ਸੁਸਾਇਟੀ ’ਚ ਜਮ੍ਹਾਂ ਕਰਵਾਏ ਪੈਸੇ ਵਾਪਸ ਨਾ ਮਿਲਣ ਤੋਂ ਲੋਕ ਭੜਕੇ

ਮਜਾਰੀ ਡੀਂਗਰੀਆਂ ਸਹਿਕਾਰੀ ਖੇਤੀਬਾੜੀ ਸੁਸਾਇਟੀ ਵਿੱਚ ਜਮ੍ਹਾਂ ਕਰਵਏ ਪੈਸੇ ਵਾਪਸ ਨਾ ਮਿਲਣ ਦੇ ਰੋਸ ਵਜੋਂ ਅੱਜ ਪੀੜਤ ਲੋਕਾਂ ਵੱਲੋਂ ਮਿੰਨੀ ਸਕੱਤਰੇਤ ਦੇ ਬਾਹਰ ਮੁਜ਼ਾਹਰਾ ਕੀਤਾ ਗਿਆ। ਮੁਜ਼ਾਹਰਕਾਰੀਆਂ ਨੇ ਮੋਮਬੱਤੀਆਂ ਜਗਾ ਕੇ ਰੋਸ ਪ੍ਰਗਟਾਇਆ ਅਤੇ ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਨੂੰ ਮੰਗ ਪੱਤਰ ਸੌਂਪ ਕੇ ਢੁੱਕਵੀਂ ਕਾਰਵਾਈ ਕਰਨ ਦੀ ਮੰਗ ਕੀਤੀ।
ਪੀੜਤ ਲੋਕਾਂ ਦਾ ਇੱਕ ਵਫ਼ਦ ਲੇਬਰ ਪਾਰਟੀ ਦੇ ਪ੍ਰਧਾਨ ਜੈ ਗੋਪਾਲ ਧੀਮਾਨ, ਸਾਬਕਾ ਸਰਪੰਚ ਬਖਤਾਵਰ ਸਿੰਘ ਅਤੇ ਸੁਸਾਇਟੀ ਦੇ ਮੀਤ ਪ੍ਰਧਾਨ ਅਜੀਤ ਸਿੰਘ ਤੇ ਸੁਰਿੰਦਰ ਸਿੰਘ ਪੱਪੀ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਨੂੰ ਮਿਲਿਆ ਅਤੇ ਮੰਗ ਪੱਤਰ ਸੌਂਪਿਆ। ਵਫ਼ਦ ਨੇ ਦੱਸਿਆ ਕਿ ਸੁਸਾਇਟੀ ਦੇ ਸਬੰਧਤ ਸਹਾਇਕ ਰਜਿਸਟਰਾਰ ਵੱਲੋਂ ਕੋਈ ਢੁੱਕਵੀਂ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ। ਬਾਅਦ ਵਿਚ ਪੀੜਤ ਲੋਕਾਂ ਨੇ ਮਿੰਨੀ ਸਕੱਤਰੇਤ ਦੇ ਬਾਹਰ ਮੋਮਬੱਤੀਆਂ ਜਗਾ ਕੇ ਰੋਸ ਪ੍ਰਗਟਾਇਆ ਅਤੇ ਮੰਗ ਕੀਤੀ ਕਿ ਕਥਿਤ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਦੱਸਿਆ ਕਿ ਸੁਸਾਇਟੀ ਦੇ ਸਕੱਤਰ ਵੱਲੋਂ ਜਾਣ-ਬੁੱਝ ਕੇ ਜਮ੍ਹਾਂ ਪੂੰਜੀ ਵਾਲੇ ਲੋਕਾਂ ਨੂੰ ਖੱਜਲ-ਖੁਆਰ ਕੀਤਾ ਜਾ ਰਿਹਾ ਹੈ ਜਿਸ ਕਰ ਕੇ ਉਨਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਸ ਮੌਕੇ ਮੌਜੂਦ ਪਰਮਜੀਤ ਸਿੰਘ ਧੀਮਾਨ, ਸਤਵੰਤ ਕੌਰ, ਮੋਹਨ ਸਿੰਘ, ਲਖਵੀਰ ਸਿੰਘ, ਅਜੀਤ ਸਿੰਘ, ਜਗੀਰ ਕੌਰ, ਅਸ਼ੋਕ ਕੁਮਾਰ, ਸੋਮ ਨਾਥ, ਸੁਰਿੰਦਰ ਸਿੰਘ ਆਦਿ ਨੇ ਦੱਸਿਆ ਕਿ ਉਨ੍ਹਾਂ ਦ ਲੱਖਾਂ ਰੁਪਏ ਸੁਸਾਇਟੀ ਵਿੱਚ ਜਮ੍ਹਾਂ ਹਨ ਪਰ ਉਨ੍ਹਾਂ ਨੂੰ ਲੋੜ ਪੈਣ ’ਤੇ ਅਦਾਇਗੀ ਨਹੀਂ ਕੀਤੀ ਜਾ ਰਹੀ, ਜਿਸ ਕਰ ਕੇ ਉਨ੍ਹਾਂ ਦੇ ਕਈ ਜ਼ਰੂਰੀ ਕੰਮ ਰੁਕੇ ਹੋਏ ਹਨ।
