ਸੁਸਰੀ ਦੇ ਸਤਾਏ ਲੋਕ ਸੜਕਾਂ ’ਤੇ ਆਏ

ਨੇੜਲੇ ਪਿੰਡ ਭੈਣੀਬਾਘਾ ਦੇ ਲੋਕਾਂ ਵੱਲੋਂ ਸੁਸਰੀ ਤੋਂ ਤੰਗ ਆ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੀ ਅਗਵਾਈ ਵਿੱਚ ਮਾਨਸਾ-ਬਠਿੰਡਾ ਮੁੱਖ ਮਾਰਗ ਜਾਮ ਕੀਤਾ ਗਿਆ। ਇਸ ਮੁੱਖ ਮਾਰਗ ’ਤੇ ਸਰਕਾਰੀ ਗੁਦਾਮ ਹਨ, ਜਿਨ੍ਹਾਂ ਵਿੱਚ ਪਨਗਰੇਨ ਦਾ ਅਨਾਜ ਸਟੋਰ ਕੀਤਾ ਹੋਇਆ ਹੈ। ਇਨ੍ਹਾਂ ਗੁਦਾਮਾਂ ਵਿੱਚ ਐਨੀ ਜ਼ਿਆਦਾ ਸੁਸਰੀ ਪੈਦਾ ਹੋ ਗਈ ਹੈ ਕਿ ਇਹ ਪਿੰਡ ਵਾਸੀਆਂ ਨੂੰ ਤੰਗ ਕਰਨ ਲੱਗ ਗਈ ਹੈ।
ਧਰਨਾਕਾਰੀਆਂ ਦਾ ਕਹਿਣਾ ਹੈ ਕਿ ਲੋਕਾਂ ਵੱਲੋਂ ਜਥੇਬੰਦੀ ਨੂੰ ਨਾਲ ਲੈ ਕੇ ਵਾਰ-ਵਾਰ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਗਿਆ ਸੀ, ਪਰ ਅਧਿਕਾਰੀਆਂ ਦੇ ਕੰਨ ’ਤੇ ਜੂੰ ਨਹੀਂ ਸਰਕੀ। ਇਸ ਕਾਰਨ ਜਥੇਬੰਦੀ ਨੂੰ ਜਾਮ ਲਗਾਉਣਾ ਪਿਆ ਜਿਸ ਨੂੰ ਛੇਤੀ ਹੀ ਪੁਲੀਸ ਅਧਿਕਾਰੀਆਂ ਨੇ ਖੁਲ੍ਹਵਾ ਲਿਆ। ਜਥੇਬੰਦੀ ਦੇ ਆਗੂ ਮੱਖਣ ਸਿੰਘ ਮਾਨ ਭੈਣੀਬਾਘਾ ਨੇ ਦੋਸ਼ ਲਾਇਆ ਕਿ ਗੁਦਾਮ ਵਿੱਚ ਸਾਂਭ-ਸੰਭਾਲ ਨਾ ਹੋਣ ਕਾਰਨ ਸੁਸਰੀ ਪੈਦਾ ਹੋਈ ਹੈ ਅਤੇ ਇਹ ਗੁਦਾਮ ਹਾਈਵੇਅ ’ਤੇ ਹੋਣ ਕਾਰਨ ਰਾਹਗੀਰਾਂ ਲਈ ਸਿਰਦਰਦੀ ਬਣੀ ਹੋਈ ਹੈ। ਉਨ੍ਹਾਂ ਦੱਸਿਆ ਕਿ ਸੁਸਰੀ ਰਾਤ ਸਮੇਂ ਉੱਡ ਕੇ ਘਰਾਂ ਵਿੱਚ ਜਾਣ ਲੱਗ ਗਈ ਹੈ, ਲੋਕਾਂ ਨੂੰ ਰਾਤ ਨੂੰ ਸੌਣਾ ਦੁੱਭਰ ਹੋ ਗਿਆ ਹੈ ਅਤੇ ਜਦੋਂ ਔਰਤਾਂ ਰੋਟੀ ਬਣਾਉਂਦੀਆਂ ਹਨ ਤਾਂ ਸੁਸਰੀ ਉੱਡ ਕੇ ਆਟੇ ਵਿੱਚ ਆ ਜਾਂਦੀ ਹੈ, ਜਿਸ ਕਾਰਨ ਲੋਕਾਂ ਨੂੰ ਰੋਟੀ ਖਾਣੀ ਮੁਸ਼ਕਲ ਹੋ ਗਈ ਹੈ।
ਧਰਨਾਕਾਰੀਆਂ ਨੇ ਪ੍ਰਸ਼ਾਸਨ ਨੂੰ ਧਿਆਨ ਦੇਣ ਦੀ ਮੰਗ ਕੀਤੀ। ਅਧਿਕਾਰੀਆਂ ਦੇ ਭਰੋਸੇ ਮਗਰੋਂ ਜਾਮ ਖੋਲ੍ਹ ਦਿੱਤਾ ਗਿਆ। ਇਸ ਤੋਂ ਬਾਅਦ ਅਗਲਾ ਸੰਘਰਸ਼ 7 ਸਤੰਬਰ ਨੂੰ ਕਰਨ ਦਾ ਐਲਾਨ ਕੀਤਾ ਗਿਆ ਹੈ।
ਇਸ ਮੌਕੇ ਮਹਿੰਦਰ ਭੈਣੀਬਾਘਾ, ਰਾਜ ਅਕਲੀਆ, ਕੇਵਲ ਮਾਖਾ, ਤਾਰਾ ਸਿੰਘ, ਨਿੱਕਾ ਚਾਹਲ, ਦਰਸ਼ਨ ਨੰਬਰਦਾਰ, ਸੇਵਾ ਸਿੰਘ, ਨੱਥਾ ਸਿੰਘ, ਨਾਇਬ ਸਿੰਘ, ਬਿੰਦਰ, ਬਹਾਲ ਸਿੰਘ ਫੌਜੀ, ਬਬਲਾ ਸਿੰਘ ਤੇ ਨਿੱਕਾ ਸਿੰਘ ਨੇ ਵੀ ਸੰਬੋਧਨ ਕੀਤਾ।

Previous articleਪਾਕਿ ਲੇਖਕਾ ਤਹਿਮੀਨਾ ਅਯੂਬ ਦੀ ਖਾਲਸਾ ਕਾਲਜ ਫੇਰੀ
Next articleਸ਼ਾਖਾ ਦੀ ਸਿਖਲਾਈ ਨਿੱਜੀ ਸੁਰੱਖਿਆ ਕਰਮੀਆਂ ਲਈ ਲਾਹੇਵੰਦ: ਗੋਇਲ