ਪ੍ਰਧਾਨ ਮੰਤਰੀ ਮੋਦੀ, ਅਡਵਾਨੀ ਤੇ ਹੋਰ ਆਗੂਆਂ ਸਣੇ ਦੋਸਤਾਂ-ਮਿੱਤਰਾਂ ਅਤੇ ਰਿਸ਼ਤੇਦਾਰਾਂ ਨੇ ਭਰੀ ਹਾਜ਼ਰੀ
ਸਾਬਕਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦਾ ਇੱਥੇ ਅੱਜ ਲੋਧੀ ਰੋਡ ਸ਼ਮਸ਼ਾਨ ਘਾਟ ਵਿੱਚ ਪੂਰੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਭਾਜਪਾ ਦੇ ਬਜ਼ੁਰਗ ਆਗੂ ਲਾਲ ਕ੍ਰਿਸ਼ਨ ਅਡਵਾਨੀ ਸਣੇ ਵੱਡੀ ਗਿਣਤੀ ਵਿੱਚ ਦੇਸ਼ ਵਿਦੇਸ਼ ਵਿੱਚੋਂ ਸ੍ਰੀਮਤੀ ਸਵਰਾਜ ਦੇ ਨਜ਼ਦੀਕੀ, ਰਿਸ਼ਤੇਦਾਰ ਅਤੇ ਹੋਰ ਸਨੇਹੀ ਸ਼ਾਮਲ ਹੋਏ। ਲੋਧੀ ਰੋਡ ਉੱਤੇ ਅੱਜ ਉਨ੍ਹਾਂ ਦੇ ਸਸਕਾਰ ਮੌਕੇ ਭਾਰੀ ਗਿਣਤੀ ਵਿੱਚ ਸ਼ੋਕ ਗ੍ਰਸਤ ਲੋਕਾਂ ਦੀਆਂ ਹੰਝੂਆਂ ਦੇ ਨਾਲ ਅੱਖਾਂ ਨਮ ਸਨ। ਸ੍ਰੀਮਤੀ ਸਵਰਾਜ ਭਾਰਤ ਦੀ ਇੱਕ ਅਜਿਹੀ ਮਹਿਲਾ ਆਗੂ ਸੀ, ਜਿਸ ਨੇ ਦੇਸ਼ ਦੇ ਵੱਖ ਵੱਖ ਉੱਚ ਅਹੁਦਿਆਂ ਉੱਤੇ ਕੰਮ ਕਰਦਿਆਂ ਆਪਣੀ ਵਿਲੱਖਣ ਛਾਪ ਛੱਡੀ ਅਤੇ ਵਿਦੇਸ਼ ਮੰਤਰੀ ਹੁੰਦਿਆਂ ਉਨ੍ਹਾਂ ਨੇ ਆਪਣੇ ਮਨੁੱਖਤਾ ਪੱਖੀ ਸੁਭਾਅ ਸਦਕਾ ਅਨੇਕਾਂ ਅਜਿਹੇ ਕਾਰਜਾਂ ਨੂੰ ਸੰਭਵ ਬਣਾਇਆ ਜੋ ਅਸੰਭਵ ਸਨ ਅਤੇ ਪੀੜਤ ਲੋਕਾਂ ਦੇ ਦਿਲ ਜਿੱਤੇ। ਮੰਗਲਵਾਰ ਰਾਤ ਨੂੰ ਉਨ੍ਹਾਂ ਨੂੰ ਪਿਆ ਦਿਲ ਦਾ ਦੌਰਾ ਜਾਨਲੇਵਾ ਸਿੱਧ ਹੋਇਆ ਅਤੇ ਦੇਰ ਰਾਤ ਉਨ੍ਹਾਂ ਦਾ ਦਿੱਲੀ ਸਥਿਤ ਏਮਜ਼ ਵਿੱਚ ਉਨ੍ਹਾਂ ਦੇ ਦੇਹਾਂਤ ਨਾਲ ਸਮੁੱਚਾ ਦੇਸ਼ ਗਮਗੀਨ ਹੋ ਗਿਆ ਸੀ। ਸ੍ਰੀਮਤੀ ਸਵਰਾਜ ਦੀ ਤਿਰੰਗੇ ਵਿੱਚ ਲਪੇਟੀ ਮ੍ਰਿਤਕ ਦੇਹ ਨੂੰ ਪਹਿਲਾਂ ਲੋਕਾਂ ਦੇ ਦਰਸ਼ਨਾਂ ਦੇ ਲਈ ਭਾਜਪਾ ਹੈੱਡਕੁਆਰਟਰ ਵਿੱਚ ਰੱਖਿਆ ਗਿਆ ਅਤੇ ਇੱਥੇ ਵੱਖ ਵੱਖ ਆਗੂਆਂ ਨੇ ਉਨ੍ਹਾਂ ਨੂੰ ਸ਼ਰਧਾਂਜਲੀਆਂ ਭੇਟ ਕਰਦਿਆਂ ਫੁੱਲਮਾਲਾਵਾਂ ਭੇਟ ਕੀਤੀਆਂ ਅਤੇ ਬਾਅਦ ਦੁਪਹਿਰ ਸ਼ਮਸ਼ਾਨਘਾਟ ਵਿੱਚ ਸਸਕਾਰ ਲਈ ਉਨ੍ਹਾਂ ਦੀ ਅੰਤਮ ਯਾਤਰਾ ਰਵਾਨਾ ਹੋਈ, ਜਿਸ ਵਿੱਚ ਭਾਰੀ ਗਿਣਤੀ ਵਿੱਚ ਉਨ੍ਹਾਂ ਦੇ ਸ਼ੁਭ ਚਿੰਤਕ ਸ਼ਾਮਲ ਸਨ। ਅੰਤਮ ਯਾਤਰਾ ਵਿੱਚ ਪ੍ਰਧਾਨ ਮੰਤਰੀ ਤੋਂ ਇਲਾਵਾ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ, ਗ੍ਰਹਿ ਮੰਤਰੀ ਅਮਿਤ ਸ਼ਾਹ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਆਸਾਮ ਦੇ ਮੁੱਖ ਮੰਤਰੀ ਸਰਬਨੰਦਾ ਸੋਨੋਵਾਲ, ਕੇਂਦਰੀ ਮੰਤਰੀ ਰਾਜਨਾਥ ਸਿੰਘ, ਹਰਸ਼ ਵਰਧਨ, ਅਸ਼ਵਨੀ ਕੁਮਾਰ ਚੌਬੇ, ਭਾਜਪਾ ਦੇ ਕਾਰਜਕਾਰੀ ਪ੍ਰਧਾਨ ਜੇਪੀ ਨੱਡਾ, ਸੰਸਦ ਮੈਂਬਰ ਮਿਨਾਕਸ਼ੀ ਲੇਖੀ, ਕਾਂਗਰਸ ਦੇ ਸੀਨੀਅਰ ਆਗੂ ਆਨੰਦ ਸ਼ਰਮਾ, ਗੁਲਾਮ ਨਬੀ ਆਜ਼ਾਦ, ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ, ਜਮਾਤ ਉਲੇਮਾ-ਏ-ਹਿੰਦ ਦੇ ਕੌਮੀ ਪ੍ਰਧਾਨ ਮੌਲਾਨਾ ਸੁਹਾਇਬ ਕਾਸਮੀ ਸਣੇ ਅਨੇਕਾਂ ਆਗੂ ਸ਼ਾਮਲ ਹੋਏ। ਵੈਦਿਕ ਮੰਤਰਾਂ ਦੇ ਉਚਾਰਣ ਦੇ ਚੱਲਦਿਆਂ ਉਨ੍ਹਾਂ ਦਾ ਅੰਤਮ ਸਸਕਾਰ ਇਲੈਕਟ੍ਰਿਕ ਵਿਧੀ ਨਾਲ ਕੀਤਾ ਗਿਆ।