ਸ੍ਰੀ ਧੀਮਾਨ ਨੇ ਦੱਸਿਆ ਕਿ ਆਸਪਾਸ ਦੇ ਕਈ ਪਿੰਡਾਂ ਦੇ ਕਿਸਾਨਾਂ ਅਤੇ ਹੋਰਨਾਂ ਲੋਕਾਂ ਦੇ ਕਰੋੜਾਂ ਰੁਪਏ ਸੁਸਾਇਟੀ ਵੱਲ ਖੜ੍ਹੇ ਹਨ ਜੋ ਨਹੀਂ ਮਿਲ ਰਹੇ। ਉਨ੍ਹਾਂ ਦੱਸਿਆ ਕਿ ਇਹ ਸਾਰਾ ਮਾਮਲਾ ਜ਼ਿਲ੍ਹਾ ਡਿਪਟੀ ਰਜਿਸਟਰਾਰ ਸਹਿਕਾਰੀ ਸਭਾਵਾਂ ਦੇ ਧਿਆਨ ਹੇਠ ਵੀ ਲਿਆਂਦਾ ਗਿਆ ਹੈ ਜਿਨ੍ਹਾਂ ਨੇ ਇੱਕ ਮਹੀਨੇ ਅੰਦਰ ਆਡਿਟ ਕਰਾਉਣ ਦਾ ਭਰੋਸਾ ਦਿੱਤਾ ਹੈ। ਪੀੜਤ ਲੋਕਾਂ ਨੇ ਐਲਾਨ ਕੀਤਾ ਕਿ ਜਦੋਂ ਤੱਕ ਉਨ੍ਹਾਂ ਦੇ ਪੈਸੇ ਵਿਆਜ ਸਮੇਤ ਉਨ੍ਹਾਂ ਨੂੰ ਮਿਲ ਨਹੀਂ ਜਾਂਦੇ, ਸੰਘਰਸ਼ ਜਾਰੀ ਰੱਖਿਆ ਜਾਵੇਗਾ। ਇਸ ਮੌਕੇ ਸਰਪੰਚ ਨਿਰਮਲ ਸਿੰਘ, ਬਲਵੀਰ ਸਿੰਘ, ਮੋਹਨ ਸਿੰਘ, ਸੁਖਵੀਰ ਸਿੰਘ, ਸੁਰਿੰਦਰ ਸਿੰਘ, ਬਲਜੀਤ ਕੌਰ, ਰਾਮ ਆਸਰੀ, ਅਮਨਦੀਪ ਕੌਰ, ਨਰਿੰਦਰ ਕੌਰ, ਹਰਜੀਤ ਸਿੰਘ, ਰਾਮ ਮੂਰਤੀ, ਮੋਹਨ ਲਾਲ, ਸੇਵਾ ਸਿੰਘ, ਜਗੀਰ ਕੌਰ, ਸਤਵੰਤ ਸਿੰਘ, ਚਰਨਜੀਤ ਸਿੰਘ ਆਦਿ ਵੀ ਮੌਜੂਦ ਸਨ। ਉੱਧਰ, ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਨੇ ਵਫ਼ਦ ਨੂੰ ਭਰੋਸਾ ਦਿੱਤਾ ਕਿ ਇਹ ਕੇਸ ਵਿਜੀਲੈਂਸ ਨੂੰ ਸੌਂਪ ਦਿੱਤਾ ਜਾਵੇਗਾ ਅਤੇ ਸੁਸਾਇਟੀ ਦਾ ਸਾਰਾ ਕੰਮ ਇੱਕ ਪ੍ਰਸ਼ਾਸਨਿਕ ਅਧਿਕਾਰੀ ਦੇ ਹਵਾਲੇ ਕੀਤਾ ਜਾਵੇਗਾ ਤਾਂ ਜੋ ਸੁਸਾਇਟੀ ਦੇ ਰਿਕਾਰਡ ਨਾਲ ਕੋਈ ਛੇੜਛਾੜ ਨਾ ਹੋ ਸਕੇ।

Previous articleਸ਼ਿਫਟ ਕਰਨ ਦੇ ਮਾਮਲੇ ’ਚ ਵੈਂਡਰ ਤੇ ਨਗਰ ਨਿਗਮ ਆਹਮੋ-ਸਾਹਮਣੇ
Next article‘ਚੋਣਾਂ ’ਚ ਲਾਹੇ ਲਈ ਰਾਸ਼ਟਰਪਤੀ ਟਰੰਪ ਨੇ ਸੱਤਾ ਦੀ ਦੁਰਵਰਤੋਂ ਕੀਤੀ’