਿਹਾ ਹੈ, ਉਹ ਸਾਰਾ ਕੁਜ ਉਹਨਾ ਵਲੋ ਤੁਹਾਨੂੰ ਮਹਾਨ ਬਣਨ ਦੇ ਰਸਤੇ ‘ਤੇ ਤੋਰਨ ਵਾਸਤੇ ਹੀ ਕੀਤਾ ਜਾ ਰਿਹਾ ਹੈ । ਕਿਓਂ ਹੈ ਨਾ ਹਰ ਮਹਾਨ ਵਿਅਕਤੀ ਪਿਛੇ ਔਰਤ ਦਾ ਹੱਥ !!????

ਭਾਗ ਦੋ

ਰਿਸ਼ਤੇ ਤੇ ਦੋਸਤੀਆਂ ਦੀ ਬੁਨਿਆਦ ਸਵਾਰਥ ਦੇ ਅਧਾਰ ‘ਤੇ ਨਹੀਂ ਸਗੋਂ ਵਿਸ਼ਵਾਸ ਅਤੇ ਸੁੱਚੇ ਮਤਲਬ ਦੇ ਅਧਾਰ ‘ਤੇ ਹੋਣੀ ਚਾਹੀਦੀ ਹੈ । ਰਿਸ਼ਤੇ ਤੋਹਫ਼ਿਆਂ ਦੇ ਅਦਾਨ ਪ੍ਰਦਾਨ ਦੇ ਮੁਹਤਾਜ ਨਹੀਂ ਹੁੰਦੇ ਤੇ ਨਾ ਹੀ ਰਿਸ਼ਤਿਆਂ ਵਿੱਚ ਅਹਿਸਾਨਬਾਜੀ ਦੀ ਕੋਈ ਜਗਾ ਹੁੰਦੀ ਹੈ । ਪਰ ਇਹ ਵੀ ਸੱਚ ਹੈ ਕਿ ਸੁੱਚੇ ਮਨ ਨਾਲ ਪੇਸ਼ ਕੀਤੇ ਤੋਹਫ਼ੇ ਰਿਸ਼ਤਿਆਂ ਦੀ ਬੁਨਿਆਦ ਨੂੰ ਹੋਰ ਮਜ਼ਬੂਤ ਕਰਨ ਦਾ ਜ਼ਰੀਆ ਵੀ ਹੋ ਨਿਬੜਦੇ ਹਨ । ਰਿਸ਼ਤੇ ਆਦਰ, ਮਾਣ ਤੇ ਸਤਿਕਾਰ ਦੇ ਨਾਲ ਇਕ ਦੂਜੇ ਦੀਆਂ ਭਾਵਨਾਵਾਂ ਦੀ ਕਦਰ ਕਰਨ ਨਾਲ ਵਧਦੇ ਫੁਲਦੇ ਹਨ । ਇਹਨਾਂ ਚ ਬਹਿਸਬਾਜੀ ਦੀ ਕੋਈ ਜਗਾ ਨਹੀਂ ਹੁੰਦੀ । ਇਕ ਦੂਜੇ ਦੇ ਵਿਚਾਰਾਂ ਨੂੰ ਸੁਣਨ, ਸਤਿਕਾਰਨ ਤੇ ਸਵਿਕਾਰਨ ਨਾਲ ਰਿਸ਼ਤੇ ਦੂਣ ਸਵਾਏ ਹੁੰਦੇ ਹਨ । ਅਪਣਤ ਤੇ ਪਿਆਰ ਨਾਲ ਗੜੁਚ ਰਿਸ਼ਤੇ ਉੱਤਮ ਕਿਸਮ ਦੇ ਹੁੰਦੇ ਹਨ । ਏਹੀ ਕਾਰਨ ਹੈ ਕਿ ਸਿਆਣੇ ਕਹਿੰਦੇ ਹਨ ਕਿ ਦੋਸਤੀ ਤੇ ਰਿਸ਼ਤਿਆਂ ਵਿੱਚ ਦਿਲ ਦੀਆ ਗਹਿਰਾਈਆਂ ਵਾਲਾ ਪਿਆਰ, ਅਹਿਸਾਸ ਤੇ ਨਿੱਘ ਹੋਣਾ ਜ਼ਰੂਰੀ ਹੈ । ਪਰ ਇਹ ਤਦ ਹੀ ਸੰਭਵ ਹੈ ਜੇਕਰ ਇਹਨਾਂ ਰਿਸ਼ਤਿਆਂ ਚੋਂ ਵਿਚਰਦੇ ਸਮੇਂ ਖੁਦਪ੍ਰਸਤੀ ਤੋਂ ਕਿਨਾਰਾ ਕਰਕੇ ਵਿਚਰਿਆ ਜਾਵੇ । ਸੁੱਚੀਆਂ ਸਾਂਝਾਂ ਅਤੇ ਸੁੱਚੇ ਰਿਸ਼ਤੇ ਬਣਾਉਣੇ, ਪਾਲਣੇ ਤੇ ਨਿਭਾਉਣੇ ਚੰਗੇ ਇਨਸਾਨ ਦੀ ਚੰਗੀ ਸ਼ਖਸ਼ੀਅਤ ਦੀ ਨਿਸ਼ਾਨੀ ਹੁੰਦੇ ਹਨ । ਇਹ ਅਪਣੱਤ ਦਾ ਅਜਿਹਾ ਅਹਿਸਾਸ ਪੈਦਾ ਕਰਦੇ ਹਨ ਕਿ ਲੋੜ ਪੈਣ ‘ਤੇ ਨਫ਼ਾ ਨੁਕਸਾਨ ਦੇਖਣਾ ਤਾਂ ਦੂਰ ਸਗੋਂ ਇਕ ਦੂਸਰੇ ਦੇ ਖਿਆਲ ਸੁੱਖ ਤੇ ਸੁਨੇਹ ਦੀ ਸੋਚ ਦੇ ਹਾਵੀ ਹੋਣ ਕਾਰਨ ਅਜਿਹੇ ਖਿਆਲ ਕਦੇ ਸੁਪਨੇ ਵਿੱਚ ਵੀ ਸੁਚੇ ਰਿਸ਼ਤਿਆਂ ‘ਚੋਂ ਵਿਚਰਨ ਵਾਲ਼ਿਆਂ ਦੇ ਨੇੜੇ ਨਹੀਂ ਆਉਂਦੇ । ਸੁੱਚੇ ਰਿਸ਼ਤੇ ਆਸ ਪਾਸ ਚੰਦਨ ਦੇ ਰੁੱਖ ਦੀ ਤਰਾਂ ਖੁਸ਼ਬੋਈ ਵੰਡਦੇ ਹਨ, ਆਂਢ ਗੁਆਂਢ ਚ ਸ਼ਾਂਤੀ, ਖੇੜੇ ਤੇ ਰੌਣਕਾਂ ਦੀ ਛਹਿਬਰ ਕਰਦੇ ਹਨ । ਅੱਜ ਇੱਕੀਵੀਂ ਸਦੀ ਦੇ ਇਸ ਅਣੂ ਪ੍ਰਧਾਨ ਯੁੱਗ ਚ ਸੁੱਚੇ ਰਿਸ਼ਤਿਆਂ ਦੀ ਬਹੁਤ ਘਾਟ ਪੈਦਾ ਹੋ ਗਈ ਹੈ ਕਿਉਂਕਿ ਬਹੁਤੇ ਸੁੱਚੇ ਰਿਸ਼ਤਿਆਂ ਨੂੰ ਸਵਾਰਥ ਤੇ ਪਦਾਰਥ ਨਾਮਕ ਦੋ ਅਮਰਵੇਲਾਂ ਨੇ ਐਸਾ ਨਾਗ ਲਪੇਟਾ ਮਾਰਿਆ ਹੈ ਕਿ ਇਹਨਾਂ ਰਿਸ਼ਤਿਆਂ ਵਿਚਲੀਆਂ ਰੂਹ ਏ ਰਵਾਂ ਨੈਤਿਕ ਕਦਰਾਂ ਕੀਮਤਾਂ ਦਾ ਕਤਲ ਕਰਨ ਤੋ ਬਾਦ ਹੁਣ ਇਹਨਾਂ ਦੋ ਵੇਲਾਂ ਨੇ ਰਿਸ਼ਤਿਆਂ ਦਾ ਘਾਤ ਤਾ ਘਾਣ ਕਰਨ ਦੀ ਤਬਾਹੀ ਮਚਾ ਰੱਖੀ ਹੈ, ਜਿਸ ਦੇ ਨਤੀਜੇੇ ਵਜੋਂ ਸੁੱਚੇ ਰਿਸ਼ਤੇ ਵੀ ਦਿਨੋ ਦਿਨ ਦਮ ਤੋੜਦੇ ਜਾ ਰਹੇ ਹਨ । ਕਾਸ਼ ! ਜ਼ਮਾਨਾ ਸਮੇਂ ਦੀ ਰਫ਼ਤਾਰ ਨਾਲ ਕਦਮਾਂ ਦੀ ਤਾਲ ਮੇਲਦਾ ਹੋਇਆ ਸੁੱਚੇ ਰਿਸ਼ਤਿਆਂ ਦੀ ਮਹੱਤਾ ਵੀ ਸਮਝ ਸਕੇ ਤਾਂ ਕਿ ਏਧਰ ਉਧਰ ਸਵਰਗ ਨਰਕ ਦੀਆ ਫੋਕਟ ਭਰਾਂਤੀਆਂ ਤੋਂ ਪਰੇ ਹਰ ਕੋਈ ਇਸੇ ਸੰਸਾਰੀ ਕੁਦਰਤ ਵਿੱਚ ਪੂਰੇ ਜੀਵਨ ਅਨੰਦ ਦਾ ਭਰਪੂਰ ਮਜ਼ਾ ਉਂਠਾਅ ਸਕੇ ਕਿ ਏਹੋ ਜਿਹੇ ਉਕਤ ਬਿਰਥੇ ਅੰਧਵਿਸ਼ਵਾਸ਼ੀ ਵਿਚਾਰ ਚਿੱਤਵ ਸਕਣ ਦਾ ਕਿਸੇ ਨੂੰ ਚਿੱਤ ਚੇਤਾ ਵੀ ਨਾ ਰਹੇ ।

 

– ਪ੍ਰੋ ਸ਼ਿੰਗਾਰਾ ਸਿੰਘ ਢਿੱਲੋਂ

14/06/2020

Previous articleਯੂਪੀ: ਦਲਿਤਾਂ ਉਤੇ ਹਮਲੇ ਦੇ ਦੋਸ਼ ਹੇਠ 12 ’ਤੇ ਐਨਐੱਸਏ ਲਾਇਆ
Next article“नया टीचर